ਦਿੱਲੀ ਅਤੇ ਯੂ.ਪੀ. ’ਚ 10 ਕੇਸਾਂ ’ਚ ਲੋੜੀਂਦਾ ਇਨਾਮੀ ਗੈਂਗਸਟਰ ਝੁੰਨਾ ਪੰਡਿਤ ਮੁਠਭੇੜ ਮਗਰੋਂ ਗਿਰਫ਼ਤਾਰ: ਐਸ.ਐਸ.ਪੀ. ਸਵਪਨ ਸ਼ਰਮਾ

ਰੋਪੜ, 11 ਅਕਤੂਬਰ, 2019:

ਰੋਪੜ ਪੁਲੀਸ ਨੇ ਸ਼ੁੱਕਰਵਾਰ ਨੂੰ ਭਾਰੀ ਜੱਦੋ-ਜਹਿਦ ਅਤੇ ਦੋਵੇਂ ਪਾਸੇ ਦੀ ਗੋਲੀਬਾਰੀ ਤੋਂ ਬਾਅਦ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਅਤਿ ਲੋੜੀਂਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਝੁੰਨਾ ਪੰਡਿਤ ਪਿਛਲੇ ਇੱਕ ਸਾਲ ਦੌਰਾਨ ਰੋਪੜ ਪੁਲਿਸ ਵੱਲੋਂ ਫੜਿਆ ਗਿਆ 11ਵਾਂ ਗੈਂਗਸਟਰ ਹੈ।

ਰੋਪੜ ਦੇ ਐਸ.ਐਸ.ਪੀ. ਸਵੱਪਨ ਸ਼ਰਮਾ ਅਨੁਸਾਰ ਸ੍ਰੀ ਪ੍ਰਕਾਸ਼ ਮਿਸ਼ਰਾ ਉਰਫ਼ ਝੁੰਨਾ ਪੰਡਿਤ ਦੇ ਸਿਰ ‘ਤੇ 1 ਲੱਖ ਰੁਪਏ ਦਾ ਇਨਾਮ ਸੀ ਅਤੇ ਮਿਰਜ਼ਾਪੁਰ, ਯੂ.ਪੀ. ਦੇ ਤੀਹਰੇ ਕਤਲ ਕਾਂਡ ਅਤੇ ਯੂ.ਪੀ. ਗੈਂਗਸਟਰ ਐਕਟ ਤਹਿਤ 6 ਕੇਸਾਂ ਸਮੇਤ ਕਤਲ ਦੇ 10 ਕੇਸਾਂ ਵਿੱਚ ਲੋੜੀਂਦਾ ਸੀ। ਉੁਹ ਦਿੱਲੀ ਅਤੇ ਯੂ.ਪੀ. ਵਿੱਚ ਕਤਲ, ਜਬਰੀ ਵਸੂਲੀ ਅਤੇ ਅਗਵਾ ਕਰਨ ਦੇ 20 ਤੋਂ ਜ਼ਿਆਦਾ ਮਾਮਲਿਆਂ ਵਿੱਚ ਸ਼ਾਮਲ ਗਿਰੋਹ ਨੂੰ ਚਲਾ ਰਿਹਾ ਹੈ।

ਦਿੱਲੀ, ਯੂ.ਪੀ. ਅਤੇ ਰਾਜਸਥਾਨ ਅਧਾਰਤ ਕਈ ਗੈਰ ਸਮਾਜਿਕ ਤੱਤ ਇਸ ਗੈਂਗਸਟਰ ਦੇ ਹਮਾਇਤੀ ਹਨ। ਰੋਪੜ ਪੁਲੀਸ ਦੀ ਸੀ.ਆਈ.ਏ. ਟੀਮ ਨੇ ਅੱਜ ਸਵੇਰੇ ਉਸਨੂੰ ਫੜ੍ਹਨ ਲਈ ਕੀਤੀ ਮੁੱਠਭੇੜ ਤੋਂ ਬਾਅਦ ਗੈਂਗਸਟਰ ਪਾਸੋਂ 32 ਬੋਰ ਦੇ 2 ਪਿਸਤੌਲ ਤੇ 8 ਅਣਚੱਲੇ ਕਾਰਤੂਸ ਸਮੇਤ ਕਈ ਨਿੱਜੀ ਚੀਜ਼ਾਂ ਬਰਾਮਦ ਕੀਤੀਆਂ ਹਨ।

ਪੰਡਿਤ ਅਤੇ ਉਸਦੇ ਸਾਥੀ ਬਨਾਰਸ ਵਿੱਚ ਦਲੀਪ ਪਟੇਲ ਨੂੰ ਖੁੱਲ੍ਹੇਆਮ ਕਤਲ ਕਰਨ ਤੋਂ ਬਾਅਦ ਫਰਾਰ ਸਨ। ਦਲੀਪ ਦਾ ਭਰਾ ਰਾਜੇਸ਼ ਪਟੇਲ ਯੂ.ਪੀ. ਦੇ ਕਿਸਾਨ ਮੋਰਚਾ ਦਾ ਸੂਬਾ ਪ੍ਰਧਾਨ ਹੈ।

ਝੁੰਨਾ ਪੰਡਿਤ ਗਿਰੋਹ ਦੇ 8 ਮੈਂਬਰ ਦਿੱਲੀ ਅਤੇ ਯੂ.ਪੀ. ਦੀਆਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਇਸ ਗਿਰੋਹ ਵੱਲੋਂ ਕੀਤੇ ਗਏ ਜ਼ਿਆਦਾਤਰ ਜ਼ੁਰਮ ਸੁਪਾਰੀ-ਹੱਤਿਆਵਾਂ ਅਤੇ ਅੰਤਰ-ਗਿਰੋਹ ਦੁਸ਼ਮਣੀ ਨਾਲ ਸਬੰਧਤ ਹਨ।

ਐਸ.ਐਸ.ਪੀ. ਮੁਤਾਬਕ ਪੰਡਿਤ ਨੂੰ ਇੱਕ ਮਾਹਰ ਨਿਸ਼ਾਨਚੀ ਵਜੋਂ ਜਾਣਿਆ ਜਾਂਦਾ ਹੈ, ਜੋ ਕਿਸੇ ਵੀ ਤਰ੍ਹਾਂ ਦੇ ਹਥਿਆਰ ਨੂੰ ਚਲਾ ਸਕਦਾ ਹੈ ਅਤੇ ਆਪਣੇ ਦੋਵੇਂ ਹੱਥਾਂ ਨਾਲ ਕਿਸੇ ਵੀ ਹਥਿਆਰ ਨਾਲ ਗੋਲੀ ਚਲਾ ਸਕਦਾ ਹੈ। ਉਹ ਯੂ.ਪੀ. ਤੋਂ ਭੱਜਣ ਤੋਂ ਬਾਅਦ ਦਿੱਲੀ, ਜੈਪੁਰ ਅਤੇ ਮਾਉਂਟ ਆਬੂ ਵਿਖੇ ਗੁਪਤ ਟਿਕਾਣਿਆਂ ‘ਤੇ ਲੁਕਿਆ ਹੋਇਆ ਸੀ ਅਤੇ ਚਿੰਤਪੁਰਨੀ (ਹਿਮਾਚਲ ਪ੍ਰਦੇਸ਼) ਤੋਂ ਦਿੱਲੀ ਵਾਪਸ ਆ ਰਿਹਾ ਸੀ।

ਖ਼ਤਰਨਾਕ ਅਪਰਾਧੀ, ਪੰਡਿਤ ਨੇ ਪਹਿਲਾ ਜ਼ੁਰਮ 15 ਸਾਲ ਦੀ ਉਮਰ ਵਿੱਚ ਅਤੇ ਪਹਿਲਾ ਕਤਲ 16 ਸਾਲ ਦੀ ਉਮਰ ਵਿੱਚ ਕੀਤਾ ਸੀ। ਉਸਨੂੰ ਦੋਵੇਂ ਵਾਰ 3 ਸਾਲ ਲਈ ਜੁਵੇਨਾਈਲ ਜੇਲ੍ਹ ਵਿੱਚ ਰੱÎਖਿਆ ਗਿਆ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੇਲ੍ਹ ਵਿੱਚ ਹੁੰਦੇ ਹੋਏ ਵੀ ਉਸਨੇ ਜਬਰੀ ਵਸੂਲੀ, ਅਪਹਰਨ ਦੀਆਂ ਵਾਰਦਾਤਾਂ ਸਮੇਤ 3 ਕਤਲ ਕੀਤੇ ਸਨ। ਦੱਸਣਯੋਗ ਹੈ ਕਿ ਜਦੋਂ ਵੀ ਉਹ ਫਰਾਰ ਹੁੰਦਾ ਸੀ, ਹਵਾਈ ਯਾਤਰਾ ਜ਼ਰੀਏ ਸਫ਼ਰ ਕਰਦਾ ਸੀ।

ਐਸ.ਐਸ.ਪੀ. ਅਨੁਸਾਰ ਹਾਲ ਹੀ ਵਿੱਚ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਗੈਂਗਸਟਰਾਂ ਅਤੇ ਤਸਕਰੀ ਰੋਕਣ ਵਾਲਿਆਂ ਦਾ ਕੰਮ ਕਰਨ ਦਾ ਢੰਗ ਤਰੀਕਾ ਇੱਕੋ ਜਿਹਾ ਹੈ। ਉਹ ਸਫ਼ਰ ਲਈ ਸਥਾਨਕ ਰਸਤਿਆਂ ਦੀ ਵਰਤੋਂ ਕਰਦੇ ਹਨ ਅਤੇ ਆਮ ਤੌਰ ‘ਤੇ ਉਨ੍ਹਾਂ ਦੇ ਟਿਕਾਣੇ ਧਾਰਮਿਕ ਸਥਾਨਾਂ ਦੇ ਨਜ਼ਦੀਕ ਹੁੰਦੇ ਹਨ।

ਪੁਲੀਸ ਨੂੰ ਇਨ੍ਹਾਂ ਗੈਂਗਸਟਰਾਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਦਾ ਪਤਾ ਲੱਗਣ ਸਦਕਾ ਪਿਛਲੇ ਕੁਝ ਮਹੀਨਿਆਂ ਵਿੱਚ ਪੰਜਾਬ-ਹਿਮਾਚਲ ਸਰਹੱਦ ਨੇੜੇ ਇਨ੍ਹਾਂ ਗੈਰ ਸਮਾਜਿਕ ਤੱਤਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਕਾਫ਼ੀ ਕਮੀ ਆਈ ਹੈ।

ਇਸ ਨੂੰ ਵੀ ਪੜ੍ਹੋ:
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

YP Headlines