ਡੈਮੋਕਰੇਟਿਕ ਮਨਰੇਗਾ ਫਰੰਟ ਨੇ ਹਰ ਪਰਿਵਾਰ ਨੂੰ ਕਾਨੂੰਨ ਅਨੁਸਾਰ 100 ਦਿਨਾਂ ਦਾ ਕੰਮ ਦੇਣ ਦੀ ਕੀਤੀ ਮੰਗ

ਸੰਗਰੂਰ, 14 ਮਈ, 2022 (ਦਲਜੀਤ ਕੌਰ ਭਵਾਨੀਗੜ੍ਹ)
ਡੈਮੋਕਰੇਟਿਕ ਮਨਰੇਗਾ ਫਰੰਟ ਪੰਜਾਬ ਵਲੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਜਿਲ੍ਹਾ ਸੰਗਰੂਰ ਦੀ ਕਾਨਫਰੰਸ ਅੰਦਰ ਮਗਨਰੇਗਾ ਤਹਿਤ 100 ਦਿਨ ਦੇ ਰੋਜ਼ਗਾਰ ਦੀ ਗਾਰੰਟੀ, ਪੰਜ ਏਕੜ ਵਾਲੇ ਕਿਸਾਨਾਂ ਨੂੰ ਅਪਣੇ ਖੇਤ ਅੰਦਰ ਕੰਮ ਕਰਕੇ ਮਗਨਰੇਗਾ ਤਹਿਤ ਰੁਜ਼ਗਾਰ ਹਾਸਲ ਕਰਨ, ਪਿੰਡਾਂ ਦੀ ਤਾਕਤ ਮਜਬੂਤ ਕਰਨ ਲਈ ਗਰਾਮ ਸਭਾ ਦੀ ਮਹੱਤਤਾ ਸਬੰਧੀ ਸਿੱਖਿਅਤ ਕਰਨ ਲਈ ਸੰਬੋਧਨ ਕਰਦਿਆਂ ਉੱਘੇ ਪੱਤਰਕਾਰ ਹਮੀਰ ਸਿੰਘ, ਕਰਨੈਲ ਸਿੰਘ ਜਖੇਪਲ, ਰਾਜ ਕੁਮਾਰ ਸਿੰਘ ਕਨਸੂਹਾ, ਸੁਨੀਤਾ ਰਾਣੀ ਕੈਦੂਪੁਰ, ਭੋਲਾ ਸਿੰਘ ਘਾਸੀਵਾਲ, ਨਿਰਮਲਾ ਕੌਰ ਧਰਮਗੜ੍ਹ, ਮਿੱਡ ਡੇ ਮੀਲ ਕੁੱਕ ਫਰੰਟ ਦੀ ਆਗੂ ਹਰਜਿੰਦਰ ਕੌਰ ਲੋਪੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਕਰੀਬਨ 17 ਸਾਲ ਪਹਿਲਾਂ ਮਗਨਰੇਗਾ ਕਾਨੂੰਨ ਤਹਿਤ 100 ਦਿਨ ਦੇ ਰੋਜ਼ਗਾਰ ਦੀ ਗਾਰੰਟੀ ਦੇਣ ਦਾ ਕਾਨੂੰਨ ਬਣਾਇਆ ਅਤੇ 2013 ਅੰਦਰ 5 ਏਕੜ ਤੱਕ ਦੇ ਕਿਸਾਨਾਂ ਨੂੰ ਅਪਣੇ ਖੇਤ ਅੰਦਰ ਕੰਮ ਕਰਕੇ ਮਗਨਰੇਗਾ ਤਹਿਤ ਰੁਜ਼ਗਾਰ ਹਾਸਲ ਕਰਨ ਲਈ ਕਾਨੂੰਨ ਵਿੱਚ ਵਾਧਾ ਦਰਜ ਕੀਤਾ ਗਿਆ ਪਰੰਤੂ ਆਮ ਤੌਰ ਤੇ ਸਾਲ ਅੰਦਰ 100 ਦਿਨ ਦਾ ਰੋਜ਼ਗਾਰ ਕਿਤੇ ਵੀ ਹਾਸਲ ਨਹੀਂ ਹੋਇਆ ਅਤੇ ਕੀਤੇ ਕੰਮ ਦੀ ਦਿਹਾੜੀ ਹਰ ਥਾਂ ਘੱਟ ਦਿੱਤੀ ਜਾ ਰਹੀ ਜਿਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ। ਪੰਜਾਬ ਅੰਦਰ 5 ਏਕੜ ਤੱਕ ਦੇ ਕਿਸਾਨਾਂ ਦੇ ਜਾਬ ਕਾਰਡ ਵੀ ਨਹੀਂ ਬਣਾਏ ਜਾਂਦੇ।

ਆਗੂਆਂ ਨੇ ਕਿਹਾ ਕਿ ਮੰਗ ਅਧਾਰਿਤ ਲਿਖਤੀ ਤੌਰ ਤੇ ਕੰਮ ਲੈਣ, ਕੰਮ ਤੇ ਜਾਣ ਤੋਂ ਪਹਿਲਾਂ ਨਿਯੁਕਤੀ ਪੱਤਰ ਲੈਣ, ਕੰਮ ਨਾ ਦੇਣ ਦੀ ਸੂਰਤ ਵਿੱਚ ਬੇਰੋਜਗਾਰੀ ਭੱਤਾ ਹਾਸਲ ਕਰਨ ਅਤੇ ਕੰਮ ਦਾ ਮਿਹਨਤਾਨਾ 15 ਦਿਨਾਂ ਅੰਦਰ ਲੈਣ ਅਤੇ ਦੇਰੀ ਹੋਣ ਤੇ ਸਮੇਤ ਵਿਆਜ ਮਿਹਨਤਾਨਾ ਲੈਣ ਜਿਹੇ ਮੁੱਦਿਆਂ ਤੇ ਸਿਖਿਅਤ ਕਰਨ ਲਈ ਸਰਗਰਮੀ ਕੀਤੀ ਜਾ ਰਹੀ ਹੈ।

ਮਨਰੇਗਾ ਨੂੰ ਕਾਨੂੰਨ ਦੀ ਭਾਵਨਾ ਅਨੁਸਾਰ ਚਲਾਉਣ ਲਈ ਗਰਾਮ ਸਭਾ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮਨਰੇਗਾ ਦਾ ਬੱਜਟ ਗਰਾਮ ਸਭਾ ਰਾਹੀਂ ਪਾਸ ਕਰਕੇ ਭੇਜਿਆ ਜਾਂਦਾ ਹੈ ਅਤੇ ਪਿੰਡ ਪੱਧਰ ਤੇ ਵਿਕਾਸ ਦੇ ਪ੍ਰੋਜੈਕਟ ਵੀ ਗਰਾਮ ਸਭਾ ਰਾਹੀਂ ਪਾਸ ਕੀਤੇ ਜਾਂਦੇ ਹਨ।

ਅੱਜ ਦੀ ਕਾਨਫਰੰਸ ਵਿੱਚ ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ ਦੇ ਆਗੂਆਂ ਫਲਜੀਤ ਸਿੰਘ, ਤਰਲੋਚਨ ਸਿੰਘ ਸੂਲਰ ਘਰਾਟ, ਗੁਰਮੀਤ ਸਿੰਘ ਥੂਹੀ, ਮਨਪ੍ਰੀਤ ਕੌਰ ਰਾਜਪੁਰਾ, ਹੰਸ ਰਾਜ ਭਵਾਨੀਗੜ੍ਹ, ਖਿਆਲੀ ਰਾਮ ਪਾਤੜਾਂ, ਚੰਦ ਸਿੰਘ ਰੋਗਲਾ, ਅਤੇ ਤਾਰਾ ਸਿੰਘ ਫੱਗੂਵਾਲਾ ਤੋਂ ਇਲਾਵਾ ਸਾਬਕਾ ਰਾਜਦੂਤ ਕੇ ਸੀ ਸਿੰਘ ਅਤੇ ਸਾਇੰਟੇਫਿਕ ਅਵੇਰਨੈਸ ਫੋਰਮ ਦੇ ਪ੍ਰਧਾਨ ਅਮਰਜੀਤ ਸਿੰਘ ਮਾਨ ਨੇ ਵਿਸ਼ੇਸ਼ ਸਿਰਕਤ ਕੀਤੀ ਅਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਮਨਰੇਗਾ ਬੱਜਟ ਅੰਦਰ ਵਾਧਾ ਕਰੇ, ਮਨਰੇਗਾ ਤਹਿਤ 100 ਦਿਨ ਦੀ ਵਜਾਏ 200 ਦਿਨ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਦੀ ਰਕਮ ਘੱਟੋ ਘੱਟ ਉਜਰਤ ਕਾਨੂੰਨ ਮੁਤਾਬਕ ਦਿੱਤੀ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ