ਤੰਦਰੁਸਤ ਪੰਜਾਬ ਮਿਸ਼ਨ ਤਹਿਤ ਦੁੱਧ ਦੇ ਪੌਸ਼ਟੀਕਰਨ ਸਬੰਧੀ ਅਡਵਾਈਜ਼ਰੀ ਜਾਰੀ

ਚੰਡੀਗੜ੍ਹ, 12 ਮਾਰਚ, 2020 –

ਪੰਜਾਬ ਦੇ ਲੋਕਾਂ ਵਿੱਚ ਪਾਈ ਜਾਂਦੀ ਵਿਟਾਮਿਨ ਏ ਅਤੇ ਡੀ ਦੀ ਘਾਟ ਨੂੰ ਦੂਰ ਕਰਨ ਦੇ ਮੱਦੇਨਜ਼ਰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਦੇ ਸਾਰੇ ਦੁੱਧ ਪ੍ਰੋਸੈਸਿੰਗ ਪਲਾਂਟਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ (ਫੋਰਟੀਫਿਕੇਸ਼ਨ ਆਫ ਫੂਡਜ਼) ਰੈਗੂਲੇਸ਼ਨ ਅਨੁਸਾਰ ਦੁੱਧ ਦੇ ਪੌਸ਼ਟੀਕਰਨ ਲਈ ਇੱਕ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ।

ਸ. ਪੰਨੂ ਨੇ ਕਿਹਾ ਕਿ ਭੋਜਨ ਦਾ ਪੌਸ਼ਟੀਕਰਨ ਇਕ ਵਿਗਿਆਨਕ ਤੌਰ ‘ਤੇ ਪ੍ਰਮਾਣਿਤ, ਲਾਹੇਵੰਦ, ਮਾਪਦੰਡਾਂ ਵਾਲਾ ਅਤੇ ਟਿਕਾਊ ਤਰੀਕਾ ਹੈ ਜੋ ਸੂਖਮ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ। ਉਹਨਾਂ ਦੱਸਿਆ ਕਿ ਅਕਤੂਬਰ 2016 ਵਿੱਚ, ਐਫ.ਐਸ.ਐਸ.ਏ.ਆਈ. ਨੇ ਭਾਰਤ ਵਿੱਚ ਸੂਖਮ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਦੁੱਧ ਸਮੇਤ ਕਈ ਭੋਜਨ ਪਦਾਰਥਾਂ ਦੇ ਪੌਸ਼ਟੀਕਰਨ ਲਈ ਫੂਡ ਸੇਫਟੀ ਐਂਡ ਸਟੈਂਡਰਡਜ਼ (ਫੋਰਟੀਫਿਕੇਸ਼ਨ ਆਫ਼ ਫੂਡਜ਼) ਰੈਗੂਲੇਸ਼ਨਜ਼, 2016 ਲਾਗੂ ਕੀਤਾ ਸੀ।

ਉਹਨਾਂ ਦੱਸਿਆ ਕਿ ਪੌਸ਼ਟੀਕਰਨ ਕੀਤੇ ਭੋਜਨ ਪਾਦਰਥਾਂ ਦੀ ਪਛਾਣ ਲਈ ‘+ਐਫ’ ਲੋਗੋ ਨੋਟੀਫਾਈ ਕੀਤਾ ਗਿਆ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ (ਫੋਰਟੀਫਿਕੇਸ਼ਨ ਆਫ਼ ਫੂਡਜ਼) ਰੈਗੂਲੇਸ਼ਨਜ਼, 2016 ਦੇ ਸ਼ਡਿਊਲ-1 ਦੇ ਨਿਯਮਾਂ ਅਨੁਸਾਰ, ਦੁੱਧ (ਟੋਨਡ, ਡਬਲ ਟੋਨਡ, ਸਕਿੱਮਡ ਮਿਲਕ ਜਾਂ ਸਟੈਂਡਰਡਈਜ਼ ਮਿਲਕ) ਦਾ ਸੂਖਮ ਪੌਸ਼ਟਿਕ ਤੱਤਾਂ ਨਾਲ ਪੌਸ਼ਟੀਕਰਨ ਕੀਤੇ ਜਾਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਇਹਨਾਂ ਹਦਾਇਤਾਂ ਅਨੁਸਾਰ ਵਿਟਾਮਿਨ ਏ 270 ਮਾਈਕ੍ਰੋਗ੍ਰਾਮ ਤੋਂ 450 ਮਾਈਕ੍ਰੋਗ੍ਰਾਮ ਅਤੇ ਵਿਟਾਮਿਨ ਡੀ 5 ਮਾਈਕ੍ਰੋਗ੍ਰਾਮ ਤੋਂ 7.5 ਮਾਈਕ੍ਰੋਗ੍ਰਾਮ ਹੋਣਾ ਚਾਹੀਦਾ ਹੈ।

ਮਿਸ਼ਨ ਡਾਇਰੈਕਟਰ ਨੇ ਕਿਹਾ ਕਿ ਪੰਜਾਬ ਦੇ ਲੋਕ ਵਿਟਾਮਿਨ ਡੀ ਅਤੇ ਵਿਟਾਮਿਨ ਏ ਦੀ ਘਾਟ ਨਾਲ ਜੂਝ ਰਹੇ ਹਨ, ਇਸ ਲਈ ਅਜਿਹੇ ਸੂਖਮ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਦੁੱਧ ਦਾ ਪੌਸ਼ਟੀਕਰਨ ਕਰਨਾ ਲਾਜ਼ਮੀ ਹੈ। ਇਸ ਲਈ, ਪੈਕ ਕੀਤੇ ਤਰਲ ਦੁੱਧ ਵੇਚਣ ਵਾਲੇ ਸੂਬੇ ਦੇ ਸਾਰੇ ਦੁੱਧ ਪ੍ਰੋਸੈਸਿੰਗ ਪਲਾਂਟਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ (ਫੋਰਟੀਫਿਕੇਸ਼ਨ ਆਫ਼ ਫੂਡਜ਼) ਰੈਗੂਲੇਸ਼ਨਜ਼, 2016 ਅਨੁਸਾਰ ਦੁੱਧ ਦਾ ਪੌਸ਼ਟੀਕਰਨ ਕਰਨ ਦੀ ਅਪੀਲ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੇ ਸਮੂਹ ਫੂਡ ਸੇਫਟੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੈਕ ਕੀਤੇ ਤਰਲ ਦੁੱਧ ਦੀ ਵਿਕਰੀ ਕਰਨ ਵਾਲੇ ਸਾਰੇ ਦੁੱਧ ਪ੍ਰੋਸੈਸਿੰਗ ਪਲਾਂਟਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣ।

ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਭਗ 50 ਦੁੱਧ ਪ੍ਰੋਸੈਸਿੰਗ ਪਲਾਂਟ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 14 ਪਲਾਂਟ ਵਿਚ ਹਨ ਅਤੇ ਇਸ ਤੋਂ ਬਾਅਦ ਲੁਧਿਆਣਾ ਵਿੱਚ 8 ਪਲਾਂਟ ਹਨ।

Share News / Article

Yes Punjab - TOP STORIES