ਨਕੋਦਰ ’ਚ ਗੋਲੀ ਚੱਲੀ, ਇਕ ਜ਼ਖ਼ਮੀ – ਪੰਜਾਬ ਬੰਦ ਦੌਰਾਨ ਦੁਕਾਨਾਂ ਬੰਦ ਕਰਾਉਣ ਨੂੰ ਲੈ ਕੇ ਹੋਇਆ ਵਿਵਾਦ

ਯੈੱਸ ਪੰਜਾਬ
ਜਲੰਧਰ, 7 ਸਤੰਬਰ, 2019:

ਵਾਲਮੀਕ ਭਾਈਚਾਰੇ ਵੱਲੋਂ ‘ਕਲਰਜ਼’ ਟੀ.ਵੀ. ਦੇ ਸੀਰੀਅਲ ‘ਸੀਆ ਰਾਮ ਕੇ ਲਵ ਕੁਸ਼’ ਵਿਚ ਭਗਵਾਨ ਵਾਲਮੀਕ ਦੀ ਜ਼ਿੰਦਗੀ ਦੇ ਤੱਥਾਂ ਨੂੰ ਕਥਿਤ ਤੌਰ ’ਤੇ ਤੋੜ ਮਰੋੜ ਕੇ ਪੇਸ਼ ਕੀਤੇ ਜਾਣ ਦੇ ਵਿਰੋਧ ਵਿਚ ਸਨਿਚਰਵਾਰ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਹੋਏ ਵਿਵਾਦ ਵਿਚ ਗੋਲੀ ਚੱਲਣ ਦੀ ਖ਼ਬਰ ਹੈ।

ਨਕੋਦਰ ਦੇ ਇਕ ਬਜ਼ਾਰ ’ਚ ਦੁਕਾਨਾਂ ਬੰਦ ਕਰਾਉਣ ਗਏ ਭਾਈਚਾਰੇ ਦੇ ਲੋਕਾਂ ਨਾਲ ਵਿਵਾਦ ਹੋਣ ਉਪਰੰਤ ਇਕ ਦੁਕਾਨਦਾਰ ਵੱਲੋਂ ਕਥਿਤ ਤੌਰ ’ਤੇ ਗੋਲੀ ਚਲਾਈ ਗਈ ਜੋ ਪਿੰਡ ਖੁਸਰੋਪੁਰ ਦੇ ਇਕ ਨੌਜਵਾਨ ਗੋਪੀ ਨੂੰ ਲੱਗੀ ਜਿਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਗੋਪੀ ਨੂੰ ਤੁਰੰਤ ਜਲੰਧਰ ਦੇ ਗਲੋਬਲ ਹਸਪਤਾਲ ਵਿਖ਼ੇ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।

ਸੂਚਨਾ ਮਿਲਦਿਆਂ ਹੀ ਭਾਈਚਾਰੇ ਦੇ ਲੋਕ ਆਪਣੇ ਆਗੂਆਂ ਚੰਦਨ ਗਰੇਵਾਲ ਅਤੇ ਦੀਪਕ ਤੇਲੂ ਦੀ ਅਗਵਾਈ ਵਿਚ ਗਲੋਬਲ ਹਸਪਤਾਲ ਪੁੱਜੇ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।

ਐਸ.ਐਸ.ਪੀ. ਜਲੰਧਰ ਦਿਹਾਤੀ ਸ: ਨਵਜੋਤ ਸਿੰਘ ਮਾਹਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਬੰਦ ਦੌਰਾਨ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਕੁਝ ਵਿਅਕਤੀਆਂ ਵੱਲੋਂ ਇਥ ਜਗ੍ਹਾ ਦੁਕਾਨ ਬੰਦ ਕਰਾਏ ਜਾਣ ਨੂੂੰ ਲੈ ਕੇ ਹੋਏ ਵਿਵਾਦ ਮਗਰੋਂ ਦੁਕਾਨਦਾਰ ਨੇ ਆਪਣੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਉਹਨਾਂ ਨੇ ਵੀ ਇਹ ਪੁਸ਼ਟੀ ਕੀਤੀ ਕਿ ਜਿਸ ਵਿਅਕਤੀ ਨੂੰ ਗੋਲੀ ਲੱਗੀ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਏ.ਡੀ.ਸੀ.ਪੀ. ਸ: ਪਰਮਿੰਦਰ ਸਿੰਘ ਭੰਡਾਲ ਜਲੰਧਰ ਵਿਚ ਗਲੋਬਲ ਹਸਪਤਾਲ ਪੁੱਜੇ ਅਤੇ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ।

Share News / Article

Yes Punjab - TOP STORIES