ਦਲਬੀਰ ਸਿੰਘ ਦੇ ਕਤਲ ਦੀ ਜਾਂਚ ਲਈ ਐੱਸ.ਐੱਸ.ਪੀ. ਬਟਾਲਾ ਵਲੋਂ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਬਟਾਲਾ, 24 ਨਵੰਬਰ, 2019:

ਬੀਤੀ 18 ਨਵੰਬਰ ਨੂੰ ਪੁਲਿਸ ਜ਼ਿਲ੍ਹਾ ਬਟਾਲਾ ਦੇ ਪਿੰਡ ਢਿਲਵਾਂ ਵਿਖੇ ਦਲਬੀਰ ਸਿੰਘ ਸਾਬਕਾ ਸਰਪੰਚ ਜਿਸਨੂੰ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਕਾਰਨ ਕਤਲ ਕਰ ਦਿਤਾ ਗਿਆ ਸੀ, ਦੀ ਜਾਂਚ ਲਈ ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਵਲੋਂ 5 ਮੈਂਬਰੀ ਇੱਕ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਦਾ ਗਠਨ ਕੀਤਾ ਗਿਆ ਹੈ।

ਐੱਸ.ਐੱਸ.ਪੀ. ਬਟਾਲਾ ਸ. ਘੁੰਮਣ ਨੇ ਦੱਸਿਆ ਕਿ ਇਸ ਵਿਸ਼ੇਸ਼ ਜਾਂਚ ਟੀਮ ਵਿੱਚ ਡੀ.ਐੱਸ.ਪੀ. (ਸ਼ਪੈਸ਼ਲ ਬਰਾਂਚ) ਪ੍ਰੇਮ ਕੁਮਾਰ, ਡੀ.ਐੱਸ.ਪੀ. ਡੇਰਾ ਬਾਬਾ ਨਾਨਕ ਲਖਵਿੰਦਰ ਸਿੰਘ, ਇੰਸਪੈਕਟਰ ਹਰਬੰਸ ਸਿੰਘ (ਇਨਵੈਸਟੀਗੇਸ਼ਨ ਯੂਨਿਟ), ਇੰਚਾਰਜ ਸੀ.ਆਈ.ਏ. ਇੰਸਪੈਕਟਰ ਸੁਰਿੰਦਰ ਸਿੰਘ ਅਤੇ ਐੱਸ.ਐੱਚ.ਓ. ਥਾਣਾ ਕੋਟਲੀ ਸੂਰਤ ਮੱਲੀ ਸ਼ਾਮਲ ਹਨ।

ਇਸ ਤੋਂ ਇਲਾਵਾ ਐੱਸ.ਪੀ. ਹੈੱਡਕੁਆਟਰ ਇਸ ਜਾਂਚ ਟੀਮ ਦੇ ਕੰਮ ਦੀ ਨਿਗਰਾਨੀ ਕਰਨਗੇ। ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਹ ਜਾਂਚ ਟੀਮ ਇਸ ਕਤਲ ਕੇਸ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਕਤਲ ਦੇ ਅਸਲ ਕਾਰਨਾਂ ਅਤੇ ਦੋਸ਼ੀਆਂ ਦਾ ਪਤਾ ਲਗਾਵੇਗੀ।

ਉਨ੍ਹਾਂ ਦੱਸਿਆ ਕਿ ਐੱਸ.ਆਈ.ਟੀ. ਵਲੋਂ ਇਸ ਸਬੰਧੀ ਅੱਜ ਤੋਂ ਹੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ ਅਤੇ ਬਹੁਤ ਛੇਤੀ ਇਸ ਕੇਸ ਨਾਲ ਸਬੰਧਤ ਸਾਰੇ ਤੱਥ ਸਾਹਮਣੇ ਆ ਜਾਣਗੇ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੀ ਮੁਕਦਮੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਅਣਪਛਾਤੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਿਕਰਯੋਗ ਹੈ ਕਿ 18 ਨਵੰਬਰ 2019 ਨੂੰ ਰਾਤ ਸਮੇਂ ਪਿੰਡ ਢਿਲਵਾਂ ਵਿਖੇ ਦਲਬੀਰ ਸਿੰਘ ਸਾਬਕਾ ਸਰਪੰਚ ਪੁੱਤਰ ਸੰਤਾ ਸਿੰਘ ਨੂੰ ਪਿੰਡ ਦੇ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਅਤੇ ਗੋਲੀਆਂ ਚਲਾ ਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਸਨ, ਜਿਸ ਉਪਰੰਤ ਇਲਾਜ ਦੌਰਾਨ ਦਲਬੀਰ ਸਿੰਘ ਦੀ ਮੌਤ ਹੋ ਗਈ ਸੀ।

ਇਸ ਮਾਮਲੇ ਉੱਪਰ ਕਾਰਵਾਈ ਕਰਦਿਆਂ ਪੁਲਿਸ ਵਲੋਂ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਮਿਤੀ 19 ਨਵੰਬਰ 2019 ਨੂੰ ਮੁਕੱਦਮਾ ਨੰਬਰ 86 ਦਰਜ ਕਰਕੇ ਜੁਰਮ 302, 148, 149, ਭ.ਦ., 35-27-54-59 ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਸੀ।

Share News / Article

Yes Punjab - TOP STORIES