ਦਲਬੀਰ ਸਿੰਘ ਢਿਲਵਾਂ ਦੇ ਕਤਲਕਾਂਡ ਦਾ ਦੋਸ਼ੀ ਮਹਾਰਾਸ਼ਟਰ ਵਿਚ ਰੇਲਵੇ ਸਟੇਸ਼ਨ ਤੋਂ ਕਾਬੂ: ਐਸ.ਐਸ.ਪੀ. ਘੁੰਮਣ

ਬਟਾਲਾ, 26 ਨਵੰਬਰ, 2019-

ਪਿੰਡ ਢਿਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦੇ ਕਤਲ ਕੇਸ ਵਿੱਚ ਬਟਾਲਾ ਪੁਲਿਸ ਨੇ ਇੱਕ ਦੋਸ਼ੀ ਅੰਮ੍ਰਿਤਪਾਲ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਦਾਲਮ ਨੰਗਲ ਨੂੰ ਬੀਤੀ ਰਾਤ ਮਹਾਂਰਾਸ਼ਟਰ ਦੇ ਜ਼ਿਲ੍ਹਾ ਪਰਬਾਨੀ ਦੇ ਪੂਰਨਾ ਰੇਲਵੇ ਸ਼ਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਦੋਸ਼ੀ ਹਜ਼ੂਰ ਸਾਹਿਬ (ਨਾਂਦੇੜ) ਨੂੰ ਜਾ ਰਿਹਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਮੁੱਖੀ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਬੀਤੀ 18 ਨਵੰਬਰ ਨੂੰ ਪਿੰਡ ਢਿਲਵਾਂ ਵਿਖੇ ਕੁਝ ਵਿਅਕਤੀਆਂ ਵਲੋਂ ਸਾਬਕਾ ਸਰਪੰਚ ਦਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਉੱਪਰ ਕਾਰਵਾਈ ਕਰਦਿਆਂ ਦੋਸ਼ੀਆਂ ਖਿਲਾਫ਼ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਮੁਕੱਦਮਾ ਨੰਬਰ 36, ਮਿਤੀ 19-11-2019 ਨੂੰ ਜੁਰਮ 302, 148, 149 ਭ.ਦ, 25, 27-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਗ੍ਰਿਫ਼ਤਾਰੀ ਤੋਂ ਡਰਦੇ ਓਦੋਂ ਦੇ ਫਰਾਰ ਚੱਲ ਰਹੇ ਸੀ।

ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਸੀ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਦਾਲਮ ਨੰਗਲ, ਥਾਣਾ ਕਿਲ੍ਹਾ ਲਾਲ ਸਿੰਘ ਵੀ ਇਸ ਕਤਲ ਦੀ ਵਾਰਦਾਤ ਵਿੱਚ ਸ਼ਾਮਲ ਸੀ।

ਠੋਸ ਸੂਚਨਾ ਦੇ ਅਧਾਰ ’ਤੇ ਸ਼੍ਰੀ ਜਸਬੀਰ ਸਿੰਘ ਰਾਏ, ਐੱਸ.ਪੀ. ਸਥਾਨਿਕ ਬਟਾਲਾ ਦੀ ਨਿਗਰਾਨੀ ਹੇਠ ਇੱਕ ਪੁਲਿਸ ਪਾਰਟੀ ਜਿਸ ਵਿੱਚ ਬਲਬੀਰ ਸਿੰਘ ਡੀ.ਐੱਸ.ਪੀ. ਫਤਿਹਗੜ੍ਹ ਚੂੜੀਆਂ ਅਤੇ ਐੱਸ.ਆਈ. ਸੁਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਅਤੇ ਹੋਰ ਕਰਮਚਾਰੀਆਂ ਦੀ ਪਾਰਟੀ ਤਿਆਰ ਕਰਕੇ ਦੋਸ਼ੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਮਹਾਂਰਾਸ਼ਟਰ ਭੇਜੀ ਗਈ ਸੀ।

ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਅੰਮ੍ਰਿਤਪਾਲ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਦਾਲਮ ਨੰਗਲ ਨੂੰ 25 ਨਵੰਬਰ ਨੂੰ ਰਾਤ 9 ਵਜੇ ਮਹਾਂਰਾਸ਼ਟਰ ਦੇ ਜ਼ਿਲ੍ਹਾ ਪਰਬਾਨੀ ਦੇ ਪੂਰਨਾ ਰੇਲਵੇ ਸ਼ਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਕਿ ਸ਼੍ਰੀ ਹਜ਼ੂਰ ਸਾਹਿਬ (ਨਾਂਦੇੜ) ਨੂੰ ਜਾ ਰਿਹਾ ਸੀ। ਦੋਸ਼ੀ ਨੂੰ ਜਲਦ ਪੰਜਾਬ ਲਿਆਂਦਾ ਜਾ ਰਿਹਾ ਹੈ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਬਾਕੀ ਦੋਸ਼ੀਆਂ ਦੀ ਭਾਲ ਵੀ ਜਾਰੀ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Share News / Article

Yes Punjab - TOP STORIES