ਯੈੱਸ ਪੰਜਾਬ
ਨਵੀਂ ਦਿੱਲੀ, 27 ਜਨਵਰੀ, 2021:
ਦਿੱਲੀ ਪੁਲਿਸ ਨੇ ਪੰਜਾਬੀ ਐਕਟਰ ਅਤੇ ਮਾਡਲ ਦੀਪ ਸਿੱਧੂ ਅਤੇ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੱਖਾ ਸਿਧਾਣਾ ਨੂੰ ਵੀ ਦਿੱਲੀ ਵਿੱਚ 26 ਜਨਵਰੀ ਨੂੰ ਕਿਸਾਨ ਗਣਤੰਤਰ ਦਿਵਸ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਲਾਲ ਕਿਲੇ ਦੀ ਘਟਨਾ ਦੇ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਹੈ।
ਜਿਸ ਐਫ.ਆਈ.ਆਰ. ਵਿੱਚ ਉਕਤ ਦੋਵਾਂ ਦੇ ਨਾਂਅ ਸ਼ਾਮਲ ਕੀਤੇ ਗਏ ਹਨ ਉਹ ਧਾਰਾ 186, 353, 308, 152, 397, ਅਤੇ ਧਾਰਾ 307 ਤਹਿਤ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੇ 25 ਜਨਵਰੀ ਦੀ ਰਾਤ ਸਿੰਘੂ ਬਾਰਡਰ ’ਤੇ ਪੁੱਜ ਕੇ ਸਟੇਜ ’ਤੋਂ ਨੌਜਵਾਨਾਂ ਨੂੰ ਸੰਬੋਧਨ ਕੀਤਾ ਸੀ। ਦੋਸ਼ ਹੈ ਕਿ ਇਸ ਮੌਕੇ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਪੁਲਿਸ ਦੀ ਸਹਿਮਤੀ ਵਾਲੇ ਰੂਟ ’ਤੇ ਨਾ ਜਾ ਕੇ ਦੂਜੇ ਰੂਟ ’ਤੇ ਜਾਣ ਲਈ ਭੜਕਾਇਆ ਸੀ।
ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੀਪ ਸਿੱਧੂ ਲਾਲ ਕਿਲੇ ’ਤੇ ਹੋਈ ਘਟਨਾ ਵਿੱਚ ਸ਼ਾਮਲ ਸੀ। ਉਂਜ ਦੀਪ ਸਿੱਧੂਖ਼ੁਦ ਹੀ ਇਹ ਗੱਲ ਪ੍ਰਵਾਨ ਕਰ ਚੁੱਕਾ ਹੈ ਅਤੇ ਉਸਦਾ ਕਹਿਣਾ ਹੈ ਕਿ ਲਾਲ ਕਿਲੇ ’ਤੇ ਹੋਈ ਘਟਨਾ ਵੇਲੇ ਉਹ ਮੌਜੂਦ ਸੀ ਅਤੇ ਇਸ ਘਟਨਾ ਰਾਹੀਂ ਕੁਝ ਵੀ ਗ਼ਲਤ ਨਹੀਂ ਕੀਤਾ ਗਿਆ। ਉਸਦਾ ਕਹਿਣਾ ਹੈ ਕਿ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਇਕ ਖ਼ਾਲੀ ਪੋਲ ’ਤੇ ਲਹਿਰਾ ਕੇ ਕਿਸਾਨਾਂ ਦੇ ਗੁੱਸੇ ਦਾ ਪ੍ਰਗਟਾਵਾ ਕੀਤਾ ਸੀ। ਦੀਪ ਸਿੱਧੂ ਦਾ ਇਹ ਵੀ ਕਹਿਣਾ ਹੈ ਕਿ ਲਾਲ ਕਿਲੇ ’ਤੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਹਿਰਾਉਣ ਸਮੇਂ ਨਾ ਤਾਂ ਰਾਸ਼ਟਰੀ ਝੰਡਾ ਲਾਹਿਆ ਗਿਆ ਅਤੇ ਨਾ ਹੀ ਰਾਸ਼ਟਰੀ ਝੰਡੇ ਦਾ ਕਿਸੇ ਵੀ ਤਰ੍ਹਾਂਅਪਮਾਨ ਕੀਤਾ ਗਿਆ ਅਤੇ ਇਹ ਕੇਵਲ ਇਕ ਪ੍ਰਤੀਕਾਤਮਕ ਕਾਰਵਾਈ ਸੀ।
ਫ਼ੇਸਬੁੱਕ ’ਤੇ ਇਕ ਵੀਡੀਓ ਪਾ ਕੇ ਮੰਗਲਵਾਰ ਨੂੰ ਦੀਪ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਇਹ ਕੋਈ ਯੋਜਨਾਬੱਧ ਕਾਰਵਾਈ ਨਹੀਂ ਸੀ ਅਤੇ 2 ਮਹੀਨਿਆਂ ਤੋਂ ਇਨਸਾਫ਼ ਦੀ ਉਡੀਕ ਵਿੱਚ ਬੈਠੇ ਕਿਸਾਨ ਆਪ ਹੀ ਵਹਿਣ ਵਿੱਚ ਵਹਿ ਕੇ ਲਾਲ ਕਿਲੇ ਵੱਲ ਚਲੇ ਗਏ ਸਨ।
ਹਾਲਾਂਕਿ ਇਕ ਵਾਰ ਫ਼ਿਰ ਇਹ ਗੱਲ ਬੜੇ ਜ਼ੋਰ ਸ਼ੋਰ ਨਾਲ ਮੀਡੀਆ ਵਿੱਚ ਆ ਰਹੀ ਹੈ ਕਿ ਦੀਪ ਸਿੱਧੂ ਗੁਰਦਾਸਪੁਰ ਤੋਂ ਭਾਜਪਾ ਦੇ ਐਮ.ਪੀ. ਸੰਨੀ ਦਿਓਲ ਦੇ ਨਜ਼ਦੀਕੀ ਹਨ ਪਰ ਸੰਨੀ ਦਿਉਲ ਨੇ ਇਕ ਵਾਰ ਫ਼ਿਰ ਇਕ ਟਵੀਟ ਰਾਹੀਂ ਇਹ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਵਿਾਰ ਦਾ ਦੀਪ ਸਿੱਧੂ ਨਾਲ ਕੋਈ ਸੰਬੰਧ ਨਹੀਂ ਹੈ। ਯਾਦ ਰਹੇ ਕਿ ਦੀਪ ਸਿੱਧੂ ਨਾ ਕੇਵਲ ਸੰਨੀ ਦਿਉਲ ਦਾ ਨਜ਼ਦੀਕੀ ਰਿਹਾ ਹੈ ਸਗੋਂ ਗੁਰਦਾਸਪੁਰ ਚੋਣ ਵਿੱਚ ਸੰਨੀ ਦੇ ਚੋਣ ਪ੍ਰਚਾਰ ਦੀ ਕਮਾਨ ਵੀ ਉਸਨੇ ਸੰਭਾਲੀ ਸੀ।