ਤਰਨ ਤਾਰਨ ਨਗਰ ਕੀਰਤਨ ਦੌਰਾਨ ਬੰਬ ਧਮਾਕਾ ਮੰਦਭਾਗਾ, ਪੰਥਕ ਸੰਸਥਾਵਾਂ ਆਤਿਸ਼ਬਾਜੀ ਤੇ ਲਗਾਉਣ ਰੋਕ: ਜੱਥੇਦਾਰ ਜਗਤਾਰ ਸਿੰਘ ਹਵਾਰਾ

ਅੰਮ੍ਰਿਤਸਰ, 9 ਫਰਵਰੀ, 2020:

ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕੱਲ੍ਹ ਮਿਤੀ 8 ਫਰਵਰੀ ਨੂੰ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪੂਹਵਿੰਡ ਤੋਂ ਗੁਰਦੁਆਰਾ ਟਾਹਲਾ ਸਾਹਿਬ ਚੱਬਾ ਵਿਖੇ ਜਾ ਰਹੇ ਨਗਰ ਕੀਰਤਨ ਦੌਰਾਨ ਇੱਕ ਟਰਾਲੀ ਵਿੱਚ ਪਟਾਕਿਆਂ ਨੂੰ ਅੱਗ ਲੱਗਣ ਨਾਲ ਜਿਹੜਾ ਮੰਦਭਾਗਾ ਹਾਦਸਾ ਵਾਪਰਿਆ ਹੈ ਉਸ ਨੇ ਕਈ ਕੀਮਤੀ ਜਾਨਾਂ ਅਤੇ ਅਨੇਕਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਹੈ।

ਅਸੀਂ ਉਨ੍ਹਾਂ ਪਰਿਵਾਰਾਂ ਨਾਲ ਇਸ ਦੁੱਖ ਦੀ ਘੜੀ ਵਿੱਚ ਨਾਲ ਖੜ੍ਹੇ ਹਾਂ ਅਤੇ ਹਮਦਰਦੀ ਜ਼ਾਹਿਰ ਕਰਦੇ ਹਾਂ। ਇਸ ਹਾਦਸੇ ਨੇ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਦੀ ਕਾਰਜਸ਼ੀਲਤਾ ਅਤੇ ਗੁਰਮਤਿ ਤੋਂ ਉਲਟ ਚੱਲ ਪਏ ਰੁਝਾਨ ਵੱਲ ਸਾਰੇ ਪੰਥ ਦਾ ਧਿਆਨ ਖਿੱਚਿਆ ਹੈ।

ਸਿੱਖ ਪੰਥ ਅੰਦਰ ਇਤਿਹਾਸਕ ਮੌਕਿਆਂ ਉੱਪਰ ਆਤਿਸ਼ਬਾਜ਼ੀ ਕੀਤੇ ਜਾਣ ਦਾ ਗੁਰਮਤਿ ਵਿਰੋਧੀ ਵਰਤਾਰਾ ਕਦੋਂ ਆਰੰਭ ਹੋਇਆ ਇਹ ਤਾਂ ਖੋਜ ਦਾ ਵਿਸ਼ਾ ਹੈ। ਪਰ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਦੇ ਸਿਰ ਤੇ ਅਜਿਹੇ ਗੁਰਮਤਿ ਵਿਰੋਧੀ ਵਰਤਾਰੇ ਨੂੰ ਰੋਕਣ ਦੀ ਜ਼ਿੰਮੇਵਾਰੀ ਹੈ ਉਹ ਖ਼ੁਦ ਇਸ ਦੇ ਵਿੱਚ ਸ਼ਾਮਿਲ ਹੋ ਗਏ ਹਨ।

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੋ ਸਿੱਖ ਪੰਥ ਦਾ ਕੇਂਦਰੀ ਅਸਥਾਨ ਹੈ ਜਿੱਥੋਂ ਪਵਨ ਤੇ ਪਾਣੀ ਦੀ ਪਵਿੱਤਰਤਾ ਅਤੇ ਮਹੱਤਤਾ ਨੂੰ ਦਰਸਾਉਣ ਵਾਲੀਆਂ ਗੁਰੂ ਸਾਹਿਬਾਂ ਦੀ ਬਾਣੀ ਦੀਆਂ ਮਿੱਠੀਆਂ ਧੁਨਾਂ ਨਿਰੰਤਰ ਸੁਣਦੀਆਂ ਹਨ ਅਤੇ ਤਪਦੀ ਲੋਕਾਈ ਨੂੰ ਠਾਰਦੀਆਂ ਹਨ।

ਅਸੀਂ ਉਸ ਪਵਿੱਤਰ ਅਸਥਾਨ ਅੰਦਰ ਦੀਵਾਲੀ ਅਤੇ ਕਈ ਹੋਰ ਮੌਕਿਆਂ ਉੱਪਰ ਆਤਿਸ਼ਬਾਜ਼ੀ ਦੇ ਸ਼ੋਰ ਸ਼ਰਾਬੇ ਨਾਲ ਜਿੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਵਿੱਚ ਖਲਲ ਪਾਉਣਾ ਅਰੰਭ ਕੀਤਾ ਹੈ, ਉੱਥੇ ਹੀ ਇਸ ਦੇ ਜ਼ਹਿਰੀਲੇ ਧੂੰਏ ਨਾਲ ਵਾਤਾਵਰਨ ਨੂੰ ਗੰਦਲਾ ਕਰਨਾ ਆਰੰਭ ਕਰ ਦਿੱਤਾ। ਜਿੱਥੋਂ ਮਨੁੱਖਤਾ ਨੂੰ ਵਾਤਾਵਰਨ ਦੀ ਸ਼ੁੱਧਤਾ ਦੇ ਦੀ ਸੇਧ ਪ੍ਰਦਾਨ ਕੀਤੀ ਜਾਂਦੀ ਸੀ ਪ੍ਰਬੰਧਕੀ ਅਵੇਸਲੇਪਨ ਕਾਰਨ ਉੱਥੇ ਹੀ ਵਾਤਾਵਰਨ ਨੂੰ ਗੰਧਲਾ ਕਰਨ ਵਾਲੀ ਆਤਿਸ਼ਬਾਜ਼ੀ ਕਰਨੀ ਆਰੰਭ ਕਰ ਦਿੱਤੀ।

Share News / Article

Yes Punjab - TOP STORIES