ਦਾਅਵਿਆਂ ਦੇ ਬਾਵਜੂਦ ਨਸ਼ੇ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ – ਦੋ ਹੋਰ ਨੌਜਵਾਨ ਨਸ਼ੇ ਦੀ ਭੇਂਟ ਚੜ੍ਹੇ – ਵੀਡੀਉ ਸਣੇ

ਯੈੱਸ ਪੰਜਾਬ
ਮੋਗਾ, 29 ਅਗਸਤ, 2019:
ਨਸ਼ੇ ਨੂੰ ਠਲ੍ਹ ਪਾ ਲੈਣ ਦੇ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿਚ ਨਸ਼ਿਆਂ ਕਾਰਨ ਅਤੇ ਨਸ਼ਿਆਂ ਦੀ ਉਵਰਡੋਜ਼ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

24 ਘੰਟਿਆਂ ਦੇ ਅੰਦਰ ਹੀ ਪੰਜਾਬ ਅੰਦਰ ਦੋ ਹੋਰ ਨੌਜਵਾਨਾਂ ਦੇ ਨਸ਼ਿਆਂ ਦਾ ਸ਼ਿਕਾਰ ਹੋ ਜਾਣ ਦੀ ਖ਼ਬਰ ਹੈ।

ਇਕ ਮਾਮਲਾ ਮੋਗਾ ਅਤੇ ਦੂਜਾ ਫ਼ਿਰੋਜ਼ਪੁਰ ਦਾ ਹੈ। ਮੋਗਾ ਵਿਚ ਗੁਰਜਿੰਦਰ ਸਿੰਘ ਵਿੱਕੀ ਨਾਂਅ ਦੇ 25 ਸਾਲਾ ਨੌਜਵਾਨ ਦੀ ਲਾਸ਼ ਖ਼ੇਤਾਂ ਕੋਲੋਂ ਬਰਾਮਦ ਹੋਈ ਹੈ ਜਦਕਿ ਫਿਰਜੋਜ਼ਪੁਰ ਵਿਚ ਰਣਜੀਤ ਸਿੰਘ ਬੱਬੂ ਨਾਂਅ ਦੇ ਨੌਜਵਾਨ ਦੀ ਮੌਤ ਦੀ ਖ਼ਬਰ ਹੈ।

ਮੋਗਾ ਦੇ ਪਿੰਡ ਦੌਲੇਵਾਲਾ ਮਾਇਰ ਤੋਂ ਮਸਤੇਵਾਲਾ ਸੜਕ ’ਤੇ ਖ਼ੇਤਾਂ ਕੰਢੇ ਇਕ ਨੌਜਵਾਨ ਦੀ ਲਾਸ਼ ਮਿਲੀ ਜਿਸ ਦੀ ਪਛਾਣ ਕੋਟ ਈਸੇ ਖ਼ਾਂ ਵਾਸੀ ਵਿੱਕੀ ਵਜੋਂ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਉਹ ਦੌਲੇਵਾਲਾ ਮਾਇਰ ਤੋਂ ਕਥਿਤ ਤੌਰ ’ਤੇ ‘ਚਿੱਟੇ’ ਦਾ ਨਸ਼ਾ ਕਰ ਕੇ ਵਾਪਸ ਪਰਤ ਰਿਹਾ ਸੀ ਅਤੇ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ।

ਵਿੱਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸਨੂੰ ਕਿਸੇ ਨੇ ਨਸ਼ੇ ਦੀ ਉਵਰਡੋਜ਼ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਵਿੱਕੀ ਦੀ ਭੈਣ ’ਦੇ ਬਿਆਨ ’ਤੇ ਧਾਰਾ 304 ਆਈ.ਪੀ.ਸੀ.ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿੱਕੀ ਪਹਿਲਾਂ ਵੀ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਰਿਹਾ ਸੀ।

ਮੋਗਾ ਜ਼ਿਲ੍ਹੇ ਵਿਚ ਹੀ ਨਸ਼ੇ ਕਾਰਨ ਮੌਤ ਦਾ ਇਹ ਇਕ ਮਹੀਨੇ ਦੇ ਅੰਦਰ ਪੰਜਵਾਂ ਮਾਮਲਾ ਦੱÎਸਿਆ ਜਾ ਰਿਹਾ ਹੈ।

ਦੌਲੇਵਾਲਾ ਮਾਇਰ ਪਿੰਡ ਨਸ਼ੇ ਲਈ ਜਾਣਿਆ ਜਾਂਦਾ ਹੈ। ਇਸ ਗੱਲ ਦਾ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਪਿੰਡ ਦੀਆਂ 50 ਦੇ ਲਗਪਗ ਔਰਤਾਂ ਸਣੇ ਲਗਪਗ 500 ਵਿਅਕਤੀ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਿਲ ਹੋਣ ਕਰਕੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਕਈ ਤਾਂ ਜੇਲ੍ਹ ਵਿਚ ਬੰਦ ਹਨ।

ਇਸ ਤੋਂ ਪਹਿਲਾਂ 33 ਸਾਲਾ ਮਨਮੋਹਨ ਸਿੰਘ ਵਾਸੀ ਪਿੰਡ ਡਾਲਾ ਦੀ 2 ਅਗਸਤ ਨੂੰ ਨਸ਼ੇ ਕਾਰਨ ਮੌਤ ਹੋ ਗਈ ਸੀ।

ਉਸ ਮਗਰੋਂ 10 ਅਗਸਤ ਨੂੰ ਬਲਜਿੰਦਰ ਸਿੰਘ ਵਾਸੀ ਪਿੰਡ ਘੋਲੀਆ ਖ਼ੁਰਦ ਨੇ ਆਪਣੇ ਮਾਪਿਆਂ ਤੋਂ ਨਸ਼ੇ ਲਈ ਪੈਸੇ ਨਾ ਮਿਲਣ ਕਾਰਨ ਆਤਮਹੱਤਿਆ ਕਰ ਲਈ ਸੀ।

13 ਅਗਸਤ ਨੂੰ ਜਗਦੀਸ਼ ਸ਼ਰਮਾ ਵਾਸੀ ਅਹਾਤਾ ਬੱਧਨ ਸਿੰਘ ਦੀ ਨਸ਼ੇ ਦੀ ਉਵਰਡੋਜ਼ ਕਾਰਨ ਮੌਤ ਹੋ ਗਈ ਸੀ ਜਿਸ ਦੇ ਸੰਬੰਧ ਵਿਚ ਪੁਲਿਸ ਨੇ ਸਾਧਾਂਵਾਲੀ ਬਸਤੀ ਦੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

21 ਅਗਸਤ ਨੂੰ ਤਲਵੰਡੀ ਮੱਲੀਆਂ ਵਾਸੀ 22 ਸਾਲਾ ਗੁਰਪ੍ਰੀਤ ਸਿੰਘ ਦੀ ਵੀ ਨਸ਼ੇ ਕਾਰਨ ਹੀ ਮੌਤ ਹੋ ਗਈ ਸੀ।

ਉੱਧਰ ਫਿਰੋਜ਼ਪੁਰ ਵਿਚ ਥਾਣਾ ਸਦਰ ਦੇ ਪਿੰਡ ਬੱਗੇ ਕੇ ਪਿੱਪਲ ਦੇ ਇਕ ਨੌਜਵਾਨ ਰਣਜੀਤ ਸਿੰਘ ਬੱਬੂ ਪੁੱਤਰ ਰੇਸ਼ਮ ਸਿੰਘ ਦੀ ਵੀ ਨਸ਼ੇ ਦੀ ਉਵਰਡੋਜ਼ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ।

ਪਤਾ ਲੱਗਾ ਹੈ ਕਿ ਬੱਬੂ ਪਿਛਲੇ ਕੁਝ ਸਮੇਂ ਤੋਂ ਨਸ਼ੇ ਦੀ ਆਦਤ ਦਾ ਸ਼ਿਕਾਰ ਸੀ ਅਤੇ ਉਸ ਵੱਲੋਂ ਹੁਣ ਨਸ਼ੇ ਦੀ ਪੂਰਤੀ ਲਈ ਲਗਾਇਆ ਗਿਆ ਟੀਕਾ ਹੀ ਜਾਨਲੇਵਾ ਸਾਬਿਤ ਹੋਇਆ ਹੈ

Share News / Article

YP Headlines