ਨਵੀਂ ਦਿੱਲੀ, 19 ਫ਼ਰਵਰੀ, 2020:
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਨਵੇਂ ਚੁਣੇ ਗਏ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਦੇ ਸਿੱਖਾਂ ਨੂੰ ਅਕਾਲੀ ਦਲ ਨਾਲ ਜੋੜਨ ਦੀ ਮੁਹਿਮ ਦੀ ਘੋਸ਼ਣਾ ਕਰਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਦੀ ਗੱਲ ਕਹੀ।
ਪੱਛਮੀ ਦਿੱਲੀ ਦੇ ਸੰਤਗੜ ਐਕਸਟੈਂਸ਼ਨ ‘ਚ ਹੋਏ ਇੱਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪਹੁੰਚੇ ਹਰਮੀਤ ਸਿੰਘ ਕਾਲਕਾ ਨੇ ਐਲਾਨ ਕੀਤਾ ਕਿ ਹੁਣ ਇਸ ਤਰ੍ਹਾਂ ਦੇ ਪ੍ਰੋਗਰਾਮ ਪੂਰੀ ਦਿੱਲੀ ਵਿਚ ਆਯੋਜਿਤ ਕੀਤੇ ਜਾਣਗੇ ਜਿਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਅਕਾਲੀ ਦਲ ਦਾ ਹਿੱਸਾ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਿੱਲੀ ਇਕਾਈ ਦੇ ਸਰਪ੍ਰਸਤ ਬਲਵਿੰਦਰ ਸਿੰਘ ਭੁੰਦੜ, ਸਰਪ੍ਰਸਤ ਅਵਤਾਰ ਸਿੰਘ ਹਿੱਤ ਸਮੇਤ ਸਾਰਿਆਂ ਨੇ ਪਾਰਟੀ ਨੂੰ ਮਜਬੂਤ ਕਰਨ ਦੀ ਰਣਨੀਤੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਵੀ ਬਖੂਬੀ ਨਿਭਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੁਝ ਲੋਕ ਹਨ ਜੋ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਡੀ ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਪ੍ਰਮਾਤਮਾ ਉਨ੍ਹਾਂ ਨੂੰ ਮੱਤ ਬਖਸ਼ੇ ਜਿਸ ਤੋਂ ਉਹ ਵੀ ਕੌਮ ਦੀ ਬੇਹਤਰੀ ਲਈ ਸੋਚਣ ਨਾ ਕਿ ਦੂਜਿਆਂ ਦੀਆਂ ਖਾਮੀਆਂ ਕੱਢਣ ‘ਚ ਸਮੇਂ ਦੀ ਦੁਰਵਰਤੋਂ ਕਰਨ।
ਇਸ ਮੌਕੇ ਇਸਤਰੀ ਅਕਾਲੀ ਦਲ ਦੀ ਰਵਿੰਦਰ ਕੌਰ ਸਮੇਤ ਸੰਤਗੜ ਐਕਸਟੈਂਸ਼ਨ ਦੀ ਪੂਰੀ ਟੀਮ ਨੇ ਸ. ਹਰਮੀਤ ਸਿੰਘ ਕਾਲਕਾ ਦਾ ਸੁਆਗਤ ਕੀਤਾ, ਉਹਨਾਂ ਦੇ ਇਲਾਕੇ ‘ਚ ਪੁੱਜਣ ‘ਤੇ ਫ਼ੁੱਲਾਂ ਦੀ ਵਰਖਾ ਕੀਤੀ ਗਈ। ਇਸ ਦੇ ਨਾਲ ਹੀ ਦਿੱਲੀ ਕਮੇਟੀ ਮੈਂਬਰ ਦਲਜੀਤ ਸਿੰਘ ਸਰਨਾ, ਵਿਕ੍ਰਮ ਸਿੰਘ ਰੋਹਿਣੀ, ਗੁਰਮੀਤ ਸਿੰਘ ਭਾਟੀਆ, ਜਸਪ੍ਰੀਤ ਸਿੰਘ ਵਿੱਕੀ ਮਾਨ ਦਾ ਵੀ ਸੁਆਗਤ ਕੀਤਾ ਗਿਆ।