ਦਿੱਲੀ ’ਚ ਫ਼ਿਰ ਕਕਾਰ ਧਾਰੀ ਸਿੱਖ ਵਿਦਿਆਰਥਣ ਨੂੰ ਪ੍ਰਖ਼ਿਆ ’ਚ ਬੈਠਣ ਤੋਂ ਰੋਕਿਆ, ਸਿਰਸਾ ਕੇਜਰੀਵਾਲ ’ਤੇ ਵਰ੍ਹੇ

ਨਵੀਂ ਦਿੱਲੀ, 14 ਨਵੰਬਰ, 2019:

ਦਿੱਲੀ ਵਿਚ ਕੇਜਰੀਵਾਲ ਸਰਕਾਰ ਦੇ ਅਦਾਰੇ ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ (ਡੀ ਐਸ ਐਸ ਐਸ ਬੀ) ਵੱਲੋਂ ਅੱਜ ਫਿਰ ਇਕ ਸਿੱਖ ਵਿਦਿਆਰਥਣ ਨੂੰ ਪ੍ਰੀਖਿਆ ਵਿਚ ਬੈਠਣ ਤੋਂ ਇਸ ਕਰ ਕੇ ਰੋਕ ਦਿੱਤਾ ਗਿਆ ਕਿਉਂਕਿ ਉਸਨੇ ਕੱਕਾਰ ਧਾਰਨ ਕੀਤੇ ਹੋਏ ਸਨ। ਕੇਜਰੀਵਾਲ ਸਰਕਾਰ ਵੱਲੋਂ ਸਿੱਖ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰਨ ਲਈ ਸਾਜ਼ਿਸ਼ਾਂ ਲਗਾਤਾਰ ਜਾਰੀ ਹੈ।

ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ। ਉਹਨਾਂ ਇਕ ਬਿਆਨ ਰਾਹੀਂ ਦੱਸਿਆ ਕਿ ਇਹ ਘਟਨਾ ਅੱਜ ਪ੍ਰੀਤਮਪੁਰਾ ਦੇ ਅਭਿਨਵ ਪਬਲਿਕ ਸਕੂਲ ਵਿਚ ਵਾਪਰਿਆ ਜਿਥੇ ਹਰਲੀਨ ਕੌਰ ਨਾਮ ਦੀ ਵਿਦਿਆਰਥਣ ਪ੍ਰਾਇਮਰੀ ਅਧਿਆਪਕ ਦੀ ਆਸਾਮੀ ਵਾਸਤੇ ਡੀ ਐਸ ਐਸ ਐਸ ਬੀ ਦੀ ਪ੍ਰੀਖਿਆ ਦੇਣ ਆਈ ਸੀ।

ਮੌਕੇ ‘ਤੇ ਹਾਜ਼ਰ ਸਟਾਫ ਨੇ ਉਸਨੂੰ ਪਹਿਲਾਂ ਕੜਾ ਅਤੇ ਕਿਰਪਾਨ ਉਤਾਰਨ ਵਾਸਤੇ ਕਿਹਾ ਅਤੇ ਜਦੋਂ ਵਿਦਿਆਰਥਣ ਨੇ ਨਾਂਹ ਕਰ ਦਿੱਤੀ ਤਾਂ ਕੜੇ ਅਤੇ ਕਿਰਪਾਨ ‘ਤੇ ਟੇਪ ਲਗਾ ਦਿੱਤੀ ਗਈ ਪਰ ਇਸਦੇ ਬਾਵਜੂਦ ਪ੍ਰੀਖਿਆ ਕੇਂਦਰ ਵਿਚੋਂ ਕੱਢ ਦਿੱਤਾ ਗਿਆ।

ਸ੍ਰੀ ਸਿਰਸਾ ਨੇ ਦੱਸਿਆ ਕਿ ਕੇਜਰੀਵਾਲ ਸਰਕਾਰ ਲਗਾਤਾਰ ਸਿੱਖ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰਨ ‘ਤੇ ਲੱਗੀ ਹੋਈ ਹੈ ਤੇ ਉਸ ਵੱਲੋਂ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਅਤੇ ਉਸਦੇ ਆਪਣੇ ਉਪ ਮੁੱਖ ਮੰਤਰੀ ਵੱਲੋਂ ਚਿੱਠੀ ਲਿਖਣ ਦੇ ਬਾਵਜੂਦ ਵੀ ਕੱਕਾਰ ਧਾਰਨ ਕਰਨ ਵਾਲੇ ਸਿੱਖ ਵਿਦਿਆਰਥੀਆਂ ਨਾਲ ਵਿਤਕਰਾ ਕੀਤਾਜਾ ਰਿਹਾ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਹਨਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਜਲਦੀ ਹੀ ਇਸ ਤਰਾਂ ਦੇ ਮਾਮਲੇ ਰੋਕਣ ਵਾਸਤੇ ਉਪਰਾਲਾ ਕਰਨ ਨਹੀਂ ਤਾਂ ਦਿੱਲੀ ਗੁਰਦੁਆਰਾ ਕਮੇਟੀ ਸਰਕਾਰ ਖਿਲਾਫ ਅਦਾਲਤ ਤੋਂ ਅਗਲੇਰੇ ਹੁਕਮ ਵੀ ਹਾਸਲ ਕਰੇਗੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਹਰਮੀਤ ਸਿੰਘ ਨਾਮ ਦੇ ਨੌਜਵਾਨ ਨੂੰ ਪ੍ਰੀਖਿਆ ਵਿਚ ਬੈਠਣ ਤੋਂ ਰੋਕਿਆ ਗਿਆ ਸੀ। ਇਸ ਉਪਰੰਤ ਦਿੱਲੀ ਗੁਰਦੁਆਰਾ ਕਮੇਟੀ ਨੇ ਹਾਈ ਕੋਰਟ ਵਿਚ ਸਰਕਾਰ ਦੇ ਖਿਲਾਫ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਤੇ ਅਦਾਲਤ ਨੇ ਫਿਰ ਹੁਕਮ ਦਿੱਤੇ ਕਿ ਸਿੱਖ ਵਿਦਿਆਰਥੀਆਂ ਨੂੰ ਕੱਕਾਰ ਪਹਿਨ ਕੇ ਪ੍ਰੀਖਿਆ ਵਿਚ ਬੈਠਣ ਦੀ ਆਗਿਆ ਹੈ ਪਰ ਕੇਜਰੀਵਾਲ ਸਰਕਾਰ ਹਾਲੇ ਵੀ ਹੁਕਮ ਨਹੀਂ ਮੰਨ ਰਹੀ।

ਸ੍ਰੀ ਸਿਰਸਾ ਨੇ ਦੱਸਿਆ ਅੱਜ ਜਦੋਂ ਨਵਾਂ ਮਾਮਲਾ ਸਾਹਮਣੇ ਆਇਆ ਤਾਂ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਮੈਂਬਰ ਹਰਜੀਤ ਸਿੰਘ ਪੱਪਾ ਖੁਦ ਮੌਕੇ ‘ਤੇ ਪਹੁੰਚੇ ਪਰ ਪ੍ਰੀਖਿਆ ਕੇਂਦਰ ਵਿਚ ਮੌਜੂਦ ਸਟਾਫ ਨੇ ਉਹਨਾਂ ਨਾਲ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਇਸ ਦੌਰਾਨ ਸ੍ਰੀ ਜਗਦੀਪ ਸਿੰਘ ਕਾਹਲੋਂ ਚੇਅਰਮੈਨ ਲੀਗਲ ਸੈਲ ਨੇ ਦੱਸਿਆ ਕਿ ਸਰਕਾਰ ਚਾਹੁੰਦੀ ਹੈ ਕਿ ਸਿੱਖ ਬੱਚੇ ਸਿੱਖ ਕੱਕਾਰ ਪਾਉਣੇ ਬੰਦ ਕਰ ਦੇਣ ਪਰ ਅਜਿਹਾ ਸੰਭਵ ਨਹੀਂ ਹੈ ਕਿਉਂਕਿ ਸਿੱਖ ਬੱਚੇ ਸਿੱਖੀ ਕਦੇ ਨਹੀਂ ਛੱਡ ਸਕਦੇ।

ਉਹਨਾਂ ਕਿਹਾ ਕਿ ਅਸੀਂ ਅਦਾਲਤ ਕੋਲੋਂ ਹੁਕਮ ਲੈ ਚੁੱਕੇ ਹਾਂ ਪਰ ਫਿਰ ਵੀ ਕੇਜਰੀਵਾਲ ਸਰਕਾਰ ਤਾਨਾਸ਼ਾਹੀ ਕਰ ਰਹੀ ਹੈ ਅਤੇ ਹੁਣ ਅਸੀਂ ਅਦਾਲਤ ਕੋਲੋਂ ਅਗਲੇ ਹੁਕਮ ਲੈ ਕੇ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਬੈਠਣਾ ਯਕੀਨੀ ਬਣਾਵਾਂਗੇ।

ਉਹਨਾਂ ਕਿਹਾ ਕਿ ਕੇਜਰੀਵਾਲ ਸਰਕਾਰ ਕਰਤਾਰਪੁਰ ਸਾਹਿਬ ਵਾਸਤੇ 20 ਡਾਲਰ ਫੀਸ ਦੇਣ ਦੀ ਗੱਲ ਕਰਦੀ ਹੈ ਪਰ ਪਰ ਇਸ ਵਾਅਦੇ ‘ਤੇ ਲਾਹਨਤ ਹੈ ਜੇਕਰ ਉਹ ਸਿੱਖ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ।

ਵਿਦਿਆਰਥਣ ਹਰਲੀਨ ਕੌਰ ਨੇ ਦੱਸਿਆ ਕਿ ਉਸਨੇ ਉਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਸੀ ਜਿਹਨਾਂ ਨੇ ਕਿਹਾ ਕਿ ਪ੍ਰੀਖਿਆ ਵਿਚ ਬੈਠਣ ਲਈ ਉਹ ਕੜਾ ਤੇ ਕਿਰਪਾਨ ਲਾਹ ਦੇਵੇ ਜਾਂ ਫਿਰ ਅਦਾਲਤ ਕੋਲੋਂ ਛੋਟ ਦਾ ਹੁਕਮ ਲੈ ਕੇ ਆਵੇ।

Share News / Article

Yes Punjab - TOP STORIES