ਦਿੱਲੀ ਕਮੇਟੀ ਨੇ ਪੰਜਾਬ ਦੇ 100 ਤੋਂ ਵੱਧ ਐਨ.ਆਰ.ਆਈ. ਅਤੇ ਵਿਦੇਸ਼ਾਂ ਤੋਂ ਪਰਤੇ ਸੈਲਾਨੀ ਘਰਾਂ ਨੂੰ ਭੇਜੇ: ਸਿਰਸਾ

ਨਵੀਂ ਦਿੱਲੀ, 7 ਅਪ੍ਰੈਲ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨੁੱਖਤਾ ਦੀ ਸੇਵਾ ਕਰਨ ਦੇ ਆਪਣੇ ਉਪਰਾਲਿਆਂ ਦੇ ਤਹਿਤ ਹੀ ਅੱਜ ਵਿਦੇਸ਼ਾਂ ਤੋਂ ਆਏ ਐਨ ਆਰ ਆਈ ਤੇ ਵਿਦੇਸ਼ਾਂ ਵਿਚ ਘੁੰਮ ਕੇ ਵਾਪਸ ਵਰਤੇ 100 ਤੋਂ ਵੱਧ ਸੈਲਾਨੀਆਂ ਨੂੰ ਆਪੋ ਆਪਣੇ ਘਰਾਂ ਨੂੰ ਭੇਜਿਆ।

ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦੱਸਿਆ ਕਿ ਬਹੁਤ ਸਾਰੇ ਅਜਿਹੇ ਐਨ ਆਰ ਆਈ ਹਨ ਜੋ ਵਿਦੇਸ਼ਾਂ ਤੋਂ ਆਪਣੇ ਵਤਨ ਆਏ ਸਨ ਤੇ ਬਹੁਤ ਸਾਰੇ ਅਜਿਹੇ ਸੈਲਾਨੀ ਸਨ ਜੋ ਵਿਦੇਸ਼ਾਂ ਵਿਚ ਘੁੰਮ ਕੇ ਵਤਨ ਵਾਪਸ ਆਏ ਸਨ ਪਰ ਇਹਨਾਂ ਸਾਰਿਆਂ ਨੂੰ ਕੌਮਾਂਤਰੀ ਹਵਾਈ ਅੱਡਿਆਂ ‘ਤੇ ਰੋਕ ਕੇ 14 ਦਿਨਾਂ ਲਈ ਇਕਾਂਤਵਾਸ ਵਿਚ ਰੱਖ ਦਿੱਤਾ ਗਿਆ।

ਉਹਨਾਂ ਦੱਸਿਆ ਕਿ ਦਿੱਲੀ ਵਿਚ ਨਰੇਲਾ ਤੇ ਨੋਇਡਾ ਦੇ ਸੈਂਟਰਾਂ ਤੋਂ ਅੱਜ ਅਜਿਹੇ 100 ਤੋਂ ਵੱਧ ਪਰਵਾਸੀ ਭਾਰਤੀ ਜਾਂ ਪੰਜਾਬੀ ਮੂਲ ਦੇ ਵਿਅਕਤੀ ਜੋ ਵਿਦੇਸ਼ਾਂ ਵਿਚ ਘੁੰਮ ਕੇ ਵਾਪਸ ਪਰਤੇ ਸਨ, ਨੂੰ ਦੋ ਬੱਸਾਂ ਰਾਹੀਂ ਪੰਜਾਬ ਲਈ ਰਵਾਨਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਤੇ ਅਸੀਂ ਸਾਰੇ ਕਾਨੂੰਨੀ ਕਾਰਵਾਈ ਪੂਰੀ ਕਰ ਕੇ ਇਹਨਾਂ ਨੂੰ ਭੇਜਣ ਦਾ ਪ੍ਰਬੰਧ ਕੀਤਾ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਜੇਕਰ ਹੋਰ ਕੋਈ ਵੀ ਅਜਿਹੇ ਐਨ ਆਰ ਆਈ ਜਾਂ ਵਿਦੇਸ਼ਾਂ ਤੋਂ ਘੁੰਮ ਕੇ ਵਾਪਸ ਪਰਤੇ ਵਿਅਕਤੀ ਹਨ ਜੋ ਘਰ ਜਾਣਾ ਚਾਹੁੰਦੇ ਹਨ ਤਾਂ ਸਾਡੇ ਧਿਆਨ ਵਿਚ ਲਿਆਂਦੇ ਜਾਣ, ਅਸੀਂ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰ ਕੇ ਇਹਨਾਂ ਨੂੰ ਘਰੋਂ ਘਰੀਂ ਭੇਜਣ ਦਾ ਪ੍ਰਬੰਧ ਕਰਾਂਗੇ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਹੋਰ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਸੇਵਾ ਕਰ ਰਹੇ ਸਟਾਫ ਤੇ ਸੇਵਾਦਾਰਾਂ ਵਾਸਤੇ ਮਿਸਡ ਫੈਨ ਰਾਹੀਂ ਸਾਰੇ ਸਰੀਰ ਦੀ ਸੈਨੇਟਾਈਜੇਸ਼ਨ ਕਰਨ ਦਾ ਉਪਰਾਲਾ ਕੀਤਾ ਹੈ ਜਿਸਨੂੰ ਵੱਡੀ ਸਫਲਤਾ ਮਿਲੀ ਹੈ। ਉਹਨਾਂ ਕਿਹਾ ਕਿ ਇਸ ਪ੍ਰਬੰਧ ਦੀ ਸਫਲਤਾ ‘ਤੇ ਅਜਿਹੇ ਹੀ ਉਪਕਰਣ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਾਰੇ ਗੁਰਦੁਆਰਾ ਸਾਹਿਬਾਨ ਵਿਚ ਸੇਵਾ ਵਾਸਤੇ ਲਗਾਏ ਜਾਣਗੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Yes Punjab - Top Stories