ਧਰਨਿਆਂ ਦੀ ਰਾਜਨੀਤੀ ’ਤੇ ਕੈਪਟਨ ਨੇ ਅਕਾਲੀਆਂ ਨੂੰ ਘੇਰਿਆ, ਕਿਹਾ ਸਿਆਸੀ ਸਟੰਟ ਤੁਹਾਡੇ ਮਾੜੇ ਰਿਕਾਰਡ ਨੂੰ ਲੁਕਾ ਨਹੀਂ ਸਕਦੇ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ, 4 ਜਨਵਰੀ, 2020:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਅਕਾਲੀ ਦਲ ਵੱਲੋਂ ਸੂਬੇ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਉਤੇ ਪ੍ਰਦਰਸ਼ਨ ਕਰਨ ਦੀ ਦਿੱਤੀ ਧਮਕੀ ਅਤੇ ਦੋ ਸਾਬਕਾ ਅਕਾਲੀ ਸਰਪੰਚਾਂ ਦੇ ਕਤਲ ਦੇ ਮਾਮਲੇ ਵਿੱਚ ਦਿੱਤੇ ਅਲਟੀਮੇਟਮ ਉਤੇ ਘੇਰਦਿਆਂਅਜਿਹੇ ਸ਼ਰਮਨਾਕ ਸਿਆਸੀ ਸਟੰਟ ਤੋਂ ਬਾਜ ਆਉਣ ਦੀ ਨਸੀਹਤ ਦਿੱਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਵੱਲੋਂ ਦੋਵਾਂ ਮੁੱਦਿਆਂ ਉਤੇ ਸੜਕਾਂ ਉਤੇ ਉਤਰਨ ਦੀ ਧਮਕੀ ਦੇਣਾ ਮਹਿਜ਼ ਡਰਾਮਾ ਹੈ ਜਿਹੜਾ ਆਪਣੇ 10 ਸਾਲ ਦੇ ਕੁਕਰਮਾਂ ਤੇ ਮਾੜੇ ਪ੍ਰਸ਼ਾਸਨ ਨੂੰ ਲੁਕਾਉਣ ਦੀ ਮਹਿਜ਼ ਇਕ ਕੋਸ਼ਿਸ਼ ਹੈ ਅਤੇ ਆਪਣੇ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਚੁੱਕਿਆ ਇਕ ਕਦਮ ਹੈ। ਉਨਾਂ ਅਕਾਲੀਆਂ ਨੂੰ ਕਿਹਾ, ‘‘ਤੁਸੀਂ ਅਜਿਹੇ ਸਿਆਸੀ ਡਰਾਮਿਆਂ ਨਾਲ ਆਪਣੇ ਕੀਤੇ ਮਾੜੇ ਕੰਮਾਂ ਨੂੰ ਨਹੀਂ ਲੁਕਾ ਸਕਦੇ।’’

ਅਕਾਲੀ ਦਲ ਵੱਲੋਂ ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਤੇ ਦਲਬੀਰ ਸਿੰਘ ਢਿੱਲਵਾਂ ਦੇ ਕਾਤਲਾਂ ਨੂੰ ਦੋ ਹਫਤੇ ਤੱਕ ਗਿ੍ਰਫਤਾਰ ਨਾ ਕਰਨ ਦੀ ਸੂਰਤ ਵਿੱਚ ਧਰਨੇ ਦੇਣ ਦੀ ਦਿੱਤੀ ਧਮਕੀ ਉਤੇ ਵਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਮੁਕਾਬਲੇ ਮੌਜੂਦਾ ਸਰਕਾਰ ਦੌਰਾਨ ਪੇਚੀਦਾ ਤੇ ਮਹੱਤਵਪੂਰਨ ਕੇਸਾਂ ਨੂੰ ਹੱਲ ਕਰਨ ਵਿੱਚ ਵਧੀਆ ਕੰਮ ਕਰ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਕਠੋਰ ਅਲਟੀਮੇਟਮ ਅਕਾਲੀ ਸਰਕਾਰ ਦੌਰਾਨ ਹੀ ਕੰਮ ਕਰਦੇ ਹੋਣਗੇ ਜਦੋਂ ਅਨੇਕਾਂ ਬੇਗੁਨਾਹ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਂਦਾ ਸੀ ਪ੍ਰੰਤੂ ਉਨਾਂ (ਮੌਜੂਦਾ ਸਰਕਾਰ) ਦੇ ਕਾਰਜਕਾਲ ਵਿੱਚ ਕਿਸੇ ਵੀ ਬੇਕਸੂਰ ਵਿਅਕਤੀ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਨੇ ਕੋਈ ਗੁਨਾਹ ਨਾ ਕੀਤਾ ਹੋਵੇ।

ਪੁਲਿਸ ਪੂਰੀ ਪੇਸ਼ੇਵਾਰਨਾ ਪਹੁੰਚ ਨਾਲ ਆਪਣਾ ਕੰਮ ਕਰ ਰਹੀ ਹੈ ਅਤੇ ਦੋਵੇਂ ਕੇਸਾਂ ਵਿੱਚ ਜਾਂਚ ਦਾ ਕੰਮ ਪੂਰੀ ਸਹੀ ਦਿਸ਼ਾ ਵਿੱਚ ਚੱਲ ਰਿਹਾ ਹੈ। ਉਨਾਂ ਕਿਹਾ ਕਿ ਇਹ ਕੇਸ ਵੀ ਉਵੇਂ ਹੀ ਹੱਲ ਹੋ ਜਾਣਗੇ ਜਿਵੇਂ ਉਨਾਂ ਦੀ ਸਰਕਾਰ ਵੱਲੋਂ ਹੋਰ ਵੱਡੇ ਕੇਸਾਂ ਨੂੰ ਹੱਲ ਕੀਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਸਰਕਾਰ ਵੇਲੇ ਦੀਆਂ ਨਾਕਾਮੀਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਅਕਾਲੀ ਸਰਕਾਰ ਆਪਣੇ ਕਾਰਜਕਾਲ ਦੌਰਾਨ ਲੜੀਵਾਰ ਕਤਲਾਂ ਦੇ ਵੱਡੇ ਮਾਮਲਿਆਂ ਵਿੱਚੋਂ ਕੋਈ ਵੀ ਕੇਸ ਹੱਲ ਕਰਨ ਵਿੱਚ ਨਾਕਾਮ ਰਹੀ ਸੀ ਜਿਹੜੇ ਜਨਵਰੀ 2016 ਵਿੱਚ ਸ਼ੁਰੂ ਹੋਏ ਸਨ ਜਿਨਾਂ ਵਿੱਚ ਬਿ੍ਰਗੇਡੀਅਰ ਗਗਨੇਜਾ ਦਾ ਕਤਲ ਪ੍ਰਮੁੱਖ ਸੀ।

ਉਨਾਂ ਕਿਹਾ ਕਿ ਅਕਾਲੀਆਂ ਦੇ ਰਾਜ ਦੌਰਾਨ ਵਿੱਕੀ ਗੌਂਡਰ, ਪ੍ਰੇਮਾ ਲਹੌਰੀਆ ਵਰਗੇ ‘ਏ’ ਕੈੈਟੇਗਰੀ ਦੇ ਗੈਂਗਸਟਰ ਖੁੱਲੇਆਮ ਘੁੰਮਦੇ ਸਨ ਜੋ ਅਕਾਲੀਆਂ ਦੇ ਜੰਗਲ ਰਾਜ ਦੀ ਗਵਾਹੀ ਭਰਦੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਅਕਾਲੀ-ਭਾਜਪਾ ਸਰਕਾਰ ਸਾਰੇ ਔਖੇ ਕੇਸਾਂ ਨੂੰ ਸੀ.ਬੀ.ਆਈ. ਕੋਲ ਭੇਜਣ ਵਿੱਚ ਮਾਹਿਰ ਸੀ। ਇਹ ਲੜੀਵਾਰ ਕਤਲ ਚਾਹੇ ਆਰ.ਐਸ.ਐਸ. ਤੇ ਹਿੰਦੂ ਆਗੂਆਂ ਜਾਂ ਗੈਂਗਸਟਰਾਂ ਜਾਂ ਹੋਰ ਨਾਮਧਾਰੀਆਂ ਨਾਲ ਸਬੰਧਤ ਸਨ ਜਿਨਾਂ ਵਿੱਚ ਮਾਤਾ ਚੰਦ ਕੌਰ ਦਾ ਕਤਲ ਵੀ ਸ਼ਾਮਲ ਸੀ।

ਨੈਸ਼ਨਲ ਕਰਾਈਮ ਰਿਕਾਰਡਜ਼ ਬਿੳੂਰੋ ਦੀ ਨਵੰਬਰ 2016 ਦੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਸਾਲ 2015 ਦੇ ਅੰਤ ਤੱਕ ਪੰਜਾਬ ਵਿੱਚ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੇਸਾਂ ਵਿੱਚੋਂ 44.7 ਫੀਸਦੀ ਕੇਸ ਹੱਲ ਨਹੀਂ ਹੋਏ ਸਨ। ਇਸ ਮਾੜੇ ਰਿਕਾਰਡ ਵਿੱਚ ਪੰਜਾਬ ਤੋਂ ਅੱਗੇ ਸਿਰਫ ਤਿੰਨ ਉਤਰੀ ਪੂਰਬੀ ਸੂਬੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਵੱਲੋਂ ਵਿਰਾਸਤ ਵਿੱਚ ਮਿਲੀ ਅਮਨ ਕਾਨੂੰਨ ਦੀ ਮਾੜੀ ਵਿਵਸਥਾ ਦੇ ਬਾਵਜੂਦ ਉਨਾਂ ਦੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸ਼ਾਂਤੀ ਤੇ ਸੁਰੱਖਿਆ ਦੇ ਮਾਹੌਲ ਦੇਣ ਲਈ ਵੱਖ-ਵੱਖ ਵੱਡੇ ਕੇਸਾਂ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਉਨਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ 1.33 ਕਰੋੜ ਰੁਪਏ ਦੀ ਕੈਸ਼ ਵੈਨ ਲੁੱਟਣ ਵਾਲੇ ਅਪਰਾਧੀਆਂ ਨੂੰ ਗਿ੍ਰਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਸੱਤ ਵੱਡੇ ਕਤਲ ਕੇਸਾਂ ਨੂੰ ਹੱਲ ਕੀਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਨਾਭਾ ਜੇਲ ਬਰੇਕ ਦੇ ਜ਼ਿਆਦਾਤਰ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇਸੇ ਤਰਾਂ ਨਿਰੰਕਾਰੀ ਭਵਨ ਤੇ ਮਕਸੂਦਾ ਪੁਲਿਸ ਥਾਣੇ ਦੇ ਹਮਲਾਵਰਾਂ ਨੂੰ ਜਲਦੀ ਲੱਭ ਕੇ ਗਿ੍ਰਫਤਾਰ ਕੀਤਾ ਗਿਆ। ਜਿੱਥੋਂ ਤੱਕ ਗੈਂਗਸਟਰਾਂ ਨਾਲ ਨਜਿੱਠਣ ਦਾ ਸਬੰਧ ਹੈ, ‘ਏ’ ਤੇ ‘ਬੀ’ ਕੈਟੇਗਰੀ ਦੇ 33 ਗੈਂਗਸਟਰਾਂ ਨੂੰ ਗਿ੍ਰਫਤਾਰ ਕੀਤਾ ਗਿਆ। ਕੁੱਲ ਮਿਲਾ ਕੇ 100 ਦੇ ਕਰੀਬ ਕਤਲ, ਲੁੱਟ-ਖੋਹ ਆਦਿ ਦੇ ਵੱਡੇ ਕੇਸਾਂ ਨੂੰ ਹੱਲ ਕੀਤਾ ਗਿਆ।

ਮੁੱਖ ਮੰਤਰੀ ਨੇ ਅਕਾਲੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ, ‘‘ਤੁਸੀਂ ਸਾਨੂੰ ਅਲਟੀਮੇਟਮ ਦੇਣ ਦੀ ਗੱਲ ਕਰ ਰਹੇ ਹੋ। ਤੁਸੀਂ ਆਪਣੇ ਰਾਜ ਦੌਰਾਨ ਹੱਲ ਕੀਤਾ ਸਿਰਫ ਇਕ ਵੀ ਵੱਡਾ ਕੇਸ ਗਿਣਵਾਓ।’’

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਵੱਲੋਂ ਬਿਜਲੀ ਦਰਾਂ ਵਿੱਚ ਵਾਧੇ ਉਤੇ ਕੀਤੀ ਜਾ ਰਹੀ ਸਿਆਸਤ ਉਤੇ ਵੀ ਘੇਰਦਿਆਂ ਕਿਹਾ, ‘‘ਤੁਸੀਂ ਸਾਡੇ ਬਾਰੇ ਬੋਲਣ ਤੋਂ ਪਹਿਲਾਂ ਆਪਣਾ ਰਿਕਾਰਡ ਕਿਉ ਨਹੀਂ ਦੇਖਦੇ।’’ ਉਨਾਂ ਅਕਾਲੀ ਆਗੂਆਂ ਨੂੰ ਦੱਸਿਆ ਕਿ 2007 ਤੋਂ 2017 ਤੱਕ ਅਕਾਲੀ ਰਾਜ ਦੌਰਾਨ ਬਿਜਲੀ ਦਰਾਂ ਵਿੱਚ ਵਾਧਾ ਮੌਜੂਦਾ ਸਰਕਾਰ ਵੇਲੇ ਹੋਏ ਵਾਧਿਆਂ ਨਾਲੋਂ ਵੱਧ ਸੀ।

ਉਨਾਂ ਅੰਕੜੇ ਦਿਖਾਉਦਿਆਂ ਅੱਗੇ ਦੱਸਿਆ ਕਿ ਅਕਾਲੀ-ਭਾਜਪਾ ਰਾਜ ਦੌਰਾਨ 2006-07 ਵਿੱਚ 2001-02 ਮੁਕਾਬਲੇ 22.51 ਫੀਸਦੀ ਵਾਧਾ ਹੋਇਆ, 2011-12 ਵਿੱਚ 2006-07 ਮੁਕਾਬਲੇ 42.13 ਫੀਸਦੀ, 2016-17 ਵਿੱਚ 2011-12 ਮੁਕਾਬਲੇ 24.77 ਫੀਸਦੀ ਵਾਧਾ ਹੋਇਆ। ਇਸੇ ਦੇ ਮੁਕਾਬਲੇ ਮੌਜੂਦਾ ਸਰਕਾਰ ਵਿੱਚ 2019-20 ਵਿੱਚ 2016-17 ਮੁਕਾਬਲੇ ਮਹਿਜ਼ 13.69 ਫੀਸਦੀ ਵਾਧਾ ਹੋਇਆ ਸੀ।

ਉਨਾਂ ਅੱਗੇ ਕਿਹਾ ਕਿ ਅਕਾਲੀਆਂ ਨੇ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਲਈ 2015-16 ਵਿੱਚ ਬਿਜਲੀ ਦਰਾਂ ਅਤੇ ਐਫ.ਸੀ.ਏ. (ਫਿੳੂਲ ਕੌਸਟ ਐਡਜਸਟਮੈਂਟ) ਸਰਚਾਰਜ ਨਹੀਂ ਵਧਾਇਆ ਜਦੋਂ ਕਿ 2016-17 ਵਿੱਚ ਇਸ ਨੂੰ -0.65 ਘਟਾ ਦਿੱਤਾ ਗਿਆ ਜਿਸ ਦੇ ਨਤੀਜੇ ਵਜੋਂ 2017-18 ਵਿੱਚ 9.33 ਫੀਸਦੀ ਦਾ ਵਾਧਾ ਹੋਇਆ ਜੋ ਕਿ ਥੋੜਾਂ ਜਿਹਾ ਵੱਧ ਸੀ। ਇਸ ਤੋਂ ਬਾਅਦ ਇਹ ਵਾਧਾ ਬਹੁਤ ਘੱਟ ਸੀ। 2017-18 ਵਿੱਚ 2.17 ਫੀਸਦੀ ਤੇ 2018-19 ਵਿੱਚ 1.78 ਫੀਸਦੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਕਾਰਜਕਾਲ ਦੌਰਾਨ ਹੋਏ ਮਾੜੇ ਪ੍ਰਬੰਧ ਤੇ ਨਾਕਾਬਲੀਅਤ ਦੇ ਅਸਰ ਨੂੰ ਮੌਜੂਦਾ ਸਰਕਾਰ ਨੇ ਤਿੰਨ ਸਾਲ ਤੋਂ ਘੱਟ ਸਮੇਂ ਦੇ ਅੰਦਰ ਖਤਮ ਕੀਤਾ ਗਿਆ। ਉਨਾਂ ਦੀ ਸਰਕਾਰ ਨੇ ਪੰਜਾਬ ਨੂੰ ਮਾੜੇ ਹਾਲਤਾਂ ਵਿੱਚੋਂ ਕੱਢਦਿਆਂ ਪ੍ਰਗਤੀਸ਼ੀਲ ਸੂਬਾ ਬਣਾਇਆ ਅਤੇ ਅਰਾਜਕਤਾ ਵਾਲਾ ਮਾਹੌਲ ਹੁਣ ਬੀਤੇ ਦੀ ਗੱਲ ਹੋ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ, ‘‘ਸੜਕਾਂ ਉਤੇ ਧਰਨੇ ਦੇ ਕੇ ਤੁਸੀਂ ਲੋਕਾਂ ਦੇ ਦਿਲ ਨਹੀਂ ਜਿੱਤ ਸਕਦੇ ਜਿਨਾਂ ਨੂੰ ਪਤਾ ਹੈ ਕਿ ਤੁਸੀਂ ਸਿਰਫ ਮੱਗਰਮੱਛ ਦੇ ਹੰਝੂ ਹੀ ਵਹਾ ਰਹੇ ਹਨ ਅਤੇ ਲੋਕ ਤੁਹਾਡਾ ਕਦੇ ਵਿਸ਼ਵਾਸ ਨਹੀਂ ਕਰਨਗੇ।’’


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •