ਡਿਪਟੀ ਕਮਿਸ਼ਨਰ ਵਲੋਂ ਜਲੰਧਰ-ਫਿਰੋਜ਼ਪੁਰ ਰੇਲਵੇ ਟਰੈਕ ਅਤੇ ਐਨ.ਐਚ. 703-ਏ ’ਤੇ ਹੜ੍ਹ ਦੇ ਪਾਣੀ ਨੂੰ ਜਲਦੀ ਕੱਢਣ ’ਤੇ ਜ਼ੋਰ

ਲੋਹੀਆਂ (ਜਲੰਧਰ) 29 ਅਗਸਤ 2019 –

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜਾਂ ਕਾਰਨ ਜਲੰਧਰ-ਫਿਰੋਜ਼ਪੁਰ ਰੇਲਵੇ ਟਰੈਕ ਅਤੇ ਰਾਸ਼ਟਰੀ ਹਾਈਵੇ ਨੰਬਰ 703-ਏ ’ਤੇ ਖੜ੍ਹੇ ਪਾਣੀ ਨੁੂੰ ਜਲਦ ਤੋਂ ਜਲਦ ਹਟਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਜਿਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਅਤੇ ਉਪ ਮੰਡਲ ਮੈਜਿਸਟਰੇਟ ਡਾ.ਚਾਰੂਮਿਤਾ ਵੀ ਮੌਜੂਦ ਸਨ ਵਲੋਂ ਅੱਜ ਜਲੰਧਰ-ਫਿਰੋਜਪੁਰ ਰੇਲਵੇ ਟਰੈਕ ਅਤੇ ਨੈਸ਼ਨਲ ਹਾਈਵੇ ਜੋ ਕਿ ਪਾਣੀ ਨਾਲ ਭਰਿਆ ਹੋਇਆ ਹੈ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਹੜ੍ਹ ਦੇ ਕਾਰਨ ਪਏ ਪਾੜਾਂ ਨੂੰ ਪੂਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਜਰੂਰੀ ਹੈ ਕਿ ਇਨਾਂ ਦੋਵਾਂ ਥਾਵਾਂ ਤੋਂ ਭਰੇ ਹੋਏ ਪਾਣੀ ਨੂੰ ਜਲਦ ਤੋਂ ਜਲਦ ਕੱਢਿਆ ਜਾਵੇ ਤਾਂ ਜੋ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਾਹਕੋਟ ਸਬ ਡਵੀਜ਼ਨ ਵਿੱਚ ਦਰਿਆ ਸਤਲੁਜ ਵਿੱਚ ਪਏ ਪਾੜਾਂ ਨੂੰ ਪੂਰਨ ਲਈ ਵਚਨਬੱਧ ਹੈ ਅਤੇ ਇਨਾਂ ਪਾੜਾਂ ਨੂੰ ਪੂਰਨ ਲਈ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਥਿਤੀ ਆਮ ਵਾਂਗ ਬਹਾਲ ਕਰਨ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪਿੰਡ ਜਾਨੀਆਂ ਵਿੱਚ ਪਏ ਸਭ ਤੋਂ ਵੱਡੇ 500 ਫੁੱਟ ਪਾੜ ਨੂੰ ਪੂਰਨ ਲਈ ਭਾਰਤੀ ਫੌਜ ਦੀ ਸਹਾਇਤਾ ਲਈ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਵੱਖ ਵੱਖ ਧਾਰਮਿਕ ਸੰਸਥਾਵਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਇਸ ਨੇਕ ਕਾਰਜ ਵਿੱਚ ਪੂਰਨ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਵਿੱਚ ਪਾਏ ਸਾਰੇ ਪਾੜ੍ਹਾਂ ਨੂੰ ਬਹੁਤ ਜਲਦ ਪੂਰ ਲਿਆ ਜਾਵੇਗਾ।

ਇਸ ਮੌਕੇ ਸੀਨੀਅਰ ਸੈਕਸ਼ਨ ਇੰਜੀਨੀਅਰ ਭਾਰਤੀ ਰੇਲਵੇ ਵਿਜੈ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।

Share News / Article

Yes Punjab - TOP STORIES