ਦਵਾਈਆਂ ਦੀ ਕੀਮਤ ਬ੍ਰਾਂਡ ਨਹੀ ਸਗੋ ਸਾਲਟ ਅਨੁਸਾਰ ਹੋਵੇ: ਬਲਬੀਰ ਸਿੱਧੂ

ਜਲੰਧਰ, 12 ਜਨਵਰੀ, 2020:

ਗਰੀਬ ਲੋਕਾਂ ਨੂੰ ਸਸਤੇ ਮੁੱਲ ’ਤੇ ਸਾਰੀਆਂ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਦਵਾਈਆਂ ਦੀਆਂ ਕੀਮਤਾਂ ਸਾਲਟ ’ਤੇ ਨਿਰਧਾਰਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਨਾ ਕਿ ਬ੍ਰਾਂਡ ਦੇ ਅਨੁਸਾਰ ਹੋਣੀਆਂ ਚਾਹੀਦੀ ਹਨ।

ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਪੰਜਾਬ ਦੀ ਸਾਲਾਨਾ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਕੈਮੀਕਲ ਅਤੇ ਖਾਦ ਮੰਤਰਾਲੇ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਕਿਹਾ ਕਿ ਦਵਾਈਆਂ ਦੀਆਂ ਕੀਮਤਾਂ ਵਿੱਚ ਇਕਸਾਰਤਾ ਲਿਆਈ ਜਾਵੇ ਤਾਂ ਜੋ ਸਾਰਿਆਂ ਨੂੰ ਇਸ ਦਾ ਲਾਭ ਮਿਲ ਸਕੇ।

ਸ਼੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ ਅਤੇ ਦਵਾਈਆਂ ਦੀਆਂ ਕੀਮਤਾਂ ਸਾਲਟ ਦੇ ਅਨੁਸਾਰ ਤੈਅ ਕਰਨ ਦੇ ਮੁੱਦੇ ਨੂੰ ਕੇਂਦਰ ਸਰਕਾਰ ਨੂੰ ਕਹਿਣਗੇ। ਸ਼੍ਰੀ ਸਿੱਧੂ ਨੇ ਡਾਕਟਰ ਭਾਈਚਾਰੇ ਤੋਂ ਮਰੀਜ਼ਾਂ ਨੂੰ ਸਾਲਟ ਦੇ ਆਧਾਰ ’ਤੇ ਦਵਾਈਆਂ ਲਿਖਣ ਲਈ ਸਹਿਯੋਗ ਦੀ ਮੰਗ ਕੀਤੀ।

ਉਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਪੰਜਾਬ ਸਰਕਾਰ ਨਾਲ ਮਿਲਕੇ ਪੰਜਾਬ ਨੂੰ ਸਿਹਤਮੰਤ ਪੰਜਾਬ ਬਣਾਉਣ ਲਈ ਆਯੁਸ਼ਮਾਨ ਭਾਰਤ ਸਰਬੱਤ ਸਹਿਤ ਬੀਮਾ ਯੋਜਨਾ ਤਹਿਤ ਹਸਪਤਾਲਾਂ ਨੂੰ ਰਜਿਸਟਰ ਕਜਨ ਅਤੇ ਗਰੀਬ ਲੋਕਾਂ ਲਈ ਮੈਡੀਕਲ ਕੈਂਪ ਲਾਉਣ ਦੀ ਬੇਨਤੀ ਕੀਤੀ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਸਕੀਮ ਤਹਿਤ ਰਾਜ ਦੇ 470 ਹਸਪਤਾਲਾਂ ਨੂੰ ਅਧਿਕਾਰਤ ਕਰ ਦਿੱਤਾ ਹੈ । ਇਸ ਯੋਜਨਾ ਤਹਿਤ 1.05 ਲੱਖ ਲੋਕਾਂ ਨੂੰ ਇਲਾਜ ਕਰਵਾ ਲਿਆ ਹੈ ਅਤੇ ਹਸਪਤਾਲਾਂ ਨੂੰ ਅਦਾਇਗੀ ਵੀ ਇਕ ਮਹੀਨੇ ਦੇ ਅੰਦਰ ਅੰਦਰ ਕਰ ਦਿੱਤੀ ਗਈ ਹੈ।

ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਸਬ ਸੈਂਟਰਾਂ ਨੂੰ ਅਪਗ੍ਰੇਡ ਕਰਕੇ ਲਗਭਗ 3000 ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਐਚ.ਡਬਲਯੂ.ਸੀ) ਖੋਲ ਰਹੀ ਹੈ ਜਿਥੇ ਸਿਖਿਅਤ ਨਰਸਿੰਗ ਅਧਿਕਾਰੀ ਕੰਮਿਊਂਨਟੀ ਹੈਲਥ ਅਫਸਰ ਵਾਂਗ ਕੰਮ ਕਰਨਗੇ ਅਤੇ ਸਾਰਿਆਂ ਨੂੰ ਵਧੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਗੇ।

ਉਨ੍ਹਾਂ ਕਿਹਾ ਕਿ ਯੁਗਾਂ ਤੋਂ ਮੈਡੀਕਲ ਪੇਸ਼ੇ ਨੂੰ ਬਹੁਤ ਹੀ ਮਹੱਤਵਪੂਰਨ ਤੇ ਪਵਿੱਤਰ ਪੇਸ਼ਾ ਮੰਨਿਆ ਜਾਂਦਾ ਹੈ ਅਤੇ ਸਾਰਿਆਂ ਨੂੰ ਇਸ ਮਾਣ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਲੋੜਵੰਤ ਅਤੇ ਪਛੜੇ ਵਰਗਾਂ ਲਈ ਵੱਧ ਤੋਂ ਵੱਧ ਕੰਮ ਕਰਨ।

ਮੰਤਰੀ ਨੇ ਆਈ.ਐਮ.ਏ ਨੂੰ ਕਲੀਨਿਕਲ ਇਟੈਬਲੀਸਮੈਂਟ ਐਕਟ ਦੇ ਮੁੱਦਿਆਂ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਆਈ.ਐਮ.ਏ ਲਈ ਪੰਜ ਲੱਖ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਅਤੇ ਡਾ. ਨਵਜੋਤ ਦਹੀਆ ਨੂੰ ਆਈ.ਐਮ.ਏ ਪੰਜਾਬ ਦੇ ਨਵੇਂ ਪ੍ਰਧਾਨ ਬਨਣ ­’ਤੇ ਵਧਾਈ ਦਿੱਤੀ।

ਮੰਤਰੀ ਨੇ ਕਾਨਫਰੰਸ ਦੌਰਾਨ ਆਈ.ਐਮ.ਏ ਦੇ ਮੈਬਰਾਂ ਨੂੰ ਅਵਾਰਡ ਵੀ ਦਿੱਤੇ। ਮੰਤਰੀ ਐਮ.ਬੀ.ਬੀ.ਐਸ ਦੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਕਿਹਾ ਉਹ ਹੋਰ ਥਾਵਾਂ ’ਤੇ ਜਾਣ ਦੀ ਬਜਾਏ ਪਹਿਲਾਂ ਰਾਜ ਦੀ ਸੇਵਾ ਕਰਨ ਲਈ ਜੋਸ਼ ਨਾਲ ਕੰਮ ਕਰਨ।

ਇਸ ਮੌਕੇ ’ਤੇ ਮੇਅਰ ਸ਼੍ਰੀ ਜਗਦੀਸ਼ ਰਾਜ ਰਾਜਾ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ ਮੰਗਤ, ਪੀ.ਐਮ.ਸੀ ਪ੍ਰਧਾਨ ਡਾ. ਏ.ਐਸ ਸੇਖੋ, ਆਈ.ਐਮ.ਏੇ ਮੈਬਰ ਡਾ. ਯੋਗੇਸ਼ਵਰ ਸੂਦ, ਡਾ. ਹਰੀਸ਼ ਭਰਦਵਾਜ ਅਤੇ ਹੋਰ ਵੀ ਹਾਜ਼ਰ ਸਨ।

Share News / Article

YP Headlines

Loading...