ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਭਰਤੀ ਰੈਕੇਟ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ, 28 ਦਸੰਬਰ, 2019:

ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਭਰਤੀ ਰੈਕੇਟ ਦੀ ਅੱਗੇ ਛਾਣਬੀਣ ਲਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਹੈ। ਹਰਿੰਦਰ ਸਿੰਘ ਉਰਫ਼ ਬੱਬੂ-12 ਬੋਰ, ਜਿਸਨੇ ਪੁਲੀਸ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਥਿਤ ਤੌਰ ‘ਤੇ 11 ਲੋਕਾਂ ਨੂੰ ਠੱਗਿਆ ਸੀ, ਦੀ ਗ੍ਰਿਫ਼ਤਾਰੀ ਨਾਲ ਇਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ।

ਪੂਲੀਸ ਦੇ ਇੱਕ ਬੁਲਾਰੇ ਅਨੁਸਾਰ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਇਸ ਰੈਕੇਟ ਵਿੱਚ ਸ਼ਾਮਲ ਹੋਰ ਦੋਸ਼ੀ ਦੀ ਭੂਮਿਕਾ ਬਾਰੇ ਅੱਗੇ ਪੜਤਾਲ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਹਰਿੰਦਰ ਨੇ ਪੁਲੀਸ ਵਿਭਾਗ ਵਿੱਚ ਭਰਤੀ ਕਰਾਉਣ ਦੇ ਵਾਅਦੇ ਨਾਲ ਘੱਟੋ ਘੱਟ 11 ਵਿਅਕਤੀਆਂ ਨਾਲ 70 ਲੱਖ ਰੁਪਏ ਦੀ ਠੱਗੀ ਮਾਰੀ ਸੀ।

ਇਹ ਵਿਸ਼ੇਸ਼ ਜਾਂਚ ਟੀਮ ਆਈ.ਜੀ. ਪਟਿਆਲਾ ਰੇਂਜ ਦੀ ਨਿਗਰਾਨੀ ਹੇਠ ਕੰਮ ਕਰੇਗੀ ਅਤੇ ਅੰਮ੍ਰਿਤਸਰ ਦਿਹਾਤੀ, ਮੋਹਾਲੀ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਦੇ ਐਸ.ਐਸ.ਪੀਜ਼ ਇਸਦੇ ਮੈਂਬਰ ਹੋਣਗੇ।

ਕਾਬਲੇਗੌਰ ਹੈ ਕਿ ਪੰਜਾਬ ਪੁਲੀਸ ਵਿਭਾਗ ਵਿੱਚ ਭਰਤੀ ਕਰਾਉਣ ਦੇ ਨਾਂਅ ‘ਤੇ ਲੋਗਾਂ ਨੂੰ ਠੱਗਣ ਦੇ ਦੋਸ਼ ਵਿੱਚ ਏ.ਐਸ.ਆਈ. ਪਰਮਿੰਦਰ ਸਿੰਘ ਦੀ ਸ਼ਿਕਾਇਤ ‘ਤੇ ਹਰਿੰਦਰ ਸਿੰਘ ਨੂੰ 20 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਆਈ.ਪੀ.ਸੀ. ਦੀ ਧਾਰਾ 419,420, 467,468, 471, 120ਬੀ ਅਤੇ ਆਈ.ਟੀ. ਐਕਟ ਦੀ ਧਾਰਾ 66ਡੀ ਤਹਿਤ ਐਫ.ਆਈ.ਆਰ. ਨੰਬਰ. 157 ਮਿਤੀ 20/12/2019 ਪੁਲੀਸ ਥਾਣਾ ਤਪਾ, ਜ਼ਿਲ੍ਹਾ ਬਰਨਾਲਾ ਵਿਖੇ ਦਰਜ ਕੀਤੀ ਗਈ ਸੀ। ਸ਼ਿਕਾਇਤ ਅਨੁਸਾਰ ਦੋਸ਼ੀ ਨੇ ਸ਼ਿਕਾਇਤਕਾਰਤਾ ਪਰਮਿੰਦਰ ਸਿੰਘ ਨਾਲ 40 ਲੱਖ ਰੁਪਏ ਦੀ ਠੱਗੀ ਮਾਰੀ ਸੀ।

ਦੋਸ਼ੀ ਦੇ ਕੰਮ ਕਰਨ ਦੇ ਢੰਗ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹਰਿੰਦਰ ਸਿੰਘ ਪਟਿਆਲਾ ਜ਼ਿਲ੍ਹੇ ਦੇ ਇੱਕ ਖੇਤੀਬਾੜੀ ਪਰਿਵਾਰ ਨਾਲ ਸਬੰਧਤ ਹੈ ਅਤੇ ਖਰੜ, ਮੋਹਾਲੀ ਅਤੇ ਪਟਿਆਲਾ ਵਿਖੇ ਫਲੈਟ ਤੋਂ ਆਪਰੇਟ ਕਰਦਾ ਸੀ।

ਉਸਨੇ ਪੰਜਾਬ ਪੁਲੀਸ ਵਿੱਚ ਸਬ ਇੰਸਪੈਕਟਰ ਹੋਣ ਦਾ ਢੌਂਗ ਰਚਿਆ ਅਤੇ ਦਾਅਵਾ ਕੀਤਾ ਕਿ ਉਹ ਖੁਫ਼ੀਆ ਆਪਰੇਸ਼ਨਜ਼ ਵਿੱਚ ਕੰਮ ਕਰ ਰਿਹਾ ਹੈ ਇਸ ਲਈ ਪੁਲੀਸ ਦੀ ਵਰਦੀ ਨਹੀਂ ਪਹਿਨਦਾ। ਦੋਸ਼ੀ ਪੈਸੇ ਦੇ ਬਦਲੇ ਵਿੱਚ ਫਰਜ਼ੀ ਨਿਯੁਕਤੀ ਪੱਤਰ ਤਿਆਰ ਕਰਕੇ ਨਿਰਦੋਸ਼ ਪੀੜਤਾਂ ਨੂੰ ਦਿੰਦਾ ਸੀ।

ਜਾਂਚ ਦੌਰਾਨ ਪੁਲੀਸ ਵੱਲੋਂ ਹਰਿੰਦਰ ਪਾਸੋਂ ਸ਼ਿਕਾਇਤਕਰਤਾਵਾਂ ਦੇ ਸਰਟੀਫਿਕੇਟ, 3,00,000 ਰੁਪਏ ਨਗਦੀ ਅਤੇ ਸਿੰਮ ਕਾਰਡ ਸਮੇਤ ਦੋਸ਼ੀ ਦਾ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਸੀ।

ਦੋਸ਼ੀ ਵੱਲੋਂ ਅਪਰਾਧ ਕਰਨ ਲਈ ਵਰਤੀ ਜਾ ਰਹੀ ਪਜੈਰੋ ਕਾਰ ਨੰ. ਪੀ.ਬੀ. 08 ਸੀ.ਟੀ. 0027 ਨੂੰ ਪੁਲੀਸ ਵੱਲੋਂ ਜ਼ਬਤ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਸੈਕਟਰ-35 ਵਿਖੇ ਸਥਿਤ ਇੱਕ ਸਾਈਬਰ ਕੇਫੇ ਦੇ ਕੰਪਿਊਟਰ ਸਿਸਟਮ ਨੂੰ ਡਿਜੀਟਲ ਸਬੂਤ ਵਜੋਂ ਜ਼ਬਤ ਕਰ ਲਿਆ ਗਿਆ ਹੈ, ਜਿਸਦੀ ਵਰਤੋਂ ਸ਼ਿਕਾਇਤਕਰਤਾਵਾਂ ਨੂੰ ਫਰਜ਼ੀ ਨਿਯੁਕਤੀ ਪੱਤਰ ਅਤੇ ਡੀ.ਓ. ਪੱਤਰ ਦੇਣ ਲਈ ਕੀਤੀ ਗਈ ਸੀ।

ਪੁੱਛਗਿੱਛ ਦੌਰਾਨ, ਹਰਿੰਦਰ ਨੇ ਪੁਲੀਸ ਨੂੰ ਦੱÎਸਿਆ ਕਿ ਉਸਨੇ ਉਸਨੇ ਪਜੈਰੋ ਕਾਰ ਦੀ ਖਰੀਦ, ਆਪਣੀ ਧੀ ਦੇ ਇਲਾਜ ਲਈ ਲਏ ਕਰਜੇ ਦੀ ਮੁੜ ਅਦਾਇਗੀ, ਨਵੀਂ ਦਿੱਲੀ ਵਿਖੇ ਪਾਮ ਵਿਲਾ ਵਿੱਚ ਆਪਣੀ ਰਿਹਾਇਸ਼ ਦੇ ਕਿਰਾਏ ਅਤੇ ਹੋਰ ਚੀਜ਼ਾਂ ‘ਤੇ ਲਈ 40.60 ਲੱਖ ਰੁਪਏ ਖ਼ਰਚ ਕੀਤੇ ਸਨ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਹਰਿੰਦਰ ਸਿੰਘ ਉਰਫ਼ ਬੱਬੂ-12 ਬੋਰ ਖਿਲਾਫ਼ ਕਈ ਐਫ.ਆਈ.ਆਰਜ਼ ਦਰਜ ਹਨ। ਏ.ਐਸ.ਆਈ. ਸੁਰਿੰਦਰ ਸਿੰਘ ਜਿਸ ਨਾਲ 8 ਲੱਖ ਰੁਪਏ ਦੀ ਠੱਗੀ ਵੱਜੀ ਹੈ, ਦੀ ਸ਼ਿਕਾਇਤ ‘ਤੇ ਆਈ.ਪੀ.ਸੀ. ਦੀ ਧਾਰਾ 420, 34 ਤਹਿਤ ਐਫ.ਆਈ.ਆਰ. ਨੰ. 242 ਮਿਤੀ 24/12/2019 ਪੁਲੀਸ ਥਾਣਾ ਸਦਰ ਸੰਗਰੂਰ ਵਿਖੇ ਦਰਜ ਕੀਤੀ ਗਈ ਹੈ।

ਲਹਿਰਾ ਦੇ ਕੁਲਦੀਪ ਸ਼ਰਮਾ ਜਿਸ ਨਾਲ 4 ਲੱਖ ਰੁਪਏ ਦੀ ਠੱਗੀ ਵੱਜੀ ਹੈ, ਦੀ ਸ਼ਿਕਾਇਤ ‘ਤੇ ਆਈ.ਪੀ.ਸੀ. ਦੀ ਧਾਰਾ 420, 467, 468, 471 ਤਹਿਤ ਐਫ.ਆਈ.ਆਰ. ਨੰ. 327 ਮਿਤੀ 24/12/2019 ਪੁਲੀਸ ਥਾਣਾ ਲਹਿਰਾ, ਸੰਗਰੂਰ ਵਿਖੇ ਦਰਜ ਕੀਤੀ ਗਈ ਸੀ।

ਸੀਮਾ ਵਾਸੀ ਪਟਿਆਲਾ ਜਿਸ ਨਾਲ 6.8 ਲੱਖ ਰੁਪਏ ਦੀ ਠੱਗੀ ਵੱਜੀ ਹੈ, ਦੀ ਸ਼ਿਕਾਇਤ ‘ਤੇ ਆਈ.ਪੀ.ਸੀ. ਦੀ ਧਾਰਾ 420,467,468, 471 ਤਹਿਤ ਐਫ.ਆਈ.ਆਰ. ਨੰ. 199 ਮਿਤੀ 24/12/2019 ਪੁਲੀਸ ਥਾਣਾ ਅਰਬਨ ਅਸਟੇਟ, ਪਟਿਆਲਾ ਵਿਖੇ ਦਰਜ ਕੀਤੀ ਗਈ ਸੀ।

ਇਸੇ ਤਰ੍ਹਾਂ ਬੁੱਧਸੇਵਕ ਸਿੰਘ ਜਿਸ ਨਾਲ ਪੁਲੀਸ ਵਿਭਾਗ ਵਿੱਚ ਕਾਂਸਟੇਬਲ ਭਰਤੀ ਕਰਾਉਣ ਦੇ ਨਾਂਅ ‘ਤੇ 7 ਲੱਖ ਰੁਪਏ ਦੀ ਠੱਗੀ ਵੱਜੀ ਹੈ, ਦੀ ਸ਼ਿਕਾਇਤ ‘ਤੇ ਆਈ.ਪੀ.ਸੀ. ਦੀ ਧਾਰਾ 419, 420, 467, 468, 120ਬੀ ਤਹਿਤ ਐਫ.ਆਈ.ਆਰ. ਨੰ. 150 ਮਿਤੀ 26/12/19 ਪੁਲੀਸ ਥਾਣਾ ਮਹਿਤਾ, ਅੰਮ੍ਰਿਤਸਰ ਦਿਹਾਤੀ ਵਿਖੇ ਦਰਜ ਕੀਤੀ ਗਈ ਸੀ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •