ਡਿਪਟੀ ਕਮਿਸ਼ਨਰ ਬਬੀਤਾ ਕਲੇਰ ਵੱਲੋਂ ਬੈਂਕਾਂ ਵਿਚ ਲੋਨ ਲਈ ਲੋਕਾਂ ਦੀਆਂ ਬਕਾਇਆ ਅਰਜੀਆਂ ਦਾ ਸਮਾਂਬੱਧ ਨਿਪਟਾਰਾ ਕਰਨ ਦੇ ਹੁਕਮ

ਯੈੱਸ ਪੰਜਾਬ
ਫਾਜਿ਼ਲਕਾ, 14 ਦਸੰਬਰ, 2021 –
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਅੱਜ਼ ਇੱਥੇ ਜਿ਼ਲ੍ਹੇ ਦੀਆਂ ਬੈਂਕਾਂ ਦੇ ਕੰਮਕਾਜ ਦੀ ਤਿਮਾਹੀ ਸਮੀਖਿਆ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਸਮਾਜ ਦੇ ਕਮਜੋਰ ਵਰਗਾਂ ਤੇ ਔਰਤਾਂ ਨੂੰ ਵਿੱਤ ਮੁਹਈਆ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਅੱਗੇ ਵੱਧਣ ਵਿਚ ਮਦਦ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਬੈਂਕਾਂ ਵਿਚ ਵੱਖ ਵੱਖ ਸਵੈ ਰੋਜਗਾਰਾਂ ਲਈ ਲੋਨ ਲੈਣ ਲਈ ਪ੍ਰਾਰਥੀਆਂ ਵੱਲੋਂ ਦਿੱਤੀਆਂ ਅਰਜੀਆਂ ਦਾ ਸਮਾਂਬੱਧ ਨਿਪਟਾਰਾ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਇਸ ਵਿਚ ਕੁਤਾਹੀ ਕਰਨ ਵਾਲੀਆਂ ਬੈਂਕਾਂ ਖਿਲਾਫ ਭਾਰਤੀ ਰਿਜਰਵ ਬੈਂਕ ਨੂੰ ਲਿਖ ਦਿੱਤਾ ਜਾਵੇਗਾ।

ਆਰਬੀਆਈ ਦੇ ਏਜੀਐਮ ਸ੍ਰੀ ਯੋਗੇਸ਼ ਅਗਰਵਾਲ ਨੇ ਜਿ਼ਲ੍ਹੇ ਦੀਆਂ ਬੈਂਕਾਂ ਵੱਲੋਂ ਵਿੱਤੀ ਸਾਖ਼ਰਤਾ ਸਲਾਹਕਾਰ ਨਿਯੁਕਤ ਨਾ ਕੀਤੇ ਜਾਣ ਅਤੇ ਜਿ਼ਲ੍ਹੇ ਵਿਚ ਆਰਸੇਟੀ ਦੀ ਸਥਾਪਨਾ ਨਾ ਹੋਣ ਦਾ ਮੁੱਦਾ ਉਠਾਇਆ ਜਿਸ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਬੈਂਕਾਂ ਨੂੰ ਆਰਬੀਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੁਰੰਤ ਵਿੱਤੀ ਸਾਖ਼ਰਤਾ ਸਲਾਹਕਾਰ ਨਿਯੁਕਤ ਕਰਨ ਦੀ ਪ੍ਰਕ੍ਰਿਆ ਆਰੰਭ ਕਰਨ ਦੀ ਹਦਾਇਤ ਕੀਤੀ।

ਇਸੇ ਤਰਾਂ ਉਨ੍ਹਾਂ ਨੇ ਜਿਲ੍ਹਾ ਲੀਡ ਬੈਂਕ ਮੈਨੇਜਰ ਨੂੰ ਨਿਰਦੇਸ਼ ਦਿੱਤੇ ਕਿ ਜਦ ਕਿ ਬਕਾਇਦਾ ਆਰਸੇਟੀ ਦੀ ਸਥਾਪਨਾ ਨਹੀਂ ਹੁੰਦੀ ਕਿਸੇ ਆਰਜੀ ਇਮਾਰਤ ਵਿਚ ਆਰਸੇਟੀ ਸ਼ੁਰੂ ਕੀਤਾ ਜਾਵੇ। ਬੈਠਕ ਦੌਰਾਨ ਵੱਖ ਵੱਖ ਸਰਕਾਰੀ ਸਕੀਮਾਂ ਦੀ ਪ੍ਰਗਤੀ ਦਾ ਜਾਇਜਾ ਲਿਆ ਗਿਆ।

ਇਸ ਮੌਕੇ ਆਰਬੀਆਈ ਦੇ ਏਜੀਐਮ ਯੋਗੇਸ਼ ਅਗਰਵਾਲ ਨੇ ਬੈਂਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿਰਧਾਰਤ ਟੀਚੇ ਪੂਰੇ ਕਰਨ ਲਈ ਕਿਹਾ।

ਨਾਬਾਰਡ ਦੇ ਡੀਡੀਐਮ ਸ੍ਰੀ ਅਮਿਤ ਕੁਮਾਰ ਗਰਗ ਨੇ ਫੂਡ ਪ੍ਰੋੋਸੈਸਿੰਗ ਸਬੰਧੀ ਸਰਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ।

ਐਲਡੀਐਮ ਸ੍ਰੀ ਰਾਜੇਸ਼ ਕੁਮਾਰ ਚੌਧਰੀ ਨੇ ਦੱਸਿਆ ਕਿ ਪਹਿਲੀਆਂ ਦੋ ਤਿਮਾਹੀਆਂ ਦੌਰਾਨ ਜਿ਼ਲ੍ਹੇ ਵਿਚ ਖੇਤੀਬਾੜੀ ਅਤੇ ਸਹਿਯੋਗੀ ਖੇਤਰਾਂ ਨੂੰ 2420 ਕਰੋੜ ਦਾ ਵਿੱਤ ਮੁਹਈਆ ਕਰਵਾਇਆ ਗਿਆ ਹੈ ਜਦ ਕਿ ਐਮਐਸਐਮਈ ਨੁੰ 390 ਕਰੋੜ ਰੁਪਏ ਦਾ ਵਿੱਤ ਮੁਹਈਆ ਕਰਵਾਇਆ ਗਿਆ ਹੈ।

ਇਸ ਮੌਕੇ ਨਾਬਾਰਡ ਵੱਲੋਂ ਫਾਜਿ਼ਲਕਾ ਜਿ਼ਲ੍ਹੇ ਲਈ ਸਾਲ 2022-23 ਲਈ ਤਿਆਰ ਕੀਤੀ ਸੰਭਾਵਨਾਯੁਕਤ ਕਰਜ ਯੋਜਨਾ ਨੂੰ ਵੀ ਰਲੀਜ ਕੀਤਾ ਗਿਆ।ਇਸ ਮੌਕੇ ਡਿਪਟੀ ਐਲਡੀਐਮ ਸ੍ਰੀ ਰਾਜਪਾਲ ਜਾਖੜ, ਸ੍ਰੀ ਤਲਵਿੰਦਰ ਸਿੰਘ, ਸ੍ਰੀ ਕੁਲਵੰਤ ਵਰਮਾ ਆਦਿ ਵੀ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ