ਦਲਬੀਰ ਢਿੱਲਵਾਂ ਕੇਸ ’ਚ ਸੁਖ਼ਜਿੰਦਰ ਰੰਧਾਵਾ ਨਾਲ ਮਿਲ ਕੇ ਕੰਮ ਕਰ ਰਹੀ ਬਟਾਲਾ ਪੁਲਿਸ: ਅਕਾਲੀ ਦਲ

ਚੰਡੀਗੜ੍ਹ,29 ਜਨਵਰੀ, 2020 –

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਾਬਕਾ ਅਕਾਲੀ ਸਰਪੰਚ ਦਲਬੀਰ ਢਿੱਲਵਾਂ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ਵਿਚ ਅਦਾਲਤੀ ਸੁਣਵਾਈ ਮੌਕੇ ਝਾੜਝੰਬ ਤੋਂ ਬਚਣ ਅਤੇ ਲੋਕਾਂ ਦੀਆਂ ਅੱਖਾਂ ਵਿਚ ਮਿੱਟੀ ਪਾਉਣ ਲਈ ਬਟਾਲਾ ਪੁਲਿਸ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮਿਲ ਕੇ ਦੋਸ਼ੀਆਂ ਦੇ ਸਮਰਪਣ ਦਾ ਡਰਾਮਾ ਰਚ ਰਹੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬਟਾਲਾ ਪੁਲਿਸ ਨੇ ਪਹਿਲਾਂ ਇਸ ਘਿਨੌਣੇ ਕਤਲ ਦੀ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਹੀ ਜੇਲ੍ਹ ਮੰਤਰੀ ਨੂੰ ਕਲੀਨ ਚਿਟ ਦੇ ਦਿੱਤੀ ਸੀ ਅਤੇ ਇਸ ਮਾਮਲੇ ਵਿਚ ਕੋਈ ਵੀ ਗਿਰਫ਼ਤਾਰੀ ਕਰਨ ਤੋਂ ਪੈਰ ਖਿੱਚ ਲਏ ਸਨ।

ਉਹਨਾਂ ਕਿਹਾ ਕਿ ਹੁਣ ਜਦੋਂ ਇਸ ਦੀ ਅਦਾਲਤ ਵੱਲੋਂ ਝਾੜਝੰਬ ਹੋਣ ਲੱਗੀ ਹੈ ਤਾਂ ਇਹ ਹਰ ਅਦਾਲਤੀ ਸੁਣਵਾਈ ਦੌਰਾਨ ਇੱਕ ਦੋਸ਼ੀ ਨੂੰ ਪੇਸ਼ ਕਰਨ ਦਾ ਡਰਾਮਾ ਰਚ ਰਹੀ ਹੈ ਤਾਂ ਕਿ ਅਦਾਲਤ ਵਿਚ ਇਹ ਕਹਿ ਸਕੇ ਕਿ ਇਹ ਸਾਬਕਾ ਸਰਪੰਚ ਦੇ ਕਾਤਿਲਾਂ ਨੂੰ ਫੜਣ ਲਈ ਪੂਰੀ ਵਾਹ ਲਾ ਰਹੀ ਹੈ।

ਹੋਰ ਜਾਣਕਾਰੀ ਦਿੰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਮੇਜਰ ਸਿੰਘ ਨਾਂ ਦੇ ਇੱਕ ਦੋਸ਼ੀ ਨੂੰ ਖੁਫੀਆ ਜਾਣਕਾਰੀ ਮਿਲਣ ਮਗਰੋਂ ਗਿਰਫ਼ਤਾਰ ਕੀਤਾ ਵਿਖਾਇਆ ਗਿਆ ਹੈ ਜਦਕਿ ਸੱਚਾਈ ਇਹ ਹੈ ਕਿ ਕੱਲ੍ਹ ਨੂੰ ਅਦਾਲਤੀ ਸੁਣਵਾਈ ਦੌਰਾਨ ਝਾੜਝੰਬ ਤੋਂ ਬਚਣ ਲਈ ਯੋਜਨਾਬੱਧ ਤਰੀਕੇ ਨਾਲ ਦੋਸ਼ੀ ਕੋਲੋਂ ਸਮਰਪਣ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੋ ਦੋਸ਼ੀਆਂ ਬਲਵਿੰਦਰ ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੇ ਸਮਰਪਣ ਨੂੰ ਗਿਰਫ਼ਤਾਰੀਆਂ ਵਜੋਂ ਵਿਖਾਇਆ ਜਾ ਚੁੱਕਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਦਲਬੀਰ ਢਿੱਲਵਾਂ ਦੇ ਕਤਲ ਨੂੰ ਢਾਈ ਮਹੀਨੇ ਲੰਘ ਚੁੱਕੇ ਹਨ ਅਤੇ ਅਜੇ ਤਕ ਚਾਰ ਦੋਸ਼ੀ ਖੁੱਲ੍ਹੇ ਘੰੁਮ ਰਹੇ ਹਨ। ਉਹਨਾਂ ਕਿਹਾ ਕਿ ਇਹ ਇਸ ਲਈ ਹੋ ਰਿਹਾ ਹੈ, ਕਿਉਂਕਿ ਜੇਲ੍ਹ ਮੰਤਰੀ ਬਟਾਲਾ ਪੁਲਿਸ ਨੂੰ ਇਸ ਕੇਸ ਵਿਚ ਕਾਰਵਾਈ ਕਰਨ ਤੋਂ ਰੋਕ ਰਿਹਾ ਹੈ। ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਬਟਾਲਾ ਐਸਐਸਪੀ ਉਪਿੰਦਰਜੀਤ ਘੰੁਮਣ ਵੀ ਇਸ ਕੇਸ ਵਿਚ ਕਾਂਗਰਸ ਪਾਰਟੀ ਦਾ ਪੱਖ ਪੂਰ ਰਿਹਾ ਹੈ ਅਤੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਤੋਂ ਟਾਲਾ ਵੱਟ ਰਿਹਾ ਹੈ।

ਉਹਨਾਂ ਕਿਹਾ ਕਿ ਇੱਥੋਂ ਤਕ ਜਿਹਨਾਂ ਨੂੰ ਗਿਰਫ਼ਤਾਰ ਕੀਤਾ ਵਿਖਾਇਆ ਜਾ ਚੁੱਕਾ ਹੈ, ਉਹਨਾਂ ਨੇ ਵੀ ਯੋਜਨਾਬੱਧ ਤਰੀਕੇ ਨਾਲ ਸਮਰਪਣ ਕੀਤਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਪੁਲਿਸ ਇਸ ਕੇਸ ਵਿਚ ਨਰਮੀ ਵਰਤ ਕੇ ਦੋਸ਼ੀਆਂ ਦੀ ਮੱਦਦ ਕਰ ਰਹੀ ਹੈ ਅਤੇ ਇਹ ਵੀ ਦਾਅਵਾ ਕਰ ਰਹੀ ਹੈ ਕਿ ਇਹ ਕਤਲ ਆਪਸੀ ਰੰਜਿਸ਼ ਕਰਕੇ ਹੋਇਆ ਹੈ। ਪੁਲਿਸ ਇਸ ਨੂੰ ਸਿਆਸੀ ਕਤਲ ਦਾ ਮਾਮਲਾ ਮੰਨ ਕੇ ਜਾਂਚ ਕਰਨ ਤੋਂ ਟਾਲਾ ਵੱਟ ਰਹੀ ਹੈ।

ਸਰਦਾਰ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਦਲਬੀਰ ਢਿੱਲਵਾਂ ਦੇ ਪਰਿਵਾਰ ਦੇ ਨਾਲ ਹੈ ਅਤੇ ਇਸ ਕੇਸ ਵਿਚ ਇਨਸਾਫ ਦਿਵਾਉਣ ਲਈ ਸਾਬਕਾ ਸਰਪੰਚ ਦੀ ਨਵ-ਵਿਆਹੁਤਾ ਧੀ ਨਵਨੀਤ ਸਮੇਤ ਸਾਰੇ ਪਰਿਵਾਰਕ ਮੈਂਬਰਾਂ ਦੀ ਪੂਰੀ ਮੱਦਦ ਕਰੇਗਾ। ਉਹਨਾਂ ਕਿਹਾ ਕਿ ਇਹ ਕੇਸ ਇਸ ਲਈ ਵੀ ਅਹਿਮ ਹੈ, ਕਿਉਂਕਿ ਇਹ ਮੰਤਰੀ-ਗੈਂਗਸਟਰ-ਪੁਲਿਸ ਗਠਜੋੜ ਅਤੇ ਕਾਂਗਰਸੀ ਆਗੂਆਂ ਵੱਲੋਂ ਗੈਂਗਸਟਰਾਂ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਦਾ ਪਰਦਾਫਾਸ਼ ਕਰਦਾ ਹੈ।

ਉਹਨਾਂ ਕਿਹਾ ਕਿ ਅਸੀਂ ਪਹਿਲਾਂ ਹੀ ਵਿਖਾ ਚੁੱਕੇ ਹਾਂ ਕਿ ਕਿਸ ਤਰ੍ਹਾਂ ਸੁਖਜਿੰਦਰ ਰੰਧਾਵਾ ਨੇ ਜੇਲ੍ਹ ਵਿਚ ਜੱਗੂ ਭਗਵਾਨਪੁਰੀਆ ਦਾ ਬਚਾਅ ਕੀਤਾ ਹੈ ਅਤੇ ਇਸ ਦਾ ਪੰਜਾਬ ਦੇ ਡੀਜੀਪੀ ਨੂੰ ਸਬੂਤ ਵੀ ਦੇ ਚੁੱਕੇ ਹਾਂ। ਉਹਨਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਵਜ਼ਾਰਤ ਤੋਂ ਅਸਤੀਫਾ ਦੇ ਕੇ ਖੁਦ ਨੂੰ ਸੁਤੰਤਰ ਜਾਂਚ ਵਾਸਤੇ ਪੇਸ਼ ਕਰਨ ‘ਚ ਨਾਕਾਮ ਰਿਹਾ ਹੈ , ਪਰ ਅਸੀਂ ਇਸ ਸੰਬੰਧੀ ਸਾਰੇ ਤੱਥ ਅਦਾਲਤ ਅਤੇ ਲੋਕਾਂ ਅੱਗੇ ਲਿਆਉਣੇ ਜਾਰੀ ਰੱਖਾਂਗੇ ਤਾਂ ਕਿ ਦਲਬੀਰ ਢਿੱਲਵਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਈ ਜਾ ਸਕੇ।

Yes Punjab - Top Stories