ਡੀ.ਸੀ. ਦੇ ਨਵੇਂ ਹੁਕਮਾਂ ਨੇ ਛੇੜੀ ਚਰਚਾ – ਔਰਤ ਸਟਾਫ਼ ਲਈ ਦੁਪੱਟਾ ਲਾਜ਼ਮੀ, ਮਰਦ ਨਹੀਂ ਪਹਿਣ ਸਕਣਗੇ ਟੀ-ਸ਼ਰਟ

ਯੈੱਸ ਪੰਜਾਬ
ਫ਼ਾਜ਼ਿਲਕਾ, 27 ਜੁਲਾਈ, 2019:

ਪੰਜਾਬ ਦੇ ਇਕ ਡਿਪਟੀ ਕਮਿਸ਼ਨਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਨਵੇਂ ਹੁਕਮਾਂ ਅਨੁਸਾਰ ਹੁਣ ਸੰਬੰਧਤ ਜ਼ਿਲ੍ਹੇ ਦੇ ਪੁਰਸ਼ ਕਰਮਚਾਰੀ ਟੀ-ਸ਼ਰਟ ਪਹਿਣ ਕੇ ਅਤੇ ਔਰਤ ਕਰਮਚਾਰੀ ਦੁਪੱਟੇ ਦੇ ਬਿਨਾਂ ਦਫ਼ਤਰ ਵਿਚ ਹਾਜ਼ਰ ਨਹੀਂ ਹੋ ਸਕਣਗੇ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਨੂੰ ਅਨੁਸ਼ਾਸ਼ਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ।

ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ: ਮਨਪ੍ਰੀਤ ਸਿੰਘ ਛਤਵਾਲ, ਆਈ.ਏ.ਐਸ. ਵੱਲੋਂ 26 ਜੁਲਾਈ ਨੂੰ ਜਾਰੀ ਕੀਤੇ ਇਕ ਹੁਕਮ ਤਹਿਤ ਡੀ.ਸੀ. ਸਾਹਿਬ ਨੂੰ ਮਰਦ ਕਰਮਚਾਰੀਆਂ ਦਾ ਦਫ਼ਤਰੀ ਸਮੇਂ ਦੌਰਾਨ ਟੀ-ਸ਼ਰਟ ਪਾ ਕੇ ਆਉਣਾ ਅਤੇ ਔਰਤ ਸਟਾਫ਼ ਦਾ ਬਿਨਾਂ ਦੁਪੱਟੇ ਦਫ਼ਤਰ ਵਿਚ ਆਉਣਾ ਨਹੀਂ ਭਾਉਂਦਾ ਇਸ ਲਈ ਉਨ੍ਹਾਂ ਨੇ ਔਰਤਾਂ ਦੇ ਬਿਨਾਂ ਦੁਪੱਟੇ ਦਫ਼ਤਰ ਆਉਣ ਅਤੇ ਮਰਦਾਂ ਦੇ ਟੀ-ਸ਼ਰਟ ਪਾ ਕੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਹੈ।

ਹੁਕਮਾਂ ਵਿਚ ਸਪਸ਼ਟ ਕਿਹਾ ਗਿਆ ਹੈ ਕਿ ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਸਟਾਫ਼ ਮੈਂਬਰਾਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗਾ।

ਡਿਪਟੀ ਕਮਿਸ਼ਨਰ ਦੇ ਇਸ ਹੁਕਮ ਨੇ ਜਿੱਥੇ ਜ਼ਿਲ੍ਹੇ ਦੇ ਸਰਕਾਰੀ ਸਟਾਫ਼ ਵਿਚ ਹਲਚਲ ਪੈਦਾ ਕਰ ਦਿੱਤੀ ਹੈ ਉੱਥੇ ਡੀ.ਸੀ. ਵੱਲੋਂ ਜਾਰੀ ਇਨ੍ਹਾਂ ਨਵੇਂ ਹੁਕਮਾਂ ਬਾਰੇ ਸਮਾਜਿਕ, ਰਾਜਸੀ ਅਤੇ ਅਧਿਕਾਰੀਆਂ ਦੇ ਹਲਕਿਆਂ ਵਿਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਕੀ ਇਹ ਹੁਕਮ ਲਾਗੂ ਕੀਤਾ ਜਾ ਸਕੇਗਾ ਜਾਂ ਫ਼ਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਰਾਜ ਵਿਚ ਇਸ ਤਰ੍ਹਾਂ ਦੇ ਹੁਕਮ ਲਾਗੂ ਕਰਨ ਲਈ ਪ੍ਰਵਾਨਗੀ ਦੇਵੇਗੀ ਕਿਉਂਕਿ ਜੇ ਇਹ ਹੁਕਮ ਲਾਗੂ ਰਹਿੰਦੇ ਹਨ ਤਾਂ ਇਨ੍ਹਾਂ ਨੂੰ ਸੂਬੇ ਦੇ ਕੁਝ ਹੋਰ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਵੀ ਲਾਗੂ ਕਰਨ ਬਾਰੇ ਸੋਚਿਆ ਜਾ ਸਕਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਕਈ ਪੁਰਸ਼ ਸੀਨੀਅਰ ਅਧਿਕਾਰੀ ਜਿਨ੍ਹਾਂ ਵਿਚ ਆਈ.ਏ.ਐਸ. ਅਤੇ ਪੀ.ਸੀ.ਐਸ. ਅਧਿਕਾਰੀ ਵੀ ਸ਼ਾਮਿਲ ਹਨ, ਖ਼ੁਦ ਟੀ ਸ਼ਰਟ ਪਹਿਣ ਕੇ ਦਫ਼ਤਰ ਵਿਚ ਹਾਜ਼ਰ ਹੁੰਦੇ ਹਨ ਅਤੇ ਇਸੇ ਤਰ੍ਹਾਂ ਕਈ ਇਸਤਰੀ ਅਧਿਕਾਰੀ ਵੀ ਦੁਪੱਟੇ ਤੋਂ ਬਿਨਾਂ ਦਫ਼ਤਰ ਪਹੁੰਚਦੀਆਂ ਹਨ।

ਇਹ ਹੁਕਮ ਜਿਸਦੀ ਕਾਪੀ ਹੇਠਾਂ ਦਿੱਤੀ ਜਾ ਰਹੀ ਹੈ ਸੋਮਵਾਰ 29 ਜੁਲਾਈ, 2019 ਤੋਂ ਲਾਗੂ ਹੋ ਜਾਣ ਦੀ ਸੰਭਾਵਨਾ ਹੈ।

Share News / Article

Yes Punjab - TOP STORIES