ਦੋ ਕਾਰਾਂ ਵਿੱਚ ਹੋਈ ਟੱਕਰ ਵਿੱਚ ਨੌਜਵਾਨ ਪੰਜਾਬ ਪੁਲਿਸ ਕਰਮੀ ਅਤੇ ਪਤਨੀ ਦੀ ਦਰਦਨਾਕ ਮੌਤ, ਦੋ ਹੋਰ ਜ਼ਖ਼ਮੀ

ਯੈੱਸ ਪੰਜਾਬ
ਜਲੰਧਰ, 13 ਦਸੰਬਰ, 2021:
ਸੋਮਵਾਰ ਸਵੇਰੇ ਜਲੰਧਰ ਪਠਾਨਕੋਟ ਮੁੱਖ ਮਾਰਗ ’ਤੇ ਭੋਗਪੁਰ ਦੇ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਇਕ ਸਿਪਾਹੀ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ।

ਮ੍ਰਿਤਕਾਂ ਦੀ ਪਛਾਣ ਪੰਜਾਬ ਪੁਲਿਸ ਦੇ ਏ.ਐਸ.ਆਈ. ਜਸਵਿੰਦਰ ਸਿੰਘ (27) ਪੁੱਤਰ ਅੰਮ੍ਰਿਤ ਲਾਲ ਵਾਸੀ ਉੜਮੁੜ ਟਾਂਡਾ ਅਤੇ ਉਸਦੀ ਪਤਨੀ ਜਸਬੀਰ ਕੌਰ (24) ਵਜੋਂ ਹੋਈ ਹੈ। ਇਸ ਦਰਦਨਾਕ ਹਾਦਸੇ ਵਿੱਚ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਆਪੜੇ ਪਿੰਡ ਉੜਮੁੜ ਪੁਲਿਸ ਥਾਣਾ ਟਾਂਡਾ ਆਪਣੀ ਪਤਨੀ ਦੀ ਦਵਾਈ ਲੈਣ ਲਈ ਜਲੰਧਰ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ।

ਪਤੀ, ਪਤਨੀ ਦੋਵੇਂ ਆਪਣੀ ਸਵਿਫ਼ਟ ਕਾਰ ਪੀ.ਬੀ.07 ਏ ਜੇ 9969 ਵਿੱਚ ਸਵਾਰ ਸਨ ਅਤੇ ਭੋਗਪੁਰ ਡੱਲੀ ਕੋਲ ਪੁੱਜਦੇ ਹੀ ਜਲੰਧਰ ਵੱਲੋਂ ਆ ਰਹੀ ਪੋਲੋ ਕਾਰ ਨੰਬਰ ਪੀ.ਬੀ.09 ਐਨ 3440 ਕਾਰ ਨਾਲ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਸਵਿਫ਼ਟ ਕਾਰ ਦੇ ਪਰਖੱਚੇ ਉੱਡ ਗਏ।

ਇਸ ਘਟਨਾ ਵਿੱਚ ਪੋਲ ਵਿੱਚ ਸਵਾਰ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ