’ਤੇ ਹੁਣ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕੌਂਸਲਰਾਂ ਤੋਂ ਮੰਗੀਆਂ ਨਸ਼ਾ ਸਮਗਲਰਾਂ ਦੀਆਂ ਸੂਚੀਆਂ

ਮੱਲਾਂਵਾਲਾ/ਫਿਰੋਜ਼ਪੁਰ, 31 ਜੁਲਾਈ, 2019 –

ਨਸ਼ੇ ਦੀ ਸਮੱਸਿਆ ਦੇ ਖਿਲਾਫ ਬੁੱਧਵਾਰ ਨੂੰ ਜ਼ੀਰਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਸੰਯੁਕਤ ਰੂਪ ਨਾਲ ਜਨ ਅੰਦੋਲਨ ਦੀ ਸ਼ੁਰੂਆਤ ਮੱਲਾਂਵਾਲਾ ਕਸਬੇ ਤੋਂ ਕੀਤੀ। ਇੱਥੇ ਸਰਕਾਰੀ ਹਸਪਤਾਲ ਵਿੱਚ ਓਟਸ ਕਲੀਨਕ ਦਾ ਉਦਘਾਟਨ ਕੀਤਾ ਗਿਆ, ਇੱਥੇ ਰੋਜ਼ ਸਵੇਰੇ 8 ਤੋਂ 11 ਵਜੇਂ ਤੱਕ ਨਸ਼ੇ ਤੋਂ ਪੀੜਤ ਮਰੀਜ਼ਾਂ ਨੂੰ ਦਵਾਈਆਂ ਮਿਲਣਗੀਆਂ।

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਇਸ ਸੈਂਟਰ ਦੇ ਲਈ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾ ਇੱਥੋਂ ਦੇ ਲੋਕਾਂ ਨੂੰ ਦਵਾਈ ਦੇ ਲਈ 20 ਤੋਂ 30 ਕਿੱਲੋਮੀਟਰ ਤੱਕ ਦਾ ਸਫ਼ਰ ਤੈਅ ਕਰਕੇ ਫਿਰੋਜ਼ਪੁਰ ਸ਼ਹਿਰ, ਜ਼ੀਰਾ ਜਾਂ ਫਿਰ ਮਖੂ ਤੱਕ ਜਾਣਾ ਪੈਂਦਾ ਸੀ। ਹੁਣ ਇਸ ਇਲਾਕੇ ਵਿੱਚ ਹੀ ਓਟਸ ਸੈਂਟਰ ਖੁੱਲ੍ਹਣ ਨਾਲ ਇੱਥੇ ਹੀ ਲੋਕਾਂ ਨੂੰ ਦਵਾਈਆਂ ਮਿਲਣਗੀਆਂ, ਜਿਸ ਤੋਂ ਇਲਾਕੇ ਵਿੱਚ ਚੱਲ ਰਹੇ ਨਸ਼ਾ ਵਿਰੋਧੀ ਅਭਿਆਨ ਨੂੰ ਬਲ ਮਿਲੇਗਾ।

ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਨ ਅੰਦੋਲਨ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਅੰਦੋਲਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਰਹਿਨੁਮਾਈ ਵਿੱਚ ਸ਼ੁਰੂ ਕੀਤਾ ਜਾਵੇਗਾ ਅਤੇ ਨਸ਼ਾ ਰੋਕੂ ਕਮੇਟੀ ਦਾ ਨਾਮ ਹੁਣ ਨਸ਼ਾ ਵਿਰੋਧੀ ਜਨ ਅੰਦੋਲਨ ਕਮੇਟੀ ਹੋਵੇਗਾ।

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਨਗਰ ਕੌਂਸਲ ਦੇ ਸਾਰੇ 13 ਵਾਰਡਾਂ ਦੇ ਕੌਂਸਲਰਾਂ ਨੂੰ ਆਪਣੇ-ਆਪਣੇ ਵਾਰਡ ਵਿੱਚ ਨਸ਼ਾ ਵੇਚਣ ਵਾਲੇ ਲੋਕਾਂ ਦੀਆਂ ਸੂਚੀਆਂ ਤਿਆਰ ਕਰਨ ਦੇ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਕੌਂਸਲਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ੇ ਦੀ ਜੰਗ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਨਸ਼ਾ ਵੇਚਣ ਵਾਲਿਆਂ ਦੀਆਂ ਸੂਚੀਆਂ ਮੁਹੱਈਆ ਕਰਵਾਉਣ ਤਾਂ ਜੋ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ।

ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ੇ ਦੇ ਖਿਲਾਫ ਉਹ ਖ਼ੁਦ ਨੂੰ ਲਾਚਾਰ ਜਾਂ ਮਜਬੂਰ ਮਹਿਸੂਸ ਨਾ ਕਰਨ। ਉਨ੍ਹਾਂ ਨੇ ਪਿੰਡ ਦੇ ਕੁੱਝ ਬਜ਼ੁਰਗਾਂ ਨੂੰ ਮੰਚ ਤੇ ਬੁਲਾਉਂਦੇ ਹੋਏ ਕਿਹਾ ਕਿ ਅੱਜ ਵੀ ਇਨ੍ਹਾਂ ਬਜ਼ੁਰਗਾਂ ਵਿੱਚ ਏਨੀ ਤਾਕਤ ਹੈ ਕਿ ਨਸ਼ੇ ਵੇਚਣ ਵਾਲਿਆਂ ਨੂੰ ਕਾਬੂ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਉਹ ਖ਼ੁਦ ਅੱਗੇ ਆਉਣ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਬੇਨਕਾਬ ਕਰਨ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਇਲਾਕੇ ਦੇ ਸਾਰੇ ਲੋਕ ਮਿਲ ਕੇ ਕਾਬੂ ਕਰ ਲੈਣ, ਉਨ੍ਹਾਂ ਦੀ ਵੀਡੀਓ ਬਣਾਉਣ ਅਤੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰਨ।

ਜੇਕਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਇਹ ਵੀਡੀਓ ਇਲਾਕੇ ਦੇ ਐੱਮ.ਐੱਲ.ਏ ਜਾਂ ਉਨ੍ਹਾਂ ਦੇ ਪਾਸ ਭੇਜਣ ਤਾਂ ਜੋ ਆਰੋਪੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਐਲਾਨ ਕੀਤਾ ਕਿ ਜਲਦ ਹੀ ਮੱਲਾਂਵਾਲਾ ਵਿੱਚ ਸਰਕਾਰੀ ਹਸਪਤਾਲ ਦੀ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਰੱਖ ਕੇ ਇੱਥੇ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਨਵਾਂ ਹਸਪਤਾਲ ਸਮਰਪਿਤ ਕੀਤਾ ਜਾਵੇਗਾ।

ਇਸ ਮੌਕੇ ਸਤਕਾਰ ਕਮੇਟੀ ਦੇ ਪ੍ਰਧਾਨ ਗੁਰਭੇਜ ਸਿੰਘ ਜੈਮਲਵਾਲਾ, ਨਗਰ ਪੰਚਾਇਤ ਮੱਲਾਂਵਾਲਾ ਦੇ ਪ੍ਰਧਾਨ ਰੌਸ਼ਨ ਲਾਲ ਬਿੱਟਾ, ਮਾਰਕੀਟ ਕਮੇਟੀ ਤੋਂ ਰਣਜੀਤ ਸਿੰਘ, ਸਰਪੰਚ ਹਰਭਜਨ ਸਿੰਘ, ਸਰਪੰਚ ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਸੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Share News / Article

Yes Punjab - TOP STORIES