ਤੀਜੇ ਬਦਲ ਦੀ ਏਕਤਾ ਕਾਇਤ ਰੱਖਣ ਲਈ ਬੈਂਸ ਭਰਾ ਫ਼ਗਵਾੜਾ ਸੀਟ ਬਸਪਾ ਲਈ ਛੱਡਣ: ਪੀ.ਡੀ.ਏ.

ਚੰਡੀਗੜ, ਸਤੰਬਰ 28, 2019:
ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਪੀ.ਡੀ.ਏ ਆਗੂਆਂ ਨੇ ਬੈਂਸ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਫਗਵਾੜਾ ਜਿਮਨੀ ਚੋਣ ਲੜਣ ਦੇ ਆਪਣੇ ਫੈਸਲੇ ਉੱਪਰ ਮੁੜ ਵਿਚਾਰ ਕਰਨ ਤਾਂ ਕਿ ਵਿਰੋਧੀ ਧਿਰ ਦੀ ਏਕਤਾ ਨੂੰ ਕਾਇਮ ਰੱਖਿਆ ਜਾ ਸਕੇ ਅਤੇ ਲੋਕ ਸਭਾ ਚੋਣਾਂ ਦੋਰਾਨ ਸਾਹਮਣੇ ਆਏ ਤੀਸਰੇ ਬਦਲ ਨੂੰ ਮਜਬੂਤ ਕੀਤਾ ਜਾ ਸਕੇ।

ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਕਿਸੇ ਵਿਸ਼ੇਸ ਪਾਰਟੀ ਜਾਂ ਜਿਮਨੀ ਚੋਣ ਜਿੱਤਣ ਹਾਰਨ ਦਾ ਮਸਲਾ ਨਹੀਂ ਹੈ। ਇਹ ਗਠਜੋੜ ਦੀ ਭਾਵਨਾ ਨੂੰ ਕਾਇਮ ਰੱਖਣ ਅਤੇ ਪੰਜਾਬ ਵਿੱਚ ਲੋਕ ਪੱਖੀ ਸਿਆਸਤ ਵਾਸਤੇ ਪੰਜਾਬ ਦੇ ਲੋਕਾਂ ਵਿੱਚ ਤੀਸਰੇ ਬਦਲ ਦੀ ਉਮੀਦ ਨੂੰ ਬਰਕਰਾਰ ਰੱਖਣ ਦਾ ਸਵਾਲ ਹੈ।

ਪੀ.ਡੀ.ਏ ਲੀਡਰਾਂ ਨੇ ਖੁਲਾਸਾ ਕੀਤਾ ਕਿ 26 ਸਿਤੰਬਰ ਨੂੰ ਪੰਜਾਬ ਭਵਨ ਚੰਡੀਗੜ ਵਿਖੇ ਗਠਜੋੜ ਦੀ ਇੱਕ ਲੰਮੀ ਮੀਟਿੰਗ ਹੋਈ ਜਿਸ ਵਿੱਚ ਕਿ ਸਿਮਰਜੀਤ ਸਿੰਘ ਬੈਂਸ ਸਮੇਤ ਸਾਰੇ ਗਠਜੋੜ ਭਾਈਵਾਲ ਸ਼ਾਮਿਲ ਸਨ। ਦੋਨਾਂ ਬਸਪਾ ਅਤੇ ਲੋਕ ਇਨਸਾਫ ਪਾਰਟੀ ਨੇ ਫਗਵਾੜਾ ਵਿਧਾਨ ਸਭਾ ਸੀਟ ਉੱਪਰ ਆਪਣਾ ਦਾਅਵਾ ਜਤਾਇਆ ਪਰ ਸਹਿਮਤੀ ਇਹ ਹੋਈ ਸੀ ਕਿ ਫਗਵਾੜਾ ਜਿਥੇ ਕਿ ਬਸਪਾ ਦਾ ਰਵਾਇਤੀ ਵੋਟ ਬੈਂਕ ਹੈ ਨੂੰ ਇਹ ਸੀਟ ਦਿੱਤੀ ਜਾਵੇਗੀ।

ਪੀ.ਡੀ.ਏ ਆਗੂਆਂ ਨੇ ਕਿਹਾ ਕਿ ਇਸੇ ਤਰਾ ਹੀ ਇਹ ਵੀ ਸਹਿਮਤੀ ਹੋਈ ਕਿ ਲੋਕ ਸਭਾ ਚੋਣਾਂ ਦੋਰਾਨ ਦਾਖਾ ਹਲਕੇ ਤੋਂ ਸ. ਬੈਂਸ ਦੀ ਵਧੀਆ ਕਾਰਗੁਜਾਰੀ ਨੂੰ ਦੇਖਦੇ ਹੋਏ ਇਹ ਸੀਟ ਲੋਕ ਇਨਸਾਫ ਪਾਰਟੀ ਲੜੇਗੀ ਅਤੇ ਜੇਕਰ ਸੀ.ਪੀ.ਆਈ ਆਪਣਾ ਉਮੀਦਵਾਰ ਦੇਣਾ ਚਾਹੁੰਦੀ ਹੈ ਤਾਂ ਉਹ ਜਲਾਲਾਬਾਦ ਸੀਟ ਲੜਣਗੇ।

ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਸਿਮਰਜੀਤ ਸਿੰਘ ਬੈਂਸ ਨੇ ਖੁਦ ਹੀ ਫਗਵਾੜਾ ਅਤੇ ਦਾਖਾ ਸੀਟਾਂ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।

ਪੀ.ਡੀ.ਏ ਆਗੂਆਂ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਛੇ ਪਾਰਟੀਆਂ ਪੰਜਾਬ ਨੂੰ ਕਾਂਗਰਸ ਅਤੇ ਸ਼੍ਰੋਮਣੀ ਅਕਾਲ਼ੀ ਦਲ ਭਾਜਪਾ ਵਰਗੀਆਂ ਰਵਾਇਤੀ ਭ੍ਰਿਸ਼ਟ ਪਾਰਟੀਆਂ ਦੇ ਚੁੰਗਲ ਵਿੱਚੋਂ ਅਜਾਦ ਕਰਵਾਉਣ ਲਈ ਇਕੱਠੀਆਂ ਹੋਈਆਂ ਸਨ।

ਉਹਨਾਂ ਕਿਹਾ ਕਿ ਭਾਂਵੇ ਪੀ.ਡੀ.ਏ ਕੋਈ ਸੀਟ ਨਹੀਂ ਜਿੱਤ ਸਕੀ ਪਰੰਤੂ ਲੋਕ ਸਭਾ ਚੋਣਾਂ ਦੋਰਾਨ ਉਹਨਾਂ ਨੂੰ 14 ਲੱਖ ਵੋਟਾਂ ਅਤੇ 11 ਫੀਸਦੀ ਵੋਟ ਸ਼ੇਅਰ ਪ੍ਰਾਪਤ ਹੋਏ ਸਨ ਜੋ ਕਿ ਆਮ ਆਦਮੀ ਪਾਰਟੀ ਦੇ ਵੋਟ ਸ਼ੇਅਰ ਤੋਂ ਦੁੱਗਣਾ ਹੈ।

ਪੀ.ਡੀ.ਏ ਆਗੂਆਂ ਨੇ ਕਿਹਾ ਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਵਿਰੋਧੀ ਧਿਰ ਨੂੰ ਇਕੱਠਾ ਰੱਖਣਾ ਅਤੇ ਤੀਸਰੇ ਬਦਲ ਵਿੱਚ ਲੋਕਾਂ ਦੀ ਉਮੀਦ ਕਾਇਮ ਰੱਖਣਾ ਜਿਮਨੀ ਚੋਣਾਂ ਦੀਆਂ ਸੀਟਾਂ ਲੜਣ ਨਾਲੋਂ ਕਿਤੇ ਅਹਿਮ ਹੈ।

ਉਹਨਾਂ ਕਿਹਾ ਕਿ ਕਿਸੇ ਨੇ ਵੀ ਦਾਖਾ ਸੀਟ ਉੱਪਰ ਲੋਕ ਇਨਸਾਫ ਪਾਰਟੀ ਦੇ ਦਾਅਵੇ ਉੱਪਰ ਵਿਰੋਧ ਨਹੀਂ ਜਤਾਇਆ ਪਰੰਤੂ ਫਗਵਾੜਾ ਸੀਟ ਉੱਪਰ ਉਹਨਾਂ ਦਾ ਦਾਅਵਾ ਨਾ ਸਿਰਫ ਗੈਰਵਾਜਿਬ ਹੈ ਬਲਕਿ ਵਿਧਾਨ ਸਭਾ ਸੀਟ ਦੇ ਟਰੈਕ ਰਿਕਾਰਡ ਦੇ ਵੀ ਉਲਟ ਹੈ।

ਉਹਨਾਂ ਕਿਹਾ ਕਿ ਦਹਾਕਿਆਂ ਤੋਂ ਫਗਵਾੜਾ ਦੀਆਂ ਚੋਣਾਂ ਵਿੱਚ ਹਰ ਵਾਰ ਬਸਪਾ 20,000 ਤੋਂ 30,000 ਵੋਟਾਂ ਲੈ ਕੇ ਜਾਂਦੀ ਹੈ ਇਸ ਲਈ ਕੁਦਰਤੀ ਅਤੇ ਨਿਰਪੱਖ ਤੋਰ ਉੱਪਰ ਪੀ.ਡੀ.ਏ ਵੱਲੋਂ ਇਹ ਸੀਟ ਬਸਪਾ ਨੂੰ ਦਿੱਤੀ ਜਾਣੀ ਚਾਹੀਦੀ ਹੈ।

ਪੀ.ਡੀ.ਏ ਆਗੂਆਂ ਨੇ ਬੈਂਸ ਭਰਾਵਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਫਗਵਾੜਾ ਸੀਟ ਲੜਣ ਦਾ ਇਰਾਦਾ ਤਿਆਗ ਦੇਣ ਕਿਉਂਕਿ ਇਸ ਨਾਲ ਪੰਜਾਬ ਵਿੱਚ ਬਦਲਾਅ ਦੀ ਸਿਆਸਤ ਵਿੱਚ ਲੋਕਾਂ ਦੀ ਉਮੀਦ ਨੂੰ ਠੇਸ ਪਹੁੰਚੇਗੀ।

ਉਹਨਾਂ ਕਿਹਾ ਕਿ ਜਿਮਨੀ ਚੋਣਾਂ ਦੇ ਨਤੀਜੇ ਕਿਸੇ ਪ੍ਰਕਾਰ ਵੀ ਸੂਬੇ ਦੀ ਸਿਆਸਤ ਉੱਪਰ ਅਸਰ ਨਹੀਂ ਪਾਉਂਦੇ ਕਿਉਂਕਿ ਇਹ ਸੱਭ ਜਾਣਦੇ ਹਨ ਕਿ ਅਜਿਹੀਆਂ ਜਿਮਨੀ ਚੋਣਾਂ ਕਦੇ ਵੀ ਨਿਰਪੱਖ ਅਤੇ ਅਜਾਦ ਨਹੀਂ ਹੋਈਆਂ ਅਤੇ ਮੋਜੂਦਾ ਸਰਕਾਰਾਂ ਇਹਨਾਂ ਨੂੰ ਜਿੱਤਣ ਲਈ ਆਪਣਾ ਹਰ ਹੀਲਾ ਵਰਤਦੀਆਂ ਹਨ।

ਉਹਨਾਂ ਕਿਹਾ ਕਿ ਇਹ ਵੀ ਖੁੱਲਾ ਭੇਤ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਦੋ ਦੋ ਸੀਟਾਂ ਜਿੱਤਣ ਦਾ ਸਮਝੋਤਾ ਕਰ ਚੁੱਕੀਆਂ ਹਨ ਜਿਸ ਨਾਲ ਇਹ ਚੋਣਾਂ ਹੋਰ ਵੀ ਬੇਅਰਥ ਹੋ ਜਾਂਦੀਆਂ ਹਨ।

ਪੀ.ਡੀ.ਏ ਆਗੂਆਂ ਨੇ ਕਿਹਾ ਕਿ ਇਸ ਲਈ ਅਸੀਂ ਬੈਂਸ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਫਗਵਾੜਾ ਸੀਟ ਛੱਡ ਦੇਣ ਤਾਂ ਕਿ ਏਕਤਾ ਕਾਇਮ ਰਹੇ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸ. ਬੈਂਸ ਇੱਕ ਸੁਲਝੇ ਹੋਏ ਅਤੇ ਤਜਰਬੇਕਾਰ ਵਿਅਕਤੀ ਹਨ ਅਤੇ ਸਾਡੀ ਅਪੀਲ ਉੱਪਰ ਜਰੂਰ ਗੋਰ ਕਰਨਗੇ।

ਪੀ.ਡੀ.ਏ ਆਗੂਆਂ ਨੇ ਕਿਹਾ ਕਿ ਜੇਕਰ ਲੋਕ ਇਨਸਾਫ ਪਾਰਟੀ ਫਗਵਾੜਾ ਸੀਟ ਤੋਂ ਨਹੀਂ ਹਟੇਗੀ ਤਾ ਉਹ ਬਸਪਾ ਨੂੰ ਚੋਣਾਂ ਵਿੱਚ ਹਮਾਇਤ ਦੇਣਗੇ ਅਤੇ ਦਾਖਾ ਵਿੱਚ ਲੋਕ ਇਨਸਾਫ ਪਾਰਟੀ ਦੀ ਸਪੋਰਟ ਕਰਨਗੇ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES