ਦਰਬਾਰ ਸਾਹਿਬ ਵਿਖੇ ਗੁਰੂ ਕਾ ਬਾਗ ਸੰਗਤਾਂ ਲਈ ਬਣੇਗਾ ਖਿੱਚ ਦਾ ਕੇਂਦਰ

ਅੰਮ੍ਰਿਤਸਰ, 1 ਅਕਤੂਬਰ, 2019 –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਵਿਚਕਾਰ ਵਾਲੀ ਜਗ੍ਹਾ ’ਤੇ ‘ਗੁਰੂ ਕਾ ਬਾਗ’ ਸਥਾਪਿਤ ਕਰਦਿਆਂ ਇਥੇ ਕਈ ਪ੍ਰਕਾਰ ਦੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਪਹਿਲਾਂ ਅਰਦਾਸ ਹੋਈ।

ਬੂਟੇ ਲਗਾਉਣ ਦੀ ਸ਼ੁਰੂਆਤ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕੀਤੀ। ਵਰਨਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ। ਬਾਗਬਾਨੀ ਮਾਹਿਰਾਂ ਦੀ ਰਾਇ ਅਨੁਸਾਰ ਤਿਆਰ ਕੀਤੇ ਜਾ ਰਹੇ ਇਸ ਬਾਗ ਦੇ ਚੁਫੇਰੇ ਤਿੰਨ ਕਿਆਰੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚ ਅੱਜ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ ਇਸ ਬਾਗ ਵਿਚ 400 ਕਿਸਮਾਂ ਦੇ ਬੂਟੇ ਲਗਾਏ ਜਾਣਗੇ। ਕਿਆਰੀਆਂ ਦੇ ਵਿਚਕਾਰਲੇ ਭਾਗ ਵਿਚ ਸੈਂਕੜੇ ਤਰ੍ਹਾਂ ਤੇ ਫੁੱਲ ਮਹਿਕਾਂ ਬਿਖੇਰਨਗੇ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਨ ਮੌਕੇ ਕਿਹਾ ਕਿ ਅੱਜ ਦੇ ਸਮੇਂ ਵਾਤਾਵਰਨ ਦੀ ਸ਼ੁਧਤਾ ਲਈ ਯਤਨ ਕਰਨੇ ਇਕ ਮਹਾਨ ਸੇਵਾ ਹੈ, ਜਿਸ ਵਿਚ ਹਰ ਇਕ ਨੂੰ ਹਿੱਸਾ ਪਾਉਣਾ ਚਾਹੀਦਾ ਹੈ।

ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਕਿਹਾ ਕਿ ਬਾਗ ਮਾਹਿਰਾਂ ਵੱਲੋਂ ਤਿਆਰ ਕੀਤੇ ਗਏ ਨਕਸ਼ੇ ਅਨੁਸਾਰ ਬਣਾਇਆ ਜਾ ਰਿਹਾ ਹੈ। ਇਸ ਵਿਚ ਪਾਣੀ ਦੀ ਵਰਤੋਂ ਲਈ ਵੀ ਆਧੁਨਿਕ ਪ੍ਰਣਾਲੀ ਵਰਤੀ ਜਾਵੇਗੀ, ਜਿਸ ਨਾਲ ਪਾਣੀ ਦੀ ਦੁਰਵਰਤੋਂ ਤੋਂ ਬਚਾਅ ਹੋਵੇਗਾ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਹ ਬਾਗ ਸੰਗਤਾਂ ਲਈ ਇਕ ਪ੍ਰੇਰਣਾ ਦੇ ਰੂਪ ਵਿਚ ਹੋਵੇਗਾ। ਉਨ੍ਹਾਂ ਦੱਸਿਆ ਕਿ ਇਥੇ ਪਹਿਲਾਂ ਲੱਗੇ ਪੁਰਾਤਨ ਦਰੱਖ਼ਤਾਂ, ਬੂਟਿਆਂ ਨੂੰ ਬਿਨਾ ਨੁਕਸਾਨ ਪਹੁੰਚਾਇਆਂ ਸੁਰੱਖਿਅਤ ਰੱਖਿਆ ਜਾਵੇਗਾ। ਇਸ ਵਿਚ ਵੱਡੇ ਛਾਂਦਾ, ਫਲਦਾਰ, ਸੁਗੰਧੀ ਭਰਪੂਰ ਬੂਟੇ ਅਤੇ ਵੱਖ-ਵੱਖ ਤਰ੍ਹਾਂ ਦੇ ਫੁੱਲ ਆਦਿ ਵਿਸ਼ੇਸ਼ ਹੋਣਗੇ।

ਉਨ੍ਹਾਂ ਬਾਗ ਦੀ ਵਿਉਂਤਬੰਦੀ ਸਬੰਧੀ ਦੱਸਿਆ ਕਿ ਸਭ ਤੋਂ ਪਹਿਲਾਂ ਇਕ ਵੱਡੀ ਕਿਆਰੀ ਵਿਚ ਅੰਬ, ਚਕਰੇਸੀਆ, ਕਚਨਾਰ, ਕਸੇਲ, ਚੋਰਸੀਆ ਤੇ ਮੋਲਸਰੀ ਦੇ ਬੂਟੇ ਲਗਾਏ ਜਾਣਗੇ ਅਤੇ ਇਨ੍ਹਾਂ ਹੇਠ ਕੋਰੀਅਨ ਘਾਹ ਹੋਵੇਗਾ। ਦੂਸਰੀ ਕਿਆਰੀ ਵਿਚ ਗੁਲਮੋਹਰ, ਪਲੁਮੇਰੀਆਂ ਰੂਬਰ, ਪਲੁਮੇਰੀਆਂ ਅਲਬਾ, ਹਾਰਸ਼ਿੰਗਾਰ, ਟੈਕੋਮਾ ਗੋੜੀ ਚੋੜੀ ਤੇ ਗੁਲਮੋਹਰ ਦੇ ਬੂਟੇ ਹੋਣਗੇ।

ਇਸੇ ਕਿਆਰੀ ਵਿਚ ਹੀ ਦਰੱਖ਼ਤਾਂ ਦੇ ਹੇਠਾਂ ਵੱਖ-ਵੱਖ ਤਰ੍ਹਾਂ ਦੇ ਫੁੱਲ ਮਹਿਕਣਗੇ, ਜਿਸ ਵਿਚ ਗੁਲਾਮ, ਰੈਪੀਸ਼ ਪਾਪ, ਗਾਰਡੈਨੀਆ ਡੋਰਫ, ਫਾਈਕਸ਼, ਚਾਂਦਨੀ, ਬੋਟਲ ਬਰਸ਼, ਕੈਸੀਆਂ ਬਾਏ ਫਲੋਰਾ, ਬੁਗਨ ਵੈਲ, ਇਕਲੀਫਾਂ, ਡਰੈਸੀਆਨਾ ਕੁਲੋਰਾਮਾ, ਕਲੋਰੋਡੈਡਰਮ, ਹਿਬੀਕਸ, ਐਗਜੋਰਾ, ਜੈਟਰੋਫਾਂ, ਜੈਸਮੀਨ ਮੋਤੀਆਂ, ਮੋਰੱਈਆ ਅਰਜੋਟੀਕਾ, ਨੀਕਾ ਡੀਵੀਆ, ਪਲੰਮ ਬਾਗੋ, ਟੀਕੋਮਾ ਕੈਪਨਸਿਸ ਆਦਿ ਹਨ। ਤੀਸਰੀ ਕਿਆਰੀ ਵਿਚ ਵੀ ਵੱਖ-ਵੱਖ ਤਰ੍ਹਾਂ ਦੇ ਫੁੱਲ ਅਤੇ ਹੇਜ ਆਦਿ ਲਗਾਏ ਜਾਣਗੇ।

ਡਾ. ਰੂਪ ਸਿੰਘ ਅਨੁਸਾਰ ਸ਼੍ਰੋਮਣੀ ਕਮੇਟੀ ਦਾ ਮੰਤਵ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਹਰਿਆਵਲ ਭਰਪੂਰ, ਸੁਗੰਧਤ ਅਤੇ ਵਾਤਾ-ਅਨੁਕੂਲ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਰਟੀਗਲ ਗਾਰਡਨ ਅਤੇ ਰੂਫ ਗਾਰਡਨ ਵੀ ਲਗਾਏ ਜਾ ਚੁੱਕੇ ਹਨ।

ਬੂਟੇ ਲਗਾਉਣ ਦੀ ਆਰੰਭਤਾ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ, ਪ੍ਰਦਮ ਸ੍ਰੀ ਬਾਬਾ ਸੇਵਾ ਸਿੰਘ, ਬਾਬਾ ਹਰਭਜਨ ਸਿੰਘ ਭਲਵਾਨ, ਬਾਬਾ ਬਚਨ ਸਿੰਘ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਬਾਬਾ ਅਵਤਾਰ ਸਿੰਘ ਧੱਤਲ, ਬਾਬਾ ਸੁਖਵਿੰਦਰ ਸਿੰਘ, ਮਹੰਤ ਗੋਪਾਲ ਸਿੰਘ ਕੋਠਾਰੀ, ਬਾਬਾ ਸੋਹਨ ਸਿੰਘ, ਮਹੰਤ ਅਮਰੀਕ ਸਿੰਘ, ਮਹੰਤ ਸੁਖਚੈਨ ਸਿੰਘ, ਮਹੰਤ ਜਰਨੈਲ ਸਿੰਘ, ਮਹੰਤ ਅਮਰਦੀਪ ਸਿੰਘ, ਡਾ. ਜਸਵਿੰਦਰ ਸਿੰਘ ਬਿਲਗਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਮਹਿੰਦਰ ਸਿੰਘ ਆਹਲੀ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਸਾਬਕਾ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਕੱਤਰ ਸਿੰਘ, ਸ. ਤੇਜਿੰਦਰ ਸਿੰਘ ਪੱਡਾ, ਸ. ਹਰਜਿੰਦਰ ਸਿੰਘ ਕੈਰੋਵਾਲ, ਮਾਸਟਰ ਨਿਰਮਲ ਸਿੰਘ ਰਾਜਾਸਾਂਸੀ, ਸਾਬਕਾ ਮੀਤ ਸਕੱਤਰ ਸ. ਰਾਮ ਸਿੰਘ ਭਿੰਡਰ, ਸ. ਅਮਰੀਕ ਸਿੰਘ, ਬਾਬਾ ਗੁਰਨਾਮ ਸਿੰਘ, ਸ. ਨਰਿੰਦਰ ਸਿੰਘ ਨੋਨੀ, ਭਾਈ ਅਮਰੀਕ ਸਿੰਘ, ਸ. ਅਮਰਜੀਤ ਸਿੰਘ ਸ਼ਬਦ ਚੌਂਕੀ ਆਦਿ ਮੌਜੂਦ ਸਨ।

Share News / Article

Yes Punjab - TOP STORIES