ਡੇਰਾ ਬਾਬਾ ਨਾਨਕ ਸਾਹਿਤ ਉਤਸਵ ਤਹਿਤ ‘ਗੁਰੂ ਨਾਨਕ: ਪਰੰਪਰਾ, ਸਮਕਾਲ ਅਤੇ ਵਿਸਵ ਦ੍ਰਿਸਟੀ’ ਵਿਸੇ ਉਤੇ ਸੈਮੀਨਾਰ

ਚੰਡੀਗੜ੍ਹ/ਡੇਰਾ ਬਾਬਾ ਨਾਨਕ (ਗੁਰਦਾਸਪੁਰ), 08 ਨਵੰਬਰ, 2019 –

ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਦਿਲਾਂ ਨੂੰ ਜੋੜੇਗਾ ਅਤੇ ਇਸ ਦੇ ਖੁੱਲ੍ਹਣ ਨਾਲ ਭਾਈਚਾਰਕ ਸਾਂਝਾਂ ਮਜਬੂਤ ਹੋਣਗੀਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਂਤੀ, ਪਿਆਰ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਬਹੁਤ ਵੱਡਾ ਸੁਨੇਹਾ ਮਿਲੇਗਾ।

ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਸਬੰਧੀ ‘ਗੁਰੂ ਨਾਨਕ: ਪਰੰਪਰਾ, ਸਮਕਾਲ ਅਤੇ ਵਿਸਵ ਦ੍ਰਿਸਟੀ’ ਵਿਸੇ ਉਤੇ ਕਰਵਾਏ ਜਾ ਰਹੇ ਡੇਰਾ ਬਾਬਾ ਨਾਨਕ ਸਾਹਿਤ ਉਤਸਵ ਤਹਿਤ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।

ਡਾ. ਪਾਤਰ ਨੇ ਕਿਹਾ ਕਿ ਗੁਰੂ ਨਾਨਕ ਪਾਤਸਾਹ ਨੇ ਇਕ ਅਕਾਲ ਪੁਰਖ ਦਾ ਸਿਧਾਂਤ ਦਿੰਦਿਆਂ ਬਾਣੀ ਦੇ ਵਿੱਚ ਕੁਦਰਤ ਨੂੰ ਬਹੁਤ ਅਹਿਮੀਅਤ ਦਿੱਤੀ ਅਤੇ ਛੋਟੇ ਛੋਟੇ ਕੁਦਰਤੀ ਵਰਤਾਰਿਆਂ ਦੀਆਂ ਉਦਾਹਰਨਾਂ ਬਾਣੀ ਵਿੱਚ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਬਾਣੀ ਵਿੱਚ ਮਨੁੱਖ ਨੂੰ ਸੰਬੋਧਨ ਹੋ ਕੇ ਜਿੱਥੇ ਇਕ ਸੱਚਿਆਰ ਮਨੁੱਖ ਦੀ ਘਾੜਤ ਘੜਨ ਦਾ ਉਪਰਾਲਾ ਕੀਤਾ ਹੈ, ਉਥੇ ਗਰੀਬਾਂ ਅਤੇ ਲਤਾੜਿਆਂ ਨੂੰ ਸੰਭਾਲਿਆਂ ਅਤੇ ਸੁਚੱਜੀ ਜੀਵਨ ਜਾਚ ਬਖਸੀ।

ਇਸ ਦੇ ਨਾਲ ਨਾਲ ਗੁਰੂ ਸਾਹਿਬ ਨੇ ਉਸ ਵੇਲੇ ਦੀਆਂ ਘਟਨਾਵਾਂ ਦਾ ਵੇਰਵਾ ਦੇ ਕੇ ਉਸ ਵੇਲੇ ਦੇ ਸਮਾਜਕ ਹਲਾਤ ਦਾ ਵਰਨਣ ਕੀਤਾ ਅਤੇ ਉਨ੍ਹਾਂ ਘਟਨਾਵਾਂ ਦੇ ਵਾਪਰਨ ਦੇ ਕਾਰਨ ਦੱਸਦਿਆਂ ਸੱਚ ਨਾਲ ਜੁੜਨ ਦਾ ਸੁਨੇਹਾ ਦਿੱਤਾ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਉਪ ਕੁਲਪਤੀ ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਮਾਜ ਨੂੰ ਜਿਹੜੀਆਂ ਰੂੜਵਾਦੀ ਵਿਚਾਰਧਾਰਾ ਤੇ ਵਹਿਮਾਂ ਭਰਮਾਂ ਵਿੱਚੋਂ ਕੱਢਿਆ ਸੀ, ਉਹ ਰੂੜੀਵਾਦੀ ਵਿਚਾਰ ਧਾਰਾ ਸਮਾਜ ਉੇਤੇ ਮੁੜ ਭਾਰੂ ਹੁੰਦੀਆਂ ਜਾ ਰਹੀ ਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰ ਕੇ ਸਮਾਜ ਨੂੰ ਸਹੀ ਸੇਧ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਪਾਠ ਕਰਨ, ਗੁਰਬਾਣੀ ਦੇ ਅਰਥ ਪੜ੍ਹਨ ਦੇ ਨਾਲ ਨਾਲ ਸਭ ਤੋਂ ਅਹਿਮ ਹੈ ਕਿ ਗੁਰਬਾਣੀ ਮੁਤਾਬਕ ਜਿੰਦਗੀ ਬਤੀਤ ਕੀਤੀ ਜਾਵੇ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਰਤਨ ਸਿੰਘ ਜੱਗੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਮਨੁੱਖ ਗੁਰਬਾਣੀ ਤੋਂ ਸੇਧ ਲੈ ਕੇ ਇਕ ਸੱਚਾ ਮਨੁੱਖ ਬਣੇ ਅਤੇ ਸਮਾਜ ਵਿੱਚ ਵੱਖ ਵੱਖ ਆਧਾਰ ਤੇ ਪਈਆਂ ਵੰਡੀਆਂ ਨੂੰ ਖਤਮ ਕਰ ਕੇ ਇਕ ਸਾਂਝੇ ਤੇ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਔਰਤ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਅਤੇ ਹਾਲੇ ਵੀ ਉਨ੍ਹਾਂ ਦੇ ਇਸ ਸੁਨੇਹੇ ਵੱਡੇ ਪੱਧਰ ਉਤੇ ਪ੍ਰਚਾਰਨ ਦੀ ਲੋੜ ਹੈ।

ਡਾ. ਜੱਗੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਧਰਮ ਨੂੰ ਮੱਠਾਂ ਵਿੱਚੋਂ ਕੱਢ ਕੇ ਆਮ ਲੋਕਾਂ ਵਿੱਚ ਲਿਆਂਦਾ ਤੇ ਸਮਾਜ ਦੀ ਕਾਇਆ ਕਲਪ ਕੀਤੀ। ਉਨ੍ਹਾਂ ਕਿਹਾ ਕਿ ਅੱਜ ਗੁਰੂ ਸਾਹਿਬ ਦੀਆਂ ਸਿੱਖਿਆਂ ਉਤੇ ਅਮਲ ਕਰਦਿਆਂ ਸਭ ਤੋਂ ਅਹਿਮ ਹੈ ਕਿ ਕੁਦਰਤ ਦੀ ਸੰਭਾਲ ਕੀਤੀ ਜਾਵੇ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਕਪਿਲ ਕਪੂਰ ਨੇ ਕਿਹਾ ਕਿ ਗੁਰੂ ਸਾਹਿਬ ਨੇ ਬਾਣੀ ਦੀ ਰਚਨਾ ਵੱਖ ਵੱਖ ਥਾਵਾਂ ਉੱਤੇ ਜਾ ਕੇ ਉਦਾਸੀਆਂ ਦੇ ਰੂਪ ਵਿੱਚ ਕੀਤੀ ਹੈ। ਉਨਾਂ ਕਿਹਾ ਕਿ ਸੰਗੀਤ ਦੇ ਮਾਧਿਅਮ ਨਾਲ ਕੋਈ ਵੀ ਸ਼ਬਦ ਮਨ ਉੱਤੇ ਬਹੁਤ ਜਿਆਦਾ ਅਸਰਦਾਰ ਢੰਗ ਨਾਲ ਆਪਣੀ ਛਾਪ ਛੱਡਦਾ ਹੈ ਅਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆ ਗੁਰੂ ਸਾਹਿਬ ਨੇ ਬਾਣੀ ਦੀ ਰਚਨਾ ਰਾਗਾਂ ਵਿੱਚ ਕੀਤੀ ਹੈ।

ਇਸ ਮੌਕੇ ਡਾ.ਆਤਮਜੀਤ ਸਿੰਘ, ਡਾ. ਜਗਮੀਤ ਸਿੰਘ,ਮਨਮੋਹਨ, ਸਾਦਿਕ ਅਲੀ, ਸੁਬੋਧ ਸਰਕਾਰ, ਡਾ. ਹਰਭਜਨ ਸਿੰਘ, ਸਚਿਨ ਕੇਤਕਰ, ਜਸਵੰਤ ਜਫਰ, ਪ੍ਰਦੁਮਨ ਸ਼ਾਹ, ਦੀਪਕ ਮਨਮੋਹਨ ਸਿੰਘ, ਸਮੇਤ ਵੱਡੀ ਗਿਣਤੀ ਸਾਹਿਤਕ ਸਖਸ਼ੀਅਤਾਂ ਹਾਜਰ ਸਨ।

Share News / Article

Yes Punjab - TOP STORIES