ਨਵੀਂ ਦਿੱਲੀ, 7 ਮਾਰਚ, 2020:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜਧਾਨੀ ਦਿੱਲੀ ਵਿਖੇ ਕੋਰੋਨਾ ਵਾਇਰਸ ਤੋਂ ਬਚਾਓ ਲਈ ਆਮ ਜਨਮਾਨਸ ਨੂੰ ਮੁਫ਼ਤ ਫ਼ੇਸ ਮਾਸਕ ਵੰਡੇਗੀ। ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਮੇਟੀ ਨੇ ਇਹ ਫ਼ੈਸਲਾ ਬਾਜ਼ਾਰ ਵਿਚ ਫ਼ੇਸ ਮਾਸਕ ਦੀ ਉੱਚੀ ਕੀਮਤ ਦੇ ਮੱਦੇਨਜ਼ਰ ਕੀਤਾ ਹੈ ਤਾਂ ਜੋ ਕਿ ਆਮ ਆਦਮੀ ਨੂੰ ਬਚਾਓ ਲਈ ਜ਼ਰੂਰੀ ਮੈਡੀਕਲ ਉਪਕਰਣ ਮਹੱਈਆ ਕਰਵਾਏ ਜਾ ਸਕਣ।
ਉਨ੍ਹਾਂ ਦੱਸਿਆ ਕਿ ਕਮੇਟੀ ਦੀ ਬੈਠਕ ‘ਚ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸੁਝਾਓ ਦਿੱਤਾ ਕਿ ਕੋਰੋਨਾ ਵਾਇਰਸ ਦੀ ਲੜਾਈ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਕਾਰ ਤੇ ਸਮਾਜ ਨਾਲ ਇੱਕਜੁਟਤਾ ਨਾਲ ਖੜੇ ਹੋ ਕੇ ਦਿੱਲੀ ਦੇ ਸਾਰੇ ਗੁਰਦੁਆਰਿਆਂ ਵਿਚ ਮੁਫ਼ਤ ਫ਼ੇਸ ਮਾਸਕ ਅਤੇ ਹੋਰ ਮੈਡੀਕਲ ਉਪਕਰਣ ਮਹੱਈਆ ਕਰਵਾਉਣੇ ਚਾਹੀਦੇ ਹਨ ਕਿਉਂਕਿ ਅਸਮਾਨ ਛੁਹੰਦੀਆਂ ਕੀਮਤਾਂ ਦੀ ਵਜ੍ਹਾ ਨਾਲ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ।
ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਦੱਸਿਆ ਕਿ ਆਰੰਭਕ ਤੌਰ ‘ਤੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦੱਸ ਹਜ਼ਾਰ ਫ਼ੇਸ ਮਾਸਕ ਆਉਣ ਵਾਲੇ ਐਤਵਾਰ 8 ਮਾਰਚ ਨੂੰ ਗੁਰਦੁਆਰਾ ਕਮੇਟੀ ਦੇ ਸੇਵਾਦਾਰਾਂ ਵੱਲੋਂ ਜਰੂਰਤ ਮੰਦਾਂ ਨੂੰ ਵੰਡੇ ਜਾਣਗੇ ਅਤੇ ਲੋਕਾਂ ਦੀ ਮੰਗ ਅਤੇ ਜਰੂਰਤ ਦੇ ਹਿਸਾਬ ਨਾਲ ਆਉਣ ਵਾਲੇ ਦਿਨਾਂ ਵਿਚ ਬਾਕੀ ਦੇ ਗੁਰਦੁਆਰਿਆਂ ਵਿਚ ਵੀ ਫ਼ੇਸ ਮਾਸਕ ਅਤੇ ਹੋਰ ਉਪਕਰਣ ਮੁਫ਼ਤ ਵੰਡੇ ਜਾਣਗੇ।
ਉਨ੍ਹਾਂ ਦੱਸਿਆ ਕਿ ਸਜਗਤਾ ਦੇ ਤੌਰ ‘ਤੇ ਵਾਇਰਸ ਦੇ ਇਨਫ਼ੈਕਸ਼ਨ ਦੀ ਰੋਕਥਾਮ ਲਈ ਕਮੇਟੀ ਨੇ ਕਈ ਕਦਮ ਚੁੱਕੇ ਹਨ। ਜਿਸ ਦੇ ਅੰਤਰਗਤ ਸਾਰੇ ਗੁਰਧਾਮਾਂ ਵਿਖੇ ਮਾਪਦੰਡਾਂ ਦੇ ਅਨੁਰੂਪ ਸਵੱਛਤਾ ਨੂੰ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਅਤੇ ਗੁਰਦੁਆਰਿਆਂ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਸਾਬਣ ਨਾਲ ਹੱਥ ਧੋਣ ਦੀ ਸਮੁਚਿਤ ਵਿਵਸਥਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਕਿ ਇਨਫ਼ੈਕਸ਼ਨ ਨੂੰ ਰੋਕਿਆ ਜਾ ਸਕੇ।
ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਆਉਣ ਵਾਲੇ ਯਾਤਰੀਆਂ ਨੂੰ ਹੈਂਡ ਸੈਨੇਟਾਇਜ਼ਰ ਤੋਂ ਹੱਥ ਸਾਫ਼ ਕਰਨ ਦੀ ਸੁਵਿਧਾ ਮਹੱਈਆ ਕਰਵਾਈ ਗਈ ਹੈ ਅਤੇ ਕਮੇਟੀ ਦੇ ਸੇਵਾਦਾਰ ਯਾਤਰੀਆਂ ਨੂੰ ਇਸ ਸਬੰਧ ਵਿਚ ਸਹਾਇਤਾ ਪ੍ਰਦਾਨ ਕਰ ਰਹੇ ਹਨ।