‘ਦਾਸਤਾਨ-ਏ-ਮੀਰੀ ਪੀਰੀ’ ਕਾਰਟੂਨ ਫ਼ਿਲਮ ਸਿੱਖ ਸਿਧਾਂਤਾਂ ਅਤੇ ਖ਼ਾਲਸਾ ਪੰਥ ਦੇ ਮਤੇ ਨੂੰ ਚੁਣੌਤੀ : ਪੰਥਕ ਤਾਲਮੇਲ ਸੰਗਠਨ

ਹੁਸ਼ਿਆਰਪੁਰ, 1 ਜੂਨ, 2019 –

ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਇਕ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਵਿਵਾਦਤ ਕਾਰਟੂਨ ਫ਼ਿਲਮ ਦਾਸਤਾਨ-ਏ-ਮੀਰੀ ਪੀਰੀ ਸਬੰਧੀ ਕਿਹਾ ਕਿ ਛਟਮ ਪੀਰ ਪ੍ਰੋਡਕਸ਼ਨਜ਼ ਅੰਮ੍ਰਿਤਸਰ ਵਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੁਰਦਿਆਂ ਵਿਖਾਉਣਾ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ। ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਯਾਦ ਕਰਵਾਇਆ ਕਿ ਸੰਨ 1934 ਵਿਚ ਅਜਿਹੇ ਮਾਮਲਿਆਂ ਸਬੰਧੀ ਖ਼ਾਲਸਾ ਪੰਥ ਦੇ ਸਿਰਮੌਰ ਵਿਦਵਾਨਾਂ ਨੇ ਵਿਚਾਰ-ਵਟਾਂਦਰੇ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਸਲਾਹਕਾਰ ਕਮੇਟੀ ਵਿਚ ਮਤਾ ਪਾਇਆ ਸੀ। ਜਿਸ ਵਿਚ ਫੈਸਲਾ ਹੋਇਆ ਕਿ ਗੁਰੂ ਸਾਹਿਬਾਨ, ਗੁਰੂ ਪਰਿਵਾਰਾਂ, ਸ਼ਹੀਦਾਂ, ਮਹਾਨ ਗੁਰਸਿੱਖਾਂ ਅਤੇ ਸਿੱਖ ਸੰਸਕਾਰਾਂ ਦੇ ਸਵਾਂਗ ਰਚਣ ਅਤੇ ਨਕਲਾਂ ਲਾਹੁਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਸੋ ਅੱਜ ਇਸ ਫਿਲਮ ਨੂੰ ਸਵੀਕਾਰ ਕਰਨਾ ਜਾਂ ਇਸ ਉੱਪਰ ਕੋਈ ਵਿਚਾਰ-ਵਟਾਂਦਰਾ ਕਰਨਾ ਜਿੱਥੇ ਸ਼ਬਦ-ਗੁਰੂ ਸਿਧਾਂਤ ਨੂੰ ਚੁਣੌਤੀ ਹੈ, ਉੱਥੇ ਖ਼ਾਲਸਾ ਪੰਥ ਵਲੋਂ ਪਾਸ ਮਤੇ ਦੀ ਘੋਰ ਉਲੰਘਣਾ ਵੀ ਹੈ।

ਉਹਨਾਂ ਕਿਹਾ ਕਿ ਬਿਨਾਂ ਸ਼ੱਕ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਆਧੁਨਿਕ ਤਕਨੀਕ ਦੇ ਤਰੀਕੇ ਵਰਤੇ ਜਾਣੇ ਚਾਹੀਦੇ ਹਨ। ਪਰ ਇਹ ਵੀ ਚੇਤੇ ਰਹਿਣਾ ਚਾਹੀਦਾ ਹੈ ਕਿ ਫ਼ਿਲਮਾਕਣ ਕਲ਼ਾ ਰੂਹਾਨੀ ਨਿਯਮਾਂ ਦੇ ਨੁਕਤਾ ਨਿਗਾਹਾਂ ਦੇ ਸਾਹਮਣੇ ਦੋਸ਼ਾਂ ਦੇ ਘੇਰੇ ਵਿਚ ਆਉਂਦੀ ਹੈ। ਰੂਹਾਨੀਅਤ ਕਿਸੇ ਕਲ਼ਾ ਜਾਂ ਕਲਾਕਾਰ ਦੀ ਮੁਥਾਜ ਨਹੀਂ ਹੁੰਦੀ ਹੈ। ਗੁਰੂ ਸਾਹਿਬਾਨ ਦੀਆਂ ਮਨਘੜਤ ਤਸਵੀਰਾਂ ਨੇ ਅੱਜ ਤੱਕ ਕਿੰਨਾ ਕੁ ਪ੍ਰਚਾਰ-ਪ੍ਰਸਾਰ ਕੀਤਾ ਹੈ, ਇਸ ਦਾ ਜਵਾਬ ਆਪਣੇ ਅੰਦਰੋਂ ਲੈ ਲੈਣਾ ਚਾਹੀਦਾ ਹੈ। ਸਪੱਸ਼ਟ ਜਵਾਬ ਹੈ ਕਿ ਇਸ ਰੁਝਾਨ ਨੇ ਨਾਟਕ-ਚੇਟਕ ਨੂੰ ਉਕਸਾਇਆ ਹੈ। ਪ੍ਰੋ: ਪੂਰਨ ਸਿੰਘ, ਭਾਈ ਵੀਰ ਸਿੰਘ ਅਤੇ ਪ੍ਰੋ: ਹਰਿੰਦਰ ਸਿੰਘ ਮਹਿਬੂਬ ਜੈਸੇ ਵਿਦਵਾਨਾਂ ਨੇ ਗੁਰੂ ਸਾਹਿਬਾਨ ਦੇ ਚਿੱਤਰਾਂ ਦੀ ਪਿਰਤ ਨੂੰ ਮੂਲੋਂ ਰੱਦ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਪੰਥਕ ਵਿਹੜੇ ਵਿਚ ਬੈਠੀ ਬੁਤਪ੍ਰਸਤੀ ਕੌਮ ਸਾਹਮਣੇ ਚੁਣੌਤੀ ਹੈ।

ਜੇਕਰ ਬੁਤਪ੍ਰਸਤੀ ਨੂੰ ਉਖਾੜਿਆ ਨਾ ਗਿਆ ਤਾਂ ਭਵਿੱਖ ਵਿਚ ਸਿੱਖ ਕੌਮ ਦਾ ਨਿਆਰਾਪਨ ਨਿਆਣੇਪਨ ਵਿਚ ਘਿਰ ਜਾਵੇਗਾ। ਕਿਸੇ ਫ਼ਿਲਮ, ਤਸਵੀਰ ਜਾਂ ਗ੍ਰਾਫ਼ ਦੁਆਰਾ ਗੁਰੂ ਸਾਹਿਬਾਨਾਂ ਦੀ ਅਸੀਮ ਦੇਣ ਨੂੰ ਕਿਸੇ ਸੀਮਾ ਵਿਚ ਪੇਸ਼ ਕਰਨਾ ਰੂਹਾਨੀ ਸ਼ਕਤੀ ਨੂੰ ਵੰਗਾਰ ਹੈ। ਦੁਨੀਆਂ ਦਾ ਕੋਈ ਕਲਾਕਾਰ ਆਪਣੀ ਤੁੱਛ ਬੁੱਧ ਨਾਲ ਗੁਰੂ ਸਾਹਿਬਾਨਾਂ ਦੇ ਇਲਾਹੀ ਇਲਮ ਨਾਲ ਇਨਸਾਫ ਨਹੀਂ ਕਰ ਸਕਦਾ। ਕੇਵਲ ਤੇ ਕੇਵਲ ਗੁਰਬਾਣੀ ਸ਼ਬਦ-ਗੁਰੂ ਹੀ ਅਸਲ ਤੇ ਅਸਰਦਾਰ ਪ੍ਰਚਾਰ- ਪ੍ਰਸਾਰ ਕਰਨ ਦੇ ਸਮਰੱਥ ਹੈ।

Share News / Article

Yes Punjab - TOP STORIES