ਦੇਸ਼ ਦੀ ਬਿਹਤਰੀ ਲਈ ਇੰਜੀਨੀਅਰਜ਼ ਨੂੰ ਤਾਕਤਵਰ ਬਣਾਉਣ ਲਈ ਵਿਸ਼ੇਸ਼ ਧਿਆਨ ਦੇਣ ਸਰਕਾਰਾਂ: ਪੰਜਾਬੀ ਇੰਜੀਨੀਅਰਜ਼ ਵੈਲਫ਼ੇਅਰ ਸੋਸਾਇਟੀ

ਐਸ.ਏ.ਐਸ ਨਗਰ, 15 ਸਤੰਬਰ, 2020 –

ਪੰਜਾਬੀ ਇੰਜੀਨੀਅਰਜ਼ ਵੈਲਫੇਅਰ ਸੋਸਾਇਟੀ (ਪਿਊਸ) ਵੱਲੋਂ 53 ਵਾਂ ਇੰਜੀਨੀਅਰਜ਼ ਦਿਵਸ ਪੁੱਡਾ ਭਵਨ, ਸੈਕਟਰ-62, ਐਸ.ਏ.ਐਸ ਨਗਰ ਵਿਖੇ ਮਨਾਇਆ ਗਿਆ, ਜਿਸ ਵਿੱਚ ਪੰਜਾਬ ਸਰਕਾਰ ਦੇ ਪ੍ਰਮੁੱਖ ਵਿਭਾਗਾ ਦੇ ਇੰਜੀਨੀਅਰਜ਼ ਵੱਲੋਂ ਇੰਜੀ. ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰਈਆ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਕੋਵਿਡ-19 ਦੇ ਕਾਰਨ ਇਸ ਵਾਰ ਪਿਛਲੇ ਸਾਲਾਂ ਵਾਂਗ ਇੰਜੀਨੀਅਰਜ਼ ਦਾ ਇਕੱਠ ਕਰਨ ਦੀ ਬਜਾਏ, ਪੰਜਾਬ ਅਤੇ ਚੰਡੀਗੜ੍ਹ ਦੇ ਹਜ਼ਾਰਾਂ ਇੰਜੀਨੀਅਰਜ਼ ਨੇ ਇਸ ਪ੍ਰੋਗਰਾਮ ਵਿੱਚ ਆਨ-ਲਾਈਨ ਹਾਜ਼ਰੀ ਭਰੀ। ਇਸ ਪ੍ਰੋਗਰਾਮ ਵਿੱਚ ਜਿੱਥੇ ਫਾਈਬਰ ਆਪਟਿਕਸ ਦੇ ਪਿਤਾਮਾ ਇੰਜੀ. ਨਰਿੰਦਰ ਸਿੰਘ ਕਪਾਨੀ ਨੇ ਪੰਜਾਬੀ ਇੰਜੀਨੀਅਰਜ਼ ਵੈਲਫੇਅਰ ਸੋਸਾਇਟੀ ਨੂੰ ਇੰਜੀਨੀਅਰ ਦਿਵਸ ਤੇ ਵਧਾਈ ਦਾ ਲਿਖਤੀ ਸੰਦੇਸ਼ ਭੇਜਿਆ, ਉੱਥੇ ਆਈ.ਆਈ.ਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਸਰਿਤ ਕੁਮਾਰ ਦਾਸ ਅਤੇ ਉੱਘੇ ਸਪੀਕਰ ਇੰਜੀਨੀਅਰ ਸੁਰਿੰਦਰ ਸੇਠ ਨੇ ਆਨ-ਲਾਈਨ ਇੰਜੀਨੀਅਰਜ਼ ਦੇ ਰੂਬਰੂ ਹੋ ਕੇ ਹਾਜ਼ਰੀ ਭਰੀ।

ਇੰਜੀ. ਦਾਸ ਨੇ ਕਿਹਾ ਕਿ ਮਨੁੱਖ ਅਤੇ ਦੇਸ਼ ਦੀ ਤਰੱਕੀ ਦਾ ਕੋਈ ਵੀ ਪਹਿਲੂ ਅਜਿਹਾ ਨਹੀਂ ਹੈ ਜੋ ਕਿ ਇੰਜੀਨੀਅਰ ਦੀਆਂ ਸੇਵਾਵਾਂ ਤੋਂ ਬਿਨ੍ਹਾਂ ਸੰਭਵ ਹੋ ਸਕੇ। ਪਿਊਸ ਦੇ ਪ੍ਰਧਾਨ ਇੰਜੀਨੀਅਰ ਮਨਮੋਹਨ ਸਿੰਘ ਨੇ ਇਸ ਦੌਰਾਨ ਕਿਹਾ ਕਿ ਦੇਸ਼ ਦੀ ਬਿਹਤਰੀ ਲਈ ਇੰਜੀਨੀਅਰਜ਼ ਦਾ ਤਾਕਤਵਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਵੱਲ ਵਿਸ਼ੇਸ ਧਿਆਨ ਦੇਣ।

ਉਨ੍ਹਾਂ ਕਿਹਾ ਕਿ ਜੋ ਸਰਕਾਰਾਂ ਸੋਚਦੀਆਂ ਹਨ, ਇੰਜੀਨੀਅਰਜ਼ ਉਸ ਨੂੰ ਅਸਲੀਅਤ ਵਿੱਚ ਬਦਲ ਦਿੰਦੇ ਹਨ। ਇਸ ਲਈ ਉਨ੍ਹਾਂ ਦਾ ਯੋਗਦਾਨ ਦੇਸ਼ ਦੀ ਤਰੱਕੀ ਵਿੱਚ ਅਤਿ ਮਹੱਤਵਪੂਰਨ ਹੈ। ਸੋਸਾਇਟੀ ਦੇ ਜਨਰਲ ਸਕੱਤਰ ਇੰਜੀਨੀਅਰ ਰਛਪਾਲ ਸਿੰਘ ਬੁੱਟਰ ਵੱਲੋਂ ਜਿੱਥੇ ਸਟੇਜ ਦਾ ਸੰਚਾਲਨ ਕੀਤਾ ਗਿਆ, ਉੱਥੇ ਸੋਸਾਇਟੀ ਨਾਲ ਪੁਰਾਣੇ ਸਮੇਂ ਦੌਰਾਨ ਜੁੜੇ ਰਹੇ ਇੰਜੀਨੀਅਰ ਜਸਵੰਤ ਸਿੰਘ ਗਿੱਲ ਅਤੇ ਉੱਘੇ ਕਵੀ ਸ੍ਰੀ ਰਾਹਤ ਇੰਦੌਰੀ ਦੇ ਅਕਾਲ ਚਲਾਣੇ ਤੇ ਦੁੱਖ ਵੀ ਸਾਂਝਾ ਕੀਤਾ।

ਸੋਸਾਇਟੀ ਦੇ ਕਨਵੀਨਰ ਇੰਜੀਨੀਅਰ ਵਿਨੋਦ ਚੌਧਰੀ ਨੇ ਵਿਚਾਰ ਪ੍ਰਗਟ ਕਰਦਿਆਂ ਸਮੂਹ ਇੰਜੀਨੀਅਰਜ਼ ਨੂੰ ਵਿਚਾਰਾਂ ਦਾ ਏਕੀਕਰਣ ਕਰਨ ਦੀ ਅਪੀਲ ਕੀਤੀ। ਸੋਸਾਇਟੀ ਦੇ ਕੋ-ਕਨਵੀਨਰ ਸ੍ਰੀ ਦਵਿੰਦਰ ਸਿੰਘ ਨੇ ਕਿਹਾ ਕਿ ਸਮੇਂ ਦੇ ਨਾਲ ਇੰਜੀਨੀਅਰਜ਼ ਨੂੰ ਆਪਣੇ ਕੰਮਾਂ ਪ੍ਰਤੀ ਪਹੁੰਚ ਨੂੰ ਨਵੀਆਂ ਤਕਨੀਕਾਂ ਅਤੇ ਖੋਜਾਂ ਮੁਤਾਬਿਕ ਬਦਲਣ ਦੀ ਲੋੜ ਹੈ।

ਪੰਜਾਬ ਅਤੇ ਚੰਡੀਗੜ੍ਹ ਦੇ ਸਮੂਹ ਇੰਜੀਨੀਅਰਜ਼ ਵੱਲੋਂ ਲਿਖੇ ਗਏ ਲੇਖਾਂ ਦੇ ਸੋਵੀਨਰ ਦੀ ਈ-ਕਾਪੀ ਵੀ ਇਸ ਮੌਕੇ ਜਾਰੀ ਕੀਤੀ ਗਈ। ਇਸ ਸਮੇਂ ਇੰਜੀਨੀਅਰ ਮਨਦੀਪ ਸਿੰਘ, ਇੰਜੀ. ਗੁਰਪ੍ਰਤਾਪ ਸਿੰਘ, ਇੰਜੀ. ਮਨੀ ਖੰਨਾ, ਇੰਜੀ. ਰਜਿੰਦਰ ਕੁਮਾਰ ਗੌੜ, ਇੰਜੀ. ਪਰਮਿੰਦਰ ਪਾਲ ਅਤੇ ਇੰਜੀ. ਸੁਰਿੰਦਰ ਸਿੰਘ ਟਾਂਡਾ ਆਦਿ ਹਾਜ਼ਿਰ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories