ਦਿੱਲੀ ਤੋਂ ਰਵਾਨਾ ਹੋਇਆ ਨਗਰ ਕੀਰਤਨ ਅਟਾਰੀ ਸਰਹੱਦ ਰਸਤੇ ਨਨਕਾਣਾ ਸਾਹਿਬ ਲਈ ਰਵਾਨਾ

ਅੰਮ੍ਰਿਤਸਰ, 31 ਅਕਤੂਬਰ, 2019:

ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ ਨਗਰ ਕੀਰਤਨ ਅੱਜ ਸ਼ਾਮ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਵਿੱਚ ਪ੍ਰਵੇਸ਼ ਕਰ ਗਿਆ। ਇਸ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਨਗਰ ਕੀਰਤਨ ਨੂੰ ਸ਼ਾਨਦਾਰ ਵਿਦਾਈ ਦਿੱਤੀ ਗਈ। ਸਰਹੱਦ ਉੱਤੇ ਫੁੱਲਾਂ ਨਾਲ ਸੱਜਿਆ ਕਾਰਪਿਟ ਅਤੇ ਗੁਲਾਬ ਦੀ ਪੱਤੀਆਂ ਦੀ ਵਰੱਖਾ ਨੇ ਇਨ੍ਹਾਂ ਪਲਾਂ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ।

ਇਸ ਮੌਕੇ ਰਾਜ ਮੰਤਰੀ ਸ: ਤਰਸੇਮ ਸਿੰਘ ਡੀ.ਸੀ., ਡਿਪਟੀ ਕਮਿਸ਼ਨਰ ਸ: ਸ਼ਿਵਦੁਲਾਰ ਸਿੰਘ ਢਿਲੋਂ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਸ੍ਰੀ ਦਿਨੇਸ਼ ਬੱਸੀ, ਐਸ.ਡੀ.ਐਮ. ਸ੍ਰੀ ਸ਼ਿਵਰਾਜ ਸਿੰਘ ਬੱਲ, ਅਤੇ ਹੋਰ ਪਤਵੰਤੇ ਹਾਜ਼ਰ ਸਨ। ਬੀ.ਐਸ.ਐਫ਼. ਦੇ ਜਵਾਨਾਂ ਅਤੇ ਮੁਟਿਆਰਾਂ ਵਲੋਂ ਵੀ ਨਗਰ ਕੀਰਤਨ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਇਸ ਤੋਂ ਪਹਿਲਾਂ ਸਵੇਰੇ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਰਵਾਨਾ ਹੋਇਆ। ਹੈਰੀਟੇਜ ਸਟਰੀਟ ਵਿੱਚ ਵਿਧਾਇਕ ਹਰਮਿੰਦਰ ਸਿੰਘ ਗਿੱਲ, ਕਾਂਗਰਸ ਜਿਲ੍ਹਾ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਐਸ.ਡੀ.ਐਮ. ਸ੍ਰੀ ਵਿਕਾਸ ਹੀਰਾ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ।

ਸ੍ਰੀ ਦਰਬਾਰ ਸਾਹਿਬ ਤੋਂ ਚੱਲਕੇ ਭਰਾਵਾਂ ਦਾ ਢਾਬਾ, ਭਰਾਵਾਂ ਦੇ ਢਾਬੇ ਤੋਂ ਚੱਲਕੇ ਸਿਕੰਦਰੀ ਗੇਟ, ਹਾਲ ਗੇਟ, ਭੰਡਾਰੀ ਪੁੱਲ ਤੋਂ ਚੱਲਕੇ ਰੇਲਵੇ ਸਟੇਸ਼ਨ ਅਟਾਰੀ ਰੋਡ ਪੁਜਾ ਜਿੱਥੇ ਇਮੀਗਰੇਸ਼ਨ ਕਲੀਅਰ ਕਰਨ ਉਪਰੰਤ ਸ: ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਹੇਠ ਲਗਭਗ 1300 ਸ਼ਰਧਾਲੂ ਨਗਰ ਕੀਰਤਨ ਨਾਲ ਪਾਕਿਸਤਾਨ ਪਹੁੰਚੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਸੁਨਿਹਰੀ ਪਾਲਕੀ ਵਿਚ ਸ਼ੁਸ਼ੋਭਿਤ ਸਨ ਉਕਤ ਬੱਸ ਨੂੰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਨਾ ਮਿਲਣ ਕਾਰਨ ਸਿੱਖ ਸ਼ਰਧਾਲੂਆਂ ਨੇ ਪੈਦਲ ਚਲ ਕੇ ਜੀਰੋ ਲਾਇਨ ਨੂੰ ਪਾਰ ਕੀਤੀ ਅਤੇ ਪਾਕਿਸਤਾਨ ਵਿੱਚ ਦਾਖ਼ਲ ਹੋਏ। ਪਾਕਿਸਤਾਨ ਵਾਲੇ ਪਾਸੇ ਅਹਿਮ ਸਖ਼ਸ਼ੀਅਤਾਂ ਅਤੇ ਸਿੱਖ ਸ਼ਰਧਾਲੂ ਨਗਰ ਕੀਰਤਨ ਦੇ ਸਵਾਗਤ ਲਈ ਸਵੇਰ ਤੋਂ ਖੜ੍ਹੇ ਸਨ।

Share News / Article

Yes Punjab - TOP STORIES