ਦਿੱਲੀ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਹਸਪਤਾਲ ਅਤੇ ਇਕ ਹੋਰ ਬਿਲਡਿੰਗ ਆਈਸੋਲੇਸ਼ਨ ਫੈਸੀਲਿਟੀ ਲਈ ਦਿੱਲੀ ਸਰਕਾਰ ਨੂੰ ਦੇਣ ਦੀ ਪੇਸ਼ਕਸ਼

ਨਵੀਂ ਦਿੱਲੀ, 8 ਅਪ੍ਰੈਲ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ 50 ਬਿਸਤਰਿਆਂ ਵਾਲਾ ਗੁਰੂ ਹਰਿਕ੍ਰਿਸ਼ਨ ਹਸਪਤਾਲ ਤੇ 6 ਮੰਜ਼ਿਲਾ 500 ਬੈਡਾਂ ਦਾ ਹਸਪਤਾਲ ਕੋਰੋਨਾਵਾਇਰਸ ਦੇ ਟਾਕਰੇ ਲਈ ਆਈਸੋਲੇਸ਼ਨ ਤੇ ਇਲਾਜ ਫੈਸੀਲਿਟੀ ਬਣਾਉਣ ਲਈ ਦਿੱਲੀ ਸਰਕਾਰ ਨੂੰ ਪੇਸ਼ਕਸ਼ ਕੀਤੀ ਹੈ।

ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਲਿਖੇ ਪੱਤਰ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹੁਣ ਜਦੋਂ ਦਿੱਲੀ ਸਰਕਾਰ ਕੋਰੋਨਾਵਾਇਰਸ ਦੇ ਵੱਘ ਖਤਰੇ ਨੂੰ ਵੇਖਦਿਆਂ ਹਸਪਤਾਲਾਂ ਸਮੇਤ ਹੋਰ ਬੁਨਿਆਦੀ ਢਾਂਚੇ ਵਿਕਸਤ ਕਰਨ ਦੀ ਤਿਆਰੀ ਕਰ ਰਹੀ ਹੈ ਤੇ ਹੋਟਲਾਂ ਤੇ ਬੈਂਕੁਐਟ ਹਾਲਾਂ ਨੂੰ ਆਈਸੋਲੇਸ਼ਨ, ਇਲਾਜ ਤੇ ਇਕਾਂਤਵਾਸ ਲਈ ਵਰਤਣਾ ਚਾਹੁੰਦੀ ਹੈ, ਉਦੋਂ ਦਿੱਲੀ ਗੁਰਦੁਆਰਾ ਕਮੇਟੀ ਆਪਣਾ ਗੁਰੂ ਹਰਿਕ੍ਰਿਸ਼ਨ ਹਸਪਤਾਲ ਜੋ ਕਿ 50 ਬਿਸਤਰਿਆਂ ਦਾ ਬਹੁ ਮੰਤਵੀ ਹਸਪਤਾਲ ਹੈ ਜਿਸ ਵਿਚ ਆਈ ਸੀ ਯੂ ਯੂਨਿਟ ਵੀ ਹੈ ਤੇ ਇਹ ਗੁਰਦੁਆਰਾ ਬਾਲਾ ਸਾਹਿਬ ਵਿਖੇ ਸਥਿਤ ਹੈ ਤੇ ਚਾਲੂ ਹਾਲਤ ਵਿਚ ਹੈ, ਸਰਕਾਰ ਨੂੰ ਦੇਣ ਦੀ ਪੇਸ਼ਕਸ਼ ਕਰਦੇ ਹਾਂ। ਉਹਨਾਂ ਕਿਹਾ ਕਿ ਇਹ ਪਵਿੱਤਰ ਅਸਥਾਨ ਹੈ ਜਿਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮਹਾਂਮਾਰੀ ਦੌਰਾਨ ਇਕਾਂਤਵਾਸ ਦੇ ਵਿਚਾਰ ਨੂੰ ਸ਼ੁਰੂ ਕੀਤਾ ਸੀ ਤੇ ਆਪ ਇਥੇ ਇਕਾਂਤਵਾਸ ਵਿਚ ਰਹੇ ਸਨ। ਇਸ ਥਾਂ ‘ਤੇ ਗੁਰੂ ਸਾਹਿਬ ਦੀਆਂ ਆਸ਼ੀਸ਼ਾਂ ਤੇ ਰਹਿਮਤਾਂ ਹਨ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਛੇ ਮੰਜ਼ਿਲਾ 500 ਬੈਡਾਂ ਦਾ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਰਿਸਰਚ ਜੋ ਕਿ 11 ਏਕੜ ਵਿਚ ਸਥਿਤ ਗੁਰਦੁਆਰਾ ਬਾਲਾ ਸਾਹਿਬ ਸਨਲਾਈਟ ਕਲੌਨੀ ਨਵੀਂ ਦਿੱਲੀ ਵਿਚ ਸਥਿਤ ਹੈ ਤੇ ਤਕਰੀਬਨ ਤਿਆਰ ਹੈ ਤੇ ਥੋੜਾ ਹੀ ਕੰਮ ਬਾਕੀ ਹੈ, ਵੀ ਅਸੀਂ ਦੇਣ ਲਈ ਤਿਆਰ ਹਾਂ।

ਉਹਨਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਇਸ ਥਾਂ ਦਾ ਦੌਰਾ ਕਰਨ ਦੀ ਤਾਰੀਕ ਤੈਅ ਕੀਤੀ ਜਾ ਸਕਦੀ ਹੈ ਤੇ ਇਥੇ ਦੌਰੇ ਦੌਰਾਨ ਇਸ ਸਹੂਲਤ ਨੂੰ ਹਰ ਤਰੀਕੇ ਵਰਤਣ ਲਈ ਯੋਜਨਾਬੰਦੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਥਾਂ ਦੀ ਵਰਤੋਂ ਨਾਲ ਸਰਕਾਰ ਕੋਲ ਉਪਲਬਧ ਸਰੋਤਾਂ ਤੇ ਲੋੜਾਂ ਵਿਚਕਾਰਲੇ ਫਰਕ ਨੂੰ ਘਟਾਇਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਹੋਟਲਾਂ ਤੇ ਬੈਂਕੁਐਟ ਹਾਲਾਂ ਨੂੰ ਸਿਹਤ ਸਹੂਲਤਾਂ ਵਾਸਤੇ ਵਰਤਣ ‘ਤੇ ਵੱਡੀ ਰਕਮ ਖਰਚ ਹੋਵੇਗੀ ਤੇ ਇਸਦਾ ਥੋੜੇ ਹੀ ਸਮੇਂ ਲਈ ਫਾਇਦਾ ਹੈ ਤੇ ਸਰੋਤਾਂ ਦਾ ਵੱਡਾ ਨੁਕਸਾਨ ਹੈ ਜਦਕਿ ਇਹ 500 ਬੈਡਾਂ ਦਾ ਹਸਪਤਾਲ ਵਰਤਣ ਨਾਲ ਇਸਦੀ ਵਰਤੋਂ ਲੰਬੇ ਸਮੇਂ ਤੱਕ ਹੋ ਸਕੇਗੀ ਤੇ ਇਹ ਦਿੱਲੀ ਦੇ ਲੋਕਾਂ ਦੇ ਹਿੱਤ ਵਿਚ ਵੀ ਹੈ।

ਉਹਨਾਂ ਕਿਹਾ ਕਿ ਜਦੋਂ ਮਨੁੱਖਤਾ ਇਸ ਔਖੇ ਵੇਲੇ ਵਿਚੋਂ ਲੰਘ ਰਹੀ ਹੈ ਉਦੋਂ ਸਾਨੂੰ ਕੋਰੋਨਾਵਾਇਰਸ ਦੇ ਟਾਕਰੇ ਲਈ ਇਕ ਟੀਮ ਵਜੋਂ ਕੰਮ ਕਰਨਾ ਚਾਹੀਦਾਹ ੈ ਤੇ ਅਸੀਂ ਉਕਤ ਬੁਨਿਆਦੀ ਢਾਂਚਾ ਤੇ ਗੁਰੂ ਹਰਿਕ੍ਰਿਸ਼ਨ ਹਸਪਤਾਲ ਇਹ ਮਹਾਂਮਾਰੀ ਖਤਮ ਹੋਣ ਤੱਕ ਵਰਤੋਂ ਵਾਸਤੇ ਦੇ ਕੇ ਖੁਸ਼ੀ ਮਹਿਸੂਸ ਕਰਾਂਗੇ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਨੂੰ ਦੱਸ ਦੇਣ ਕਿ ਕੋਈ ਹੋਰ ਮਦਦ ਚਾਹੀਦਾ ਹੈ ਤਾਂ ਅਸੀਂ ਇਸ ਜੰਗ ਵਿਚ ਹਰ ਤਰੀਕੇ ਸਾਥ ਤੇ ਸਹਿਯੋਗ ਦੇਣ ਲਈ ਤਿਆਰ ਹਾਂ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES