ਯੈੱਸ ਪੰਜਾਬ
ਚੰਡੀਗੜ੍ਹ, 4 ਫ਼ਰਵਰੀ, 2020:
ਪੰਜਾਬ ਪੁਲਿਸ ਦੇ ਡੀ.ਅੇਸ.ਪੀ.ਅਤੁਲ ਸੋਨੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡੀ.ਐਸ.ਪੀ. ਸੋਨੀ ਨੂੰ ਉਨ੍ਹਾਂ ਦੀ ਪਤਨੀ ਦੀ ਮਾਰਕੁਟਾਈ ਦੇ ਦੋਸ਼ਾਂ ਦੇ ਚੱਲਦਿਆਂ ਇਹ ਕਾਰਵਾਈ ਕੀਤੀ ਗਈ ਹੈ।
ਇਸ ਸੰਬੰਧੀ ਹੁਕਮ ਪੰਜਾਬ ਦੇ ਵਧੀਕ ਮੁੱਖ ਸਕੱਤਰ, ਗ੍ਰਹਿ, ਸ੍ਰੀ ਸਤੀਸ਼ ਚੰਦਰਾ ਦੇ ਦਸਤਖ਼ਤਾਂ ਹੇਠ ਜਾਰੀ ਹੋਏ ਹਨ।
ਡੀ.ਐਸ.ਸੋਨੀ ਜੋ ਚੰਡੀਗੜ੍ਹ ਵਿਖੇ ਪੀ.ਏ.ਪੀ. ਦੀ 82ਵੀਂ ਬਟਾਲੀਅਨ ਵਿਚ ਤਾਇਨਾਤ ਸੀ ਨੂੰ ਰੂਲ 4 (2) ਪੰਜਾਬ ਸਿਵਿਲ ਸਰਵਿਸਿਜ਼ (ਪਨਿਸ਼ਮੈਂਟ ਐਂਡ ਅਪੀਲ) ਰੂਲਜ਼ 1970 ਤਹਿਤ ਮੁਅੱਤਲ ਕੀਤਾ ਗਿਆ ਹੈ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਮੁਅੱਤਲੀ ਦੌਰਾਨ ਸੋਨੀ ਦਾ ਹੈਡਕੁਆਰਟਰ ਡੀ.ਜੀ.ਪੀ.ਪੰਜਾਬ ਦਾ ਚੰਡੀਗੜ੍ਹ ਸਥਿਤ ਦਫ਼ਤਰ ਰਹੇਗਾ।
ਆਪਣੀ ਪਤਨੀ ਸੁਨੀਤਾ ਸੋਨੀ ਨਾਲ ਦੁਰਵਿਹਾਰ ਅਤੇ ਮਾਰਕੁਟਾਈ ਦੇ ਦੋਸ਼ਾਂ ਕਾਰਨ ਚਰਚਾ ਵਿਚ ਆਏ ਅਤੁਲ ਸੋਨੀ, ਜਿਨ੍ਹਾਂ ਨੂੰ ਸਿੰਘਮ ਕਰਕੇ ਵੀ ਜਾਣਿਆ ਜਾਂਦਾ ਹੈ, ’ਤੇ ਧਾਰਾ 307, 327 ਅਤੇ 498-ਏ ਅਤੇ ਆਰਮਜ਼ ਐਕਟਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹ ਉਦੋਂ ਤੋਂ ਹੀ ਲਾਂਭੇ ਸਨ।
ਉਨ੍ਹਾਂ ਦੀ ਪਤਨੀ ਨੇ ਬਾਅਦ ਵਿਚ ਆਪਣੇ ਦੋਸ਼ ਵਾਪਿਸ ਲੈ ਲਏ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਸੀ।
ਜ਼ਿਕਰਯੋਗ ਹੈ ਕਿ ਸੁਨੀਤਾ ਸੋਨੀ ਨੇ ਦੋਸ਼ ਲਗਾਇਆ ਸੀ ਕਿ ਅਤੁਲ ਉਨ੍ਹਾਂ ਨੂੰ ਲਗਾਤਾਰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਕਰਦੇ ਰਹੇ ਹਨ ਅਤੇ ਉਨ੍ਹਾਂ ਨੇ 18 ਜਨਵਰੀ ਨੂੰ ਸੈਕਟਰ 26 ਸਥਿਤ ਇਕ ਡਿਸਕੋ ਵਿਚ ਉਨ੍ਹਾਂ ਨੂੰ ਧੱਕਾ ਦਿੱਤਾ ਅਤੇ ਫ਼ਿਰ ਘਰ ਜਾ ਕੇ ਉਨ੍ਹਾਂ ਦੀ ਮਾਰ ਕੁਟਾਈ ਕਰਨ ਤੋਂ ਇਲਾਵਾ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਪਰ ਉਹਨਾਂ ਦੇ ਬੇਟੇ ਦੇ ਵਿੱਚ ਆ ਜਾਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।
ਯਾਦ ਰਹੇ ਕਿ ਪੁਲਿਸ ਨੇ ਇਯ ਮਾਮਲੇ ਵਿਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਮੌਕੇ ਤੋਂ ਇਕ 32 ਬੋਰ ਰਿਵਾਲਵਰ ਬਰਾਮਦ ਕੀਤਾ ਸੀ ਜੋ ਬਿਨਾਂ ਲਾਇਸੰਸੀ ਸੀ। ਇਹ ਵੀ ਜ਼ਿਕਰਯੋਗ ਹੈ ਕਿ ਅਤੁਲ ਸੋਨੀ ਹਾਈਕੋਰਟ ਚਲੇ ਗਏ ਸਨ ਜਿਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ 31 ਜਨਵਰੀ ਤਕ ਰੋਕ ਲਗਾ ਦਿੱਤੀ ਸੀ।