ਧਾਰਮਿਕ ਸਮਾਗਮ ਹਮੇਸ਼ਾਂ ਧਾਰਮਿਕ ਸੰਸਥਾਵਾਂ ਹੀ ਕਰਵਾਉਂਦੀਆਂ ਹਨ: ਹਰਸਿਮਰਤ ਬਾਦਲ

ਸੁਲਤਾਨਪੁਰ ਲੋਧੀ, 14 ਸਤੰਬਰ, 2019 –

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਧਾਰਮਿਕ ਸਮਾਗਮ ਹਮੇਸ਼ਾਂ ਧਾਰਮਿਕ ਸੰਸਥਾਵਾਂ ਹੀ ਕਰਵਾਉਂਦੀਆਂ ਹਨ ਅਤੇ ਕਿਸੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੇ ਸਾਂਝੀਵਾਲਤਾ ਦੇ ਸੰਦੇਸ਼ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

ਇੱਥੇ ਗੁਰਦੁਆਰਾ ਬੇਰ ਸਾਹਿਬ ਵਿਖੇ ਸੇਵਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਸਰਕਾਰ ਨੂੰ ਖੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਪਰ ਨਹੀਂ ਮੰਨਣਾ ਚਾਹੀਦਾ। ਉਹਨਾਂ ਕਿਹਾ ਕਿ ਸਾਡੀ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਸੰਬੰਧੀ ਆਪਣੀ ਇੱਕ ਰਵਾਇਤ ਅਤੇ ਮਰਿਆਦਾ ਹੈ। ਇਸ ਰਵਾਇਤ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਵਿਖੇ ਮਨਾਏ ਗਏ 350ਵੇਂ ਪਰਕਾਸ਼ ਪੁਰਬ ਦੌਰਾਨ ਵੀ ਕਾਇਮ ਰੱਖੀ ਗਈ ਸੀ, ਜਦੋਂ ਐਸਜੀਪੀਸੀ ਅਤੇ ਸ੍ਰੀ ਪਟਨਾ ਸਾਹਿਬ ਕਮੇਟੀ ਵਲੋਂ ਸਟੇਜ ਲਾਈ ਗਈ ਸੀ।

ਇਹ ਟਿੱਪਣੀ ਕਰਦਿਆਂ ਕਿ ਇਹ ਫੈਸਲਾ ਸਿੱਖ ਸੰਗਤ ਕਰੇਗੀ ਕਿ ਕੋਣ ਸਰਬਉੱਚ ਹੈ- ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਕੋਈ ਵਿਅਕਤੀ ਜਾਂ ਪਾਰਟੀ, ਬੀਬਾ ਬਾਦਲ ਨੇ ਕਿਹਾ ਕਿ ਗੁਰੂ ਸਾਹਿਬ ਨੇ ਇਹ ਸਫ਼ਰ ਨਨਕਾਣਾ ਸਾਹਿਬ ਤੋਂ ਸ਼ੁਰੂ ਕੀਤਾ ਸੀ ਅਤੇ ਉਹ 550ਵੇਂ ਪਰਕਾਸ਼ ਪੁਰਬ ਮਨਾਉਣ ਲਈ ਕੀਤੇ ਜਾ ਰਹੇ ਸਮਾਗਮਾਂ ਦੀਆਂ ਆਖਰੀ ਕੜੀਆਂ ਵਜੋਂ ਗੁਰੂ ਨਾਨਕ ਦੇਵ ਜੀ ਸਟੇਡੀਅਮ ਵਿਖੇ ਬਿਰਾਜਮਾਨ ਹੋਣਗੇ। ਉਹਨਾਂ ਕਿਹਾ ਕਿ ਇੱਥੇ ਸਿੱਖ ਸੰਗਤ ਲਈ ਇੱਕ ਸਟੇਜ ਹੋਵੇਗੀ ਅਤੇ ਸਾਰੇ ਉੱਥੇ ਹੀ ਇਕੱਠੇ ਹੋਣਗੇ।

ਕੇਂਦਰ ਵੱਲੋਂ ਪ੍ਰਸਤਾਵਿਤ ਸਮਾਰਟ ਸਿਟੀ ਪ੍ਰਾਜੈਕਟ ਉੱਤੇ ਕੰਮ ਸ਼ੁਰੂ ਹੋਣ ਸੰਬੰਧੀ ਪੁੱਛੇ ਜਾਣ ਤੇ ਬੀਬਾ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਪ੍ਰਾਜੈਕਟ ਵਿਉਂਤਿਆ ਹੈ ਅਤੇ 270 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਵਾਸਤੇ ਹੁਣ ਸੂਬਾ ਸਰਕਾਰ ਨੂੰ 135 ਕਰੋੜ ਜਾਰੀ ਕਰ ਚੁੱਕੀ ਹੈ। ਆਓ ਵੇਖਦੇ ਹਾਂ ਕਿ ਸੂਬਾ ਸਰਕਾਰ ਕਦੋਂ ਇਸ ਸਕੀਮ ਵਿਚ ਆਪਣੇ ਹਿੱਸੇਦਾਰੀ ਪਾਉਂਦੀ ਹੈ।

ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਖ ਵੱਖ ਪ੍ਰਾਜੈਕਟਾਂ ਬਾਰੇ ਦੱਸਦਿਆਂ ਬੀਬਾ ਬਾਦਲ ਨੇ ਕਿਹਾ ਕਿ 520ਕਰੋੜ ਰੁਪਏ ਦਾ ਕਰਤਾਰਪੁਰ ਸਾਹਿਬ ਲਾਂਘਾ ਸਕੀਮ ਪੂਰੀ ਤਰ੍ਹਾਂ ਇੱਕ ਕੇਂਦਰੀ ਪ੍ਰਾਜੈਕਟ ਹੈ। ਇਸ ਵਿਚ ਇੱਕ ਆਧੁਨਿਕ ਚੈੱਕ ਪੋਸਟ ਅਤੇ ਪਸੰਜਰ ਟਰਮੀਨਲ ਬਣਾਉਣਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਦਿੱਲੀ ਵਿਖੇ ਇੱਕ ਕੌਮਾਂਤਰੀ ਸੈਮੀਨਾਰ ਅਤੇ ਦੇਸ਼ ਭਰ ਵਿਚ 100 ਸੈਮੀਨਾਰ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਮੌਕੇ ਗੁਰੂ ਸਾਹਿਬ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਉੱਤੇ 15-20 ਕਿਤਾਬਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਮੋਬਾਇਲ ਪ੍ਰਦਰਸ਼ਨੀਆਂ, ਯਾਦਗਾਰੀ ਡਾਕ ਟਿਕਟਾਂ ਅਤੇ ਦੁਨੀਆਂ ਭਰ ਵਿਚ ਸਮਾਗਮ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਹੋਰ ਵੀ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਕਾਂਗਰਸੀ ਸਰਕਾਰਾਂ ਵੱਲੋਂ ਪਿਛਲੇ 70 ਸਾਲਾਂ ਦੌਰਾਨ ਕੀਤੀਆਂ ਗੜਬੜਾਂ ਨੂੰ ਵੀ ਦੂਰ ਕੀਤਾ ਹੈ। ਉਹਨਾਂ ਕਿਹਾ ਕਿ ਐਨਡੀਏ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਕਰਤਾਰਪੁਰ ਸਾਹਿਬ ਲਾਂਘਾ ਦਾ ਨਿਰਮਾਣ ਸ਼ੁਰੂ ਕੀਤਾ ਹੈ। 1984 ਨਸਲਕੁਸ਼ੀ ਦੇ ਕੇਸਾਂ ਵਿਚ ਇਨਸਾਫ ਦਾ ਪਹੀਆ ਘੁੰਮਣਾ ਸ਼ੁਰੂ ਹੋ ਗਿਆ ਹੈ, ਐਨਡੀਏ ਸਰਕਾਰ ਦੁਆਰਾ ਬਣਾਈ ਸਿਟ ਮਗਰੋ ਉਹ ਕੇਸ ਦੁਬਾਰਾ ਖੁੱਲ੍ਹਣੇ ਸ਼ੁਰੂ ਹੋ ਗਏ ਹਨ, ਜਿਹਨਾਂ ਵਿਚ ਕਾਂਗਰਸੀ ਆਗੂ ਸ਼ਾਮਿਲ ਸਨ ਅਤੇ ਦਿੱਲੀ ਵਿਚ ਸਿੱਖਾਂ ਦੇ ਸਮੂਹਿਕ ਕਤਲੇਆਮ ਦੇ ਕੇਸਾਂ ਦੀ ਦੁਬਾਰਾ ਜਾਂਚ ਸ਼ੁਰੂ ਹੋ ਗਈ ਹੈ।

ਬੀਬਾ ਬਾਦਲ, ਜਿਹਨਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਸੇਵਾ ਵੀ ਕੀਤੀ, ਨੇ ਕਿਹਾ ਕਿ ਜਦੋਂ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਸ਼ਤਾਬਦੀ ਸਮਾਗਮਾਂ ਦੇ ਮੌਕੇ ਉੱਤੇ ਇਸ ਸ਼ਹਿਰ ਦੇ ਸੁੰਦਰੀਕਰਨ ਲਈ ਕੁੱਝ ਨਹੀਂ ਕੀਤਾ ਜਾ ਰਿਹਾ ਤਾਂ ਇਸ ਨੇ 15 ਦਿਨ ਪਹਿਲਾਂ ਇਸ ਪਵਿੱਤਰ ਸ਼ਹਿਰ ਦੇ ਸਫੈਦੀਕਰਨ ਦੀ ਸੇਵਾ ਸ਼ੁਰੂ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਇਸ ਉਪਰਾਲੇ ਨੇ ਕਾਂਗਰਸ ਪਾਰਟੀ ਨੂੰ ਮਜ਼ਬੂਰ ਕਰ ਦਿੱਤਾ ਅਤੇ ਇਸ ਸ਼ਹਿਰ ਦੇ ਸੁੰਦਰੀਕਰਨ ਦੀ ਸੇਵਾ ਵਿਚ ਭਾਗ ਲੈਣ ਲਈ ਆਖਿਰ ਸਰਕਾਰ ਵੀ ਪੁੱਜ ਗਈ।

ਇਸ ਮੌਕੇ ਬੀਬਾ ਬਾਦਲ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਸ਼ਹਿਰ ਦੀਆਂ ਸੜਕਾਂ ਉੱਤੇ ਬੂਟੇ ਵੀ ਲਗਾਏ। ਸੀਨੀਅਰ ਅਕਾਲੀ ਆਗੂ ਬੀਬੀ ਉਪਿੰਦਰਜੀਤ ਕੌਰ, ਬੀਬੀ ਜਗੀਰ ਕੌਰ ਦਰਬਾਰਾ ਸਿੰਘ ਗੁਰੂ ਅਤੇ ਐਨਕੇ ਸ਼ਰਮਾ ਵੀ ਇਸ ਮੌਕੇ ਉੱਤੇ ਮੌਜੂਦ ਸਨ।

Share News / Article

Yes Punjab - TOP STORIES