ਤਰਨ ਤਾਰਨ ਦੇ ਪਿੰਡ ਚੀਮਾ ਕਲਾਂ ’ਚ ਪਾਵਨ ਸਰੂਪ ਦਾ ਅਗਨ ਭੇਟ ਹੋਣਾ ਮੰਦਭਾਗੀ ਘਟਨਾ: ਲੌਂਗੋਵਾਲ

ਅੰਮ੍ਰਿਤਸਰ, 16 ਅਗਸਤ, 2019:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤਰਨਤਾਰਨ ਜਿਲ੍ਹੇ ਦੇ ਝਬਾਲ ਨੇੜਲੇ ਪਿੰਡ ਚੀਮਾ ਕਲਾਂ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ ਹੋ ਜਾਣ ’ਤੇ ਅਫਸੋਸ ਪ੍ਰਗਟ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਹ ਘਟਨਾ ਡੂੰਘੀ ਮਾਨਸਿਕ ਪੀੜਾ ਦੇਣ ਵਾਲੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਸਰ ਹੀ ਅਪੀਲਾਂ ਕੀਤੀਆਂ ਜਾਂਦੀਆਂ ਹਨ ਕਿ ਬਿਜਲੀ ਉਪਕਰਨ ਉਨੀ ਦੇਰ ਹੀ ਚਲਾਏ ਜਾਣ ਜਿੰਨਾਂ ਚਿਰ ਲੋੜ ਹੋਵੇ।

ਰਾਤ ਸਮੇਂ ਤਾਂ ਮੇਨ ਸਵਿੱਚ ਹੀ ਬੰਦ ਕਰ ਦੇਣਾ ਚਾਹੀਦਾ ਹੈ ਪਰੰਤੂ ਦੁੱਖ ਦੀ ਗੱਲ ਹੈ ਕਿ ਪ੍ਰਬੰਧਕ ਲਗਾਤਾਰ ਪੱਖੇ ਆਦਿ ਚਲਾਈ ਰੱਖਦੇ ਹਨ ਅਤੇ ਨਤੀਜਾ ਅਜਿਹੀਆਂ ਦੁੱਖਦ ਘਟਨਾਵਾਂ ਦੇ ਰੂਪ ਵਿਚ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਚੀਮਾ ਕਲਾਂ ਦੀ ਘਟਨਾ ਵੀ ਪਲਾਸਟਿਕ ਦੇ ਪੱਖੇ ਨੂੰ ਅੱਗ ਲੱਗਣ ਨਾਲ ਵਾਪਰੀ ਹੈ, ਜਦਕਿ ਪ੍ਰਬੰਧਕੀ ਸੂਝ ਬੂਝ ਨਾਲ ਅਜਿਹੀਆਂ ਘਟਨਾਵਾਂ ਰੁਕ ਸਕਦੀਆਂ ਹਨ।

ਭਾਈ ਲੌਂਗੋਵਾਲ ਨੇ ਮੁੜ ਅਪੀਲ ਕੀਤੀ ਹੈ ਕਿ ਸਮੂਹ ਗੁਰਦੁਆਰਾ ਪ੍ਰਬੰਧਕ ਚੇਤੰਨ ਰੂਪ ਵਿਚ ਸੇਵਾ ਨਿਭਾਉਣ ਅਤੇ ਲੋੜ ਅਨੁਸਾਰ ਹੀ ਬਿਜਲੀ ਉਪਕਰਨ ਚਲਾਉਣ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਘਰ ਅੰਦਰ ਹਰ ਸਮੇਂ ਕਿਸੇ ਦੀ ਮੌਜੂਦਗੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਨਿਗਰਾਨੀ ਬਣੀ ਰਹੇ।

Share News / Article

Yes Punjab - TOP STORIES