ਤੇਜਾਬੀ ਹਮਲੇ ਅਤੇ ਸ਼ਰੀਰਕ ਸ਼ੋਸ਼ਣ: ਜਲੰਧਰ ਦੇ ਡੀ.ਸੀ., ਸੀ.ਪੀ. ਅਤੇ ਸਿਵਲ ਜੱਜ ਵਲੋਂ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ’ਤੇ ਜ਼ੋਰ

ਜਲੰਧਰ, 28 ਜਨਵਰੀ, 2020 –

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਜਾਪ ਇੰਦਰ ਸਿੰਘ ਵਲੋਂ ਤੇਜਾਬੀ ਹਮਲੇ ਅਤੇ ਸਰੀਰਿਕ ਸ਼ੋਸਣ ਤੋਂ ਪੀੜਤ ਮਹਿਲਾਵਾਂ ਦੇ ਕੇਸਾਂ ਦੇ ਨਿਪਟਾਰੇ ਸਬੰਧੀ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉਚੱ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਿਹਾ ਕਿ ਜੁਰਮ ਤੋਂ ਪੀੜਤ ਹੋਈਆਂ ਮਹਿਲਾਵਾਂ ਮੁਆਵਜ਼ਾ ਸਕੀਮ ਤਹਿਤ ਕੇਵਲ ਬਿਨੈਪੱਤਰ ਦੇ ਕੇ ਮੁਆਵਜ਼ਾ ਪ੍ਰਾਪਤ ਕਰ ਸਕਦੀਆਂ ਹਨ ਅਤੇ ਪੁਲਿਸ ਅਤੇ ਸਿਵਲ ਅਧਿਕਾਰੀ ਅਜਿਹੀਆਂ ਮਹਿਲਾਵਾਂ ਨੂੰ ਮੁਆਵਜ਼ਾ ਦੇਣ ਦੀ ਸ਼ਿਫਾਰਸ਼ ਕਰ ਸਕਦੇ ਹਨ ਬਾਸ਼ਰਤ ਹੈ ਕਿ ਇਨਾਂ ਮਾਮਲਿਆਂ ਵਿੱਚ ਦੋਸ਼ੀ ਦੇ ਖਿਲਾਫ਼ ਐਫ.ਆਈ.ਆਰ.ਦਰਜ ਹੋ ਚੁੱਕੀ ਹੋਵੇ।

ਉਨ੍ਹਾਂ ਕਿਹਾ ਕਿ ਤੇਜ਼ਾਬੀ ਹਮਲੇ ਜਾਂ ਬਲਾਤਕਾਰ ਦੀ ਸ਼ਿਕਾਰ ਮਹਿਲਾ, ਕੋਈ ਵਿਅਕਤੀ ਦੁਰਘਟਨਾ ਵਿੱਚ ਜਖ਼ਮੀ ਹੋਇਆ ਹੈ ਜਾਂ ਕ੍ਰਿਮਿਨਲ ਕੇਸ ਵਿੱਚ ਮੌਤ ਹੋਣ ਤੋਂ ਬਾਅਦ ਉਸ ਵਿਅਕਤੀ ਦੇ ਵਾਰਸ਼ ਇਨਾ ਸਕੀਮਾਂ ਤਹਿਤ ਮੁਆਵਜ਼ਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦੁਰਘਟਨਾ ਜਾਂ ਕਤਲ ਵਿੱਚ ਮਰੇ ਵਿਅਕਤੀ ਦੇ ਵਾਰਸ 2 ਲੱਖ ਰੁਪਏ ਤੱਕ, ਬਲਾਤਕਾਰ ਤੋਂ ਪੀੜਤ 7 ਲੱਖ ਅਤੇ ਤੇਜਾਬੀ ਹਮਲੇ ਦਾ ਸ਼ਿਕਾਰ ਹੋਇਆ ਵਿਅਕਤੀ/ਮਹਿਲਾ 8 ਲੱਖ ਰੁਪਏ ਦਾ ਮੁਆਵਜ਼ਾ ਪ੍ਰਾਪਤ ਕਰ ਸਕਦਾ ਜਾਂ ਕਰ ਸਕਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਅਜਿਹੇ ਵਿਅਕਤੀਆਂ ਦੇ ਇਲਾਜ ’ਤੇ ਆਇਆ ਸਾਰਾ ਖ਼ਰਚ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਭਾਵਿਤ ਵਿਅਕਤੀ/ਔਰਤ ਛੋਟੀ ਉਮਰ ਦੀ ਹੈ ਤਾਂ ਉਸ ਨੂੰ ਦੂਸਰੇ ਪੀੜਤਾਂ ਤੋਂ ਇਲਾਵਾ 50 ਪ੍ਰਤੀਸ਼ਤ ਜ਼ਿਆਦਾ ਮੁਆਵਜ਼ਾ ਦਿੱਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ , ਪੁਲਿਸ ਕਮਿਸ਼ਨਰ ਅਤੇ ਸਿਵਲ ਜੱਜ ਨੇ ਕਿਹਾ ਕਿ ਇਕ ਸਧਾਰਨ ਬਿਨੈਪੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਪਾਸ ਦੇ ਕੇ ਮੁਆਵਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨੈਪੱਤਰ ’ਤੇ 60 ਦਿਨਾਂ ਦੇ ਵਿੱਚ-ਵਿੱਚ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ਵਿੱਚ ਮੁਆਵਜ਼ਾ ਦੇਣ ਲਈ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਸਾਰੀ ਪ੍ਰਕਿਰਿਆ ਤੋਂ ਜਾਣੂੰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ਦੇ ਪੀੜਤਾਂ ਨੂੰ ਮੁਆਵਜ਼ਾ ਦੇ ਕੇ ਉਨਾਂ ਲਈ ਰਾਹਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।

ਇਸੇ ਤਰ੍ਹਾਂ ਡਿਪਟੀ ਕਮਿਸ਼ਨਰ,ਪੁਲਿਸ ਕਮਿਸ਼ਨਰ ਅਤੇ ਸਿਵਲ ਜੱਜ ਨੇ ਕਿਹਾ ਕਿ ਲਾਅ ਇਨਫੋਰਸਮੈਂਟ ਅਫ਼ਸਰਾਂ ਅਤੇ ਅਧਿਕਾਰੀਆਂ ਨੂੰ ਇਨਾਂ ਕੇਸਾਂ ਬਾਰੇ ਜਾਗਰੂਕ ਕਰਨ ਲਈ ਆਉਣ ਵਾਲੇ ਮਹੀਨਿਆਂ ਦੌਰਾਨ ਸਿਖਲਾਈ ਸੈਮੀਨਾਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨੇਕ ਕਾਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਏ.ਐਸ.ਪੁਆਰ, ਉਪ ਮੰਡਲ ਮੈਜਿਸਟਰੇਟ ਅਮਿਤ ਕੁਮਾਰ, ਡਾ.ਸੰਜੀਵ ਸ਼ਰਮਾ, ਡਾ.ਜੈ ਇੰਦਰ ਸਿੰਘ, ਸ੍ਰੀ ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ ਅਮਨਪ੍ਰੀਤ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਰਜਿੰਦਰਸਿੰਘ, ਜ਼ਿਲ੍ਹਾ ਅਟਾਰਨੀ ਸਤਪਾਲ ਭਗਤ, ਸਮਾਜ ਸੇਵਕ ਸੁਰਿੰਦਰ ਸੈਣੀ ਅਤੇ ਹੋਰ ਵੀ ਹਾਜ਼ਰ ਸਨ।

Share News / Article

Yes Punjab - TOP STORIES