ਤਾਜ਼ਾ ਬਿਆਨਾਂ ਤੋਂ ਸੁਖ਼ਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਘੱਟ, ਡੇਰਾ ਪ੍ਰੇਮੀ ਜ਼ਿਆਦਾ ਜਾਪਦੈ: ਸੁਖਜਿੰਦਰ ਰੰਧਾਵਾ

ਚੰਡੀਗੜ੍ਹ, 30 ਜੁਲਾਈ, 2019 –

ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਮਾਮਲੇ ਵਿੱਚ ਸੀ.ਬੀ.ਆਈ. ਦੀ ਕਲਜ਼ੋਰ ਰਿਪੋਰਟ ਉਤੇ ਦਿੱਤੇ ਬਿਆਨ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਦੀ ਬਜਾਏ ਡੇਰਾ ਪ੍ਰੇਮੀਆਂ ਦੀ ਬੋਲੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਡੇਰਾ ਪ੍ਰੇਮੀਆਂ ਪ੍ਰਤੀ ਹੇਜ ਜਤਾਉਣ ਦੀ ਬਜਾਏ ਬੇਅਦਬੀ ਦੇ ਦੋਸ਼ੀਆਂ ਅਤੇ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਚਾਰਾਜੋਈ ਕਰਨ।

ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਾਂਗਰਸੀ ਆਗੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਡੇਰਾ ਪ੍ਰੇਮੀਆਂ ਦੇ ਹੱਕ ਵਿੱਚ ਇਸ ਤਰ੍ਹਾਂ ਬੋਲ ਰਹੇ ਹਨ ਜਿਵੇਂ ਉਹ ਡੇਰਾ ਪ੍ਰੇਮੀ ਹੋਣ ਜਾਂ ਫੇਰ ਅਕਾਲੀ ਦਲ ਦਾ ਡੇਰਾ ਨਾਲ ਗਠਜੋੜ ਹੋਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਸੀ.ਬੀ.ਆਈ. ਕਲਜ਼ੋਰ ਰਿਪੋਰਟ ਦਾ ਵਿਰੋਧ ਕਰਨ ਦਾ ਡਰਾਮਾ ਕਰਨ ਤੋਂ ਬਾਅਦ ਹੁਣ ਡੇਰਾ ਪ੍ਰੇਮੀਆਂ ਦੇ ਹੱਕ ਵਿੱਚ ਬੋਲ ਕੇ ਨਵਾਂ ਡਰਾਮਾ ਕਰ ਰਿਹਾ ਹੈ।

ਸ. ਰੰਧਾਵਾ ਨੇ ਕਿਹਾ ਕਿ ਅਸਲ ਵਿੱਚ ਅਕਾਲੀ ਦਲ ਤੇ ਕੇਂਦਰ ਵਿੱਚ ਬੈਠੀ ਉਸ ਦੀ ਭਾਈਵਾਲ ਭਾਜਪਾ ਚਾਹੁੰਦੀ ਹੀ ਨਹÄ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ ਸਗੋਂ ਉਨ੍ਹਾਂ ਨੂੰ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ ਨਜ਼ਰ ਆ ਰਹੀਆਂ ਹਨ ਜਿੱਥੇ ਉਨ੍ਹਾਂ ਦੀ ਟੇਕ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਉਪਰ ਲੱਗੀ ਹੈ।

ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਾਂਚ ਉਤੇ ਸੁਖਬੀਰ ਬਾਦਲ ਵੱਲੋਂ ਵੋਟਾਂ ਲੈਣ ਖਾਤਰ ਲਾਏ ਦੋਸ਼ਾਂ ਦਾ ਜਵਾਬ ਦਿੰਦਿਆ ਸ. ਰੰਧਾਵਾ ਨੇ ਕਿਹਾ ਕਿ ਇਹ ਬਿਆਨ ਦੇਣ ਤੋਂ ਪਹਿਲਾ ਸੁਖਬੀਰ ਸਿੰਘ ਬਾਦਲ ਆਪਣੀ ਪੀੜ੍ਹੀ ਹੇਠ ਸੋਟਾਂ ਫੇਰੇ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤਾਂ ਬੇਅਦਬੀ ਮਾਮਲਿਆਂ ਅਤੇ ਨਿਰਦੋਸ਼ ਸਿੱਖਾਂ ਉਤੇ ਵਰ੍ਹਾਈਆਂ ਗੋਲੀਆਂ ਦੀ ਜਾਂਚ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ ਜਦੋਂ ਕਿ ਅਕਾਲੀ ਦਲ ਨੇ ਆਪਣੀ ਸਰਕਾਰ ਵੇਲੇ ਡੇਰਾ ਪੇ੍ਰਮੀਆਂ ਦੀਆਂ ਵੋਟਾਂ ਲੈਣ ਖਾਤਰ ਸਿੱਖ ਹਿਰਦਿਆਂ ਨੂੰ ਵਲੂੰਧਰਦਿਆਂ ਉਨ੍ਹਾਂ ਕੋਲੋਂ ਬੇਅਦਬੀ ਜਿਹਾ ਘਿਨਾਉਣਾ ਕਾਰਾ ਕੀਤਾ ਅਤੇ ਫੇਰ ਇਨਸਾਫ ਮੰਗ ਰਹੇ ਸਿੱਖਾਂ ਉਪਰ ਗੋਲੀਆਂ ਚਲਾ ਕੇ ਜਨਰਲ ਡਾਇਰ ਨੂੰ ਵੀ ਮਾਤ ਪਾ ਦਿੱਤੀ।

Yes Punjab - Top Stories