ਦਾਖਾ ਹਲਕੇ ਦਾ ਵਿਕਾਸ ਕਰਵਾਉਣਾ ਮੇਰੀ ਸਭ ਤੋਂ ਪਹਿਲੀ ਜਿੰਮੇਵਾਰੀ: ਕੈਪਟਨ ਸੰਦੀਪ ਸੰਧੂ

ਮੁੱਲਾਂਪੁਰ, 2 ਅਕਤੂਬਰ, 2019:

ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਅੱਜ ਹਲਕੇ ਦੇ ਪਿੰਡ ਈਸੇਵਾਲ ‘ਚ ਪਹੁੰਚਣ ਤੇ ਭਾਰੀ ਇਕੱਠ ਹੋਇਆ। ਇਸ ਮੌਕੇ ਲੋਕਾਂ ਨੇ ਹਾਰ ਪਾ ਕੇ ਕੈਪਟਨ ਸੰਦੀਪ ਸੰਧੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦਾ ਭਰਵਾਂ ਸਵਾਗਤ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਮੇਜਰ ਸਿੰਘ ਭੈਣੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਮੁੱਲਾਂਪੁਰ, ਦਰਸ਼ਨ ਸਿੰਘ ਬਿਰਮੀ, ਭਜਨ ਸਿੰਘ ਦੇਤਵਾਲ, ਮਨਜੀਤ ਸਿੰਘ ਹੰਬੜਾ, ਅਮਰਿੰਦਰ ਸਿੰਘ ਜੱਸੋਵਾਲ ਹਾਜਰ ਸਨ।

ਮਨਪ੍ਰੀਤ ਸਿੰਘ ਈਸੇਵਾਲ ਬਲਾਕ ਪ੍ਰਧਾਨ ਅਤੇ ਗੁਰਜੀਤ ਸਿੰਘ ਈਸੇਵਾਲ ਮੈਂਬਰ ਪੰਚਾਇਤ ਵੱਲੋਂ ਰੱਖੀ ਗਈ ਮੀਟਿੰਗ ‘ਚ ਇਕੱਠ ਤੋਂ ਗਦਗਦ ਹੋਏ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਈਸੇਵਾਲ ਦੇ ਵਸਨੀਕ ਜਿਨ੍ਹਾਂ ਨਾਲ ਅੱਜ ਮੇਰੀ ਪਹਿਲੀ ਮੁਲਾਕਾਤ ਹੈ, ਦਾ ਮੈਂ ਸਦਾ ਰਿਣੀ ਰਹਾਂਗਾ।

ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ ਹਰ ਪਿੰਡ ‘ਚ ਮੈਨੂੰ ਅਥਾਹ ਪਿਆਰ ਮਿਲ ਰਿਹਾ ਹੈ ਅਤੇ ਈਸੇਵਾਲ ਦਾ ਲੋਕਾਂ ਦੇ ਇਸ ਅਥਾਹ ਪਿਆਰ ਦਾ ਮੈਂ ਸਦਾ ਰਿਣੀ ਰਹਾਂਗਾ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਵਿਕਾਸ ਦੇ ਨਾਮ ‘ਤੇ ਵੋਟ ਮੰਗੀ ਹੈ ਤੇ ਅਸੀਂ ਇਹ ਚੋਣ ਵਿਕਾਸ ਦੇ ਨਾਮ ‘ਤੇ ਜਿੱਤਣ ਆਏ ਹਾਂ। ਮੈਂ ਆਪਣੇ ਆਪ ਨੂੰ ਹਲਕੇ ਦੇ ਲੇਖੇ ਲਾਉਣਾ ਆਇਆ ਹਾਂ। ਹਲਕੇ ਦਾ ਵਿਕਾਸ ਕਰਵਾਉਣਾ ਮੇਰੀ ਸਭ ਤੋਂ ਪਹਿਲੀ ਜਿੰਮੇਵਾਰੀ ਹੋਵੇਗੀ ਅਤੇ ਕੋਈ ਅਹਿਸਾਨ ਨਹੀਂ ਹੈ।

ਉਨ੍ਹਾਂ ਜੋਰ ਦੇ ਕੇ ਆਖਿਆ ਕਿ ਜੇ ਉਹ 117 ਹਲਕਿਆਂ ਦਾ ਕੰਮ ਕਰਵਾ ਸਕਦੇ ਹਨ ਤਾਂ ਹਲਕਾ ਦਾਖਾ ਦੇ 111 ਪਿੰਡ ਕੋਈ ਵੱਡੀ ਗੱਲ ਨਹੀ ਹੈ। ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਹਲਕਾ ਦਾਖਾ ਨੂੰ ਨੰਬਰ ਇਕ ਹਲਕਾ ਬਣਾਇਆ ਜਾਵੇਗਾ। ਹਲਕੇ ‘ਚ ਮੁੱਢਲੀਆਂ ਸਹੂਲਤਾਂ ਭਾਵੇਂ ਉਹ ਸੜਕਾਂ, ਪੀਣ ਵਾਲਾ ਪਾਣੀ, ਸੀਵਰੇਜ ਜਾਂ ਹੋਰ ਹਨ ਸਭ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।

ਇਸ ਮੌਕੇ ਜਿੱਥੇ ਸਮੁੱਚੀ ਲੀਡਰਸ਼ਿਪ ਨੇ ਆਪਣੇ ਸੰਬੋਧਨ ਵਿਚ ਲੋਕਾਂ ਨੂੰ ਕੈਪਟਨ ਸੰਦੀਪ ਸੰਧੂ ਦੇ ਹੱਕ ‘ਚ ਲਾਮਬੰਦ ਕੀਤਾ, ਉੱਥੇ ਸਾਂਸਦ ਰਵਨੀਤ ਬਿੱਟੂ ਨੇ ਕਿਹਾ ਕਿ ਕੈਪਟਨ ਸੰਧੂ ਨੇ ਪਿਛਲੇ 12 ਸਾਲਾਂ ‘ਚ 117 ਹਲਕਿਆਂ ਦੀ ਸੇਵਾ ਕੀਤੀ ਅਤੇ ਢਾਈ ਸਾਲ ਤੋਂ ਬਤੌਰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸਰਕਾਰ ‘ਚ ਅਹਿਮ ਰੋਲ ਨਿਭਾਅ ਰਹੇ ਹਨ।

ਇਸ ਲਈ ਲੁਧਿਆਣਾ ਖਾਸਕਰ ਦਾਖਾ ਦੀ ਸਮੁੱਚੀ ਲੀਡਰਸ਼ਿਪ ਨੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹਲਕੇ ਦੇ ਵਿਕਾਸ ਲਈ ਕੈਪਟਨ ਸੰਦੀਪ ਨੂੰ ਮੰਗ ਕੇ ਲਿਆਏ ਹਾਂ। ਇਸ ਲਈ ਆਓ ਤੁਜ਼ਰਬੇਕਾਰ, ਇਮਾਨਦਾਰ ਅਤੇ ਪੜ੍ਹੇ-ਲਿਖੇ ਉਮੀਦਵਾਰ ਕੈਪਟਨ ਸੰਦੀਪ ਨੂੰ ਜਿਤਾਓ ਅਤੇ ਆਪਣਾ ਭਵਿੱਖ ਸੁਰੱਖਿਅਤ ਕਰੋ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਸਿੰਘ ਦਾਖਾ, ਕਮਲਜੀਤ ਸਿੰਘ, ਜਗਦੇਵ ਸਿੰਘ, ਗੌਰਵ ਬੱਬਾ, ਸਰਪੰਚ ਮਿੱਕਾ ਗਿੱਲ, ਇੰਦਰਜੀਤ ਈਸੇਵਾਲ ਪ੍ਰਧਾਨ ਐਨਐਸਯੂਆਈ, ਜਗਰੂਪ ਸਿੰਘ, ਮਨਪ੍ਰੀਤ ਸਿੰਘ ਮਨੀ, ਸੁਰਿੰਦਰ ਸਿੰਘ, ਮਨਪ੍ਰੀਤ ਸਿੰਘ ਈਸੇਵਾਲ ਆਦਿ ਹਾਜਰ ਸਨ।

Share News / Article

Yes Punjab - TOP STORIES