ਥਾਣੇ ’ਤੇ ਏ.ਕੇ. 47 ਨਾਲ ਫ਼ਾਇਰਿੰਗ ਕਰਕੇ ਗੈਂਗਸਟਰ ਪਪਲਾ ਗੁਰਜਰ ਨੂੰ ਹਵਾਲਾਤ ’ਚੋਂ ਕੱਢ ਕੇ ਲੈ ਗਏ ਸਾਥੀ

ਯੈੱਸ ਪੰਜਾਬ
ਜੈਪੁਰ, 6 ਸਤੰਬਰ, 2019:

ਅੱਜ ਸਵੇਰੇ ਰਾਜਸਥਾਨ ਵਿਚ ਬਹਿਰੋਰ ਪੁਲਿਸ ਸਟੇਸ਼ਨ ’ਤੇ ਏ.ਕੇ. 47 ਨਾਲ ਫ਼ਾਇਰਿੰਗ ਕਰਕੇ ਇਥ ਗੈਂਗ ਦੇ ਲਗਪਗ ਦੋ ਦਰਜਨ ਮੈਂਬਰਾਂ ਨੇ ਥਾਣੇ ਦੀ ਹਵਾਲਾਤ ’ਚ ਬੰਦ ਆਪਣੇ ਸਾਥੀ ਵਿਕਰਮ ਉਰਫ਼ ਪਪਲਾ ਗੁਰਜਰ ਨੂੰ ਛੁਡਾ ਲਿਆ।

ਹਮਲਾਵਰ ਗੈਂਗਸਟਰ ਪਪਲਾ ਗੁਰਜਰ ਨੂੰ ਲੈ ਕੇ ਆਰਾਮ ਨਾਲ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ। ਗੋਲੀਆਂ ਦੀ ਬੁਛਾੜ ਵੇਖ਼ਕੇ ਪੁਲਿਸ ਥਾਣੇ ਵਿਚ ਤਾਇਨਾਤ ਮੁਲਾਜ਼ਮ ਥਾਣੇ ਦੇ ਦੂਜੇ ਕਮਰੇ ਵਿਚ ਰਹੇ ਅਤੇ ਜਿਵੇਂ ਹੀ ਗੈਂਗਸਟਰ ਫ਼ਰਾਰ ਹੋਏ ਤਾਂ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਜਿਸ ’ਤੇ ਸੀਨੀਅਰ ਅਧਿਕਾਰੀ ਤੁਰਤ ਥਾਣੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲੈਣ ਮਗਰੋਂ ਦੋਸ਼ੀਆਂ ਨੂੰ ਫ਼ੜਣ ਲਈ ਟੀਮਾਂ ਦਾ ਗਠਨ ਕੀਤਾ ਗਿਆ।

ਐਸ.ਪੀ. ਸ੍ਰੀ ਅਮਨਦੀਪ ਸਿੰਘ ਦਾ ਕਹਿਣਾ ਹੈਕਿ ਹਮਲਾਵਰ ਹਰਿਆਣਾ ਤੋਂ ਆਏ ਸਨ ਅਤੇ ਗੁਰਜਰ ਨੂੰ ਲੈ ਕੇ ਫ਼ਰਾਰ ਹੋ ਗਏ ਜੋ ਕਿ ਹਰਿਆਣਾ ਅਤੇ ਰਾਜਸਥਾਨ ਸਣੇ ਕੁਝ ਸੂਬਿਆਂ ਵਿਚ ਹੱਤਿਆ ਅਤੇ ਹੋਰ ਗੰਭੀਰ ਅਪਰਾਧਾਂ ਵਾਲੇ ਕੇਸਾਂ ਵਿਚ ਸ਼ਾਮਿਲ ਹੈ। ਉਸਨੂੰ ਵੀਰਵਾਰ ਨੂੰ ਗਿਰਫ਼ਤਾਰ ਕੀਤਾ ਗਿਆ ਸੀ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਇਹ ਗੈਂਗ ਇਸੇ ਤਰ੍ਹਾਂ ਗੁਰਜਰ ਨੂੰ ਉਸ ਵੇਲੇ ਛੁਡਾ ਕੇ ਲੈ ਗਿਆ ਸੀ ਜਦ ਉਸਨੂੰ ਹਰਿਆਣਾ ਵਿਚ ਮਹਿੰਦਰਗੜ੍ਹ ਤੋਂ ਕਿਸੇ ਹੋਰ ਥਾਂ ਪੇਸ਼ੀ ਲਈ ਲਿਜਾਇਆ ਜਾ ਰਿਹਾ ਸੀ।

ਪੁਲਿਸ ਨੇ ਇਸ ਸੰਬੰਧੀ ਇਕ ਐਸ.ਆਈ.ਟੀ.ਦਾ ਗਠਨ ਕਰਦਿਆਂ ਸੂਬੇ ਦੇ ਵੱਖ ਵੱਖ ਹਾਈਵੇਅ ਸੀਲ ਕਰ ਦਿੱਤੇ ਹਨ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Share News / Article

Yes Punjab - TOP STORIES