ਤੰਦਰੁਸਤ ਪੰਜਾਬ ਮਿਸ਼ਨ ਤਹਿਤ ਗੁੜ, ਸ਼ੱਕਰ ਦੀ ਗੁਣਵੱਤਾ ਅਤੇ ਸਾਫ-ਸਫਾਈ ਸੰਬਧੀ ਦਿੱਤੀ ਜਾ ਰਹੀ ਹੈ ਸਿਖਲਾਈ: ਪੰਨੂੰ

ਚੰਡੀਗੜ੍ਹ, 9 ਦਸੰਬਰ, 2019:

ਪੰਜਾਬ ਵਿਚ ਸਰਦੀਆਂ ਦੇ ਸ਼ੀਜਨ ਦੌਰਾਨ ਸੜਕਾਂ ਦੇ ਕੰਢੇ ਹਜ਼ਾਰਾਂ ਦੀ ਗਿਣਤੀ ਵਿੱਚ ਗੁੜ ਬਣਾਉਣ ਵਾਲੀਆਂ ਘੁਲਾੜੀਆਂ ਲਗਾਈਆਂ ਜਾਂਦੀਆਂ ਹਨ ਜਿਥੇ ਜਾਗਰੂਕਤਾ ਦੀ ਘਾਟ ਕਾਰਨ ਉਤਪਾਦਾਂ ਦੀ ਗੁਣਵੱਤਾ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।

ਇਸ ਲਈ ਮਾਰਕੀਟ ਵਿੱਚ ਮਿਆਰੀ ਉਦਪਾਦ ਯਕੀਨੀ ਬਣਾਉਣ ਲਈ ਤੰਦਰੁਸਤ ਪੰਜਾਬ ਮਿਸ਼ਨ ਤਹਿਤ, ਬਿਨ੍ਹਾਂ ਰਸਾਇਣਾ ਦੇ ਜੈਵਿਕ ਤਰੀਕੇ ਨਾਲ ਗੁੜ/ਸ਼ੱਕਰ ਬਣਾਉਣ ਸਬੰਧੀ ਘੁਲਾੜੀ ਮਾਲਕਾਂ ਨੂੰ ਸੁਝਾਅ ਦਿੱਤੇ ਜਾ ਰਹੇ ਹਨ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ।

ਉਹਨਾਂ ਦੱਸਿਆ ਕਿ ਉਤਪਾਦਾਂ ਦੇ ਮਿਆਰ ਅਤੇ ਸਾਫ-ਸਫਾਈ ਨੂੰ ਬਣਾਈ ਰੱਖਣ ਲਈ ਪਿਛਲੇ ਸਾਲ ਦੌਰਾਨ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਖਲਾਈ ਦਿੱਤੀ ਗਈ ਸੀ ਜਿਸ ਵਿੱਚ 600 ਘੁਲਾੜੀ ਮਾਲਕਾਂ ਨੇ ਸਿਖਲਾਈ ਪ੍ਰਾਪਤ ਕੀਤੀ। ਇਸੇ ਤਰ੍ਹਾਂ ਮੌਜੂਦਾ ਸੀਜ਼ਨ ਦੌਰਾਨ ਲਗਭਗ 200 ਘੁਲਾੜੀ ਮਾਲਕਾਂ ਨੂੰ ਸਿਖਲਾਈ ਦਿੱਤੀ ਗਈ ਅਤੇ ਘੁਲਾੜੀ ਮਾਲਕਾਂ ਲਈ ਇਹ ਸਿਖਲਾਈ ਪ੍ਰੋਗਰਾਮ ਲੜੀਵਾਰ ਚੱਲ ਰਹੇ ਹਨ।

ਸ. ਪਨੂੰ ਨੇ ਕਿਹਾ ਕਿ ਇਸ ਸਿਖਲਾਈ ਦੌਰਾਨ ਉਤਪਾਦ ਦੀ ਗੁਣਵਤਾ ਅਤੇ ਸਾਫ-ਸਫਾਈ ਵਧਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਘੁਲਾੜੀ ਮਾਲਕਾਂ ਨੂੰ ਬਿਨ੍ਹਾਂ ਰਸਾਇਣ ਜੈਵਿਕ ਤਰੀਕੇ ਨਾਲ ਗੁੜ/ਸ਼ੱਕਰ ਬਣਾਉਣ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਇਹਨਾਂ ਘੁਲਾੜੀਆਂ ‘ਤੇ ਜੋ ਗੁੜ/ਸ਼ੱਕਰ ਦੀ ਵਿਕਰੀ ਕੀਤੀ ਜਾਂਦੀ ਹੈ ਉਹ ਖੁੱਲੇ ਵਿੱਚ ਸੜਕਾਂ ਦੇ ਕਿਨਾਰੇ ਰੱਖ ਕੇ ਕੀਤੀ ਜਾਂਦੀ ਹੈ, ਜਿਥੇ ਗੱਡੀਆਂ ਦਾ ਧੂੰਆਂ ਅਤੇ ਮਿਟੀ-ਘੱਟਾ ਲਗਾਤਾਰ ਇਹਨਾਂ ਉਤਪਾਦਾਂ ‘ਤੇ ਪੈਂਦਾ ਰਹਿੰਦਾ ਹੈ।

ਇਸ ਤੋਂ ਇਲਾਵਾ ਸਰਦੀਆਂ ਵਿੱਚ ਮਿੱਠੇ ਉਤਪਾਦ ‘ਤੇ ਮੱਖੀਆਂ ਦਾ ਪ੍ਰਕੋਪ ਵੀ ਵੱਧ ਜਾਂਦਾ ਹੈ, ਜਿਸ ਨਾਲ ਉਤਪਾਦ ਦੇ ਮਿਆਰ ‘ਤੇ ਮਾੜਾ ਅਸਰ ਪੈਂਦਾ ਹੈ।

ਇਸ ਲਈ ਸਾਰੇ ਖੇਤੀਬਾੜੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਘੁਲਾੜੀ ਮਾਲਕਾਂ ਨੂੰ ਆਪਣੇ ਉਤਪਾਦ ਸੜਕਾਂ ਦੇ ਕਿਨਾਰੇ ਸ਼ੀਸ਼ੇ ਜਾਂ ਪਲਾਸਟਿਕ ਦੇ ਪਾਰਦਰਸ਼ੀ ਹਵਾ ਬੰਦ ਡੱਬਿਆਂ ਵਿੱਚ ਰੱਖਣ ਲਈ ਪ੍ਰੇਰਿਤ ਕਰਨ ਅਤੇ ਸਰਕਾਰ ਵੱਲੋਂ ਉਤਪਾਦਾਂ ਦੇ ਮਿਆਰ ਵਧਾਉਣ ਸਬੰਧੀ ਦਿੱਤੀ ਜਾ ਰਹੀ ਸਿਖਲਾਈ ਪ੍ਰਾਪਤ ਕਰਨ ਲਈ ਉਹਨਾਂ ਨੂੰ ਉਤਸ਼ਾਹਿਤ ਕਰਨ।

ਉਹਨਾਂ ਕਿਹਾ ਕਿ ਇਸ ਨਾਲ ਨਾ ਸਿਰਫ ਘੁਲਾੜੀ ਦੇ ਉਤਪਾਦਾਂ ਦੀ ਗੁਣਵਤਾ ਵਧੇਗੀ ਬਲਕਿ ਉਤਪਾਦਾਂ ਦੇ ਬਿਹਤਰ ਮੰਡੀਕਰਨ ਨਾਲ ਘੁਲਾੜੀ ਮਾਲਕਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਜਾ ਕੇ ਇਹ ਰਵਾਇਤੀ ਪੱਧਰ ਦੀ ਗਤੀਵਿਧੀ ਹੁਨਰਮੰਦ ਉੱਦਮ ਵਿੱਚ ਅਪਗ੍ਰੇਡ ਹੋਵੇਗੀ ਤਾਂ ਜੋ ਸੁਰੱਖਿਅਤ ਅਤੇ ਸਾਫ-ਸੁਥਰੇ ਢੰਗ ਨਾਲ ਤਿਆਰ ਕੀਤੇ ਘੁਲਾੜੀ ਉਤਪਾਦ ਖਪਤਕਾਰਾਂ ਲਈ ਉਪਲਬਧ ਕਰਵਾਏ ਜਾ ਸਕਣ।

Share News / Article

YP Headlines

Loading...