ਡਿਊਟੀ ਨੂੰ ਦਿੱਤੀ ਪਹਿਲ, ਪਿਤਾ ਦੀਆਂ ਅਸਥੀਆਂ ਜਲ ਪ੍ਰਵਾਹ ਨਾ ਕਰ ਸਕੇ ਡਾ. ਬਲਵਿੰਦਰ ਸਿੰਘ

ਹੁਸ਼ਿਆਰਪੁਰ, 6 ਅਪ੍ਰੈਲ, 2020 –
ਜਹਾਂ ਰਹੇਗਾ ਵਹੀਂ ਰੌਸ਼ਨੀ ਲੁਟਾਏਗਾ, ਕਿਸੀ ਚਿਰਾਗ ਕਾ ਅਪਨਾ ਮਕਾਂ ਨਹੀਂ ਹੋਤਾ। ਇਹ ਸਤਰ੍ਹਾਂ ਅੱਜ ਦੇ ਦੌਰ ਵਿੱਚ ਹਰ ਉਸ ਵਿਅਕਤੀ, ਕਰਮਚਾਰੀ ਅਤੇ ਅਧਿਕਾਰੀ ਨੂੰ ਸਮਰਪਿਤ ਹਨ, ਜੋ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਆਪਣੇ ਨਿੱਜੀ ਹਿੱਤਾਂ ਨੂੰ ਨਜ਼ਰ-ਅੰਦਾਜ਼ ਕਰਕੇ ਸਮਾਜ ਅਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਅ ਰਿਹਾ ਹੈ।

ਅਜਿਹੇ ਹੀ ਇਕ ਸ਼ਖਸ਼ ਹਨ ਹੁਸ਼ਿਆਰਪੁਰ ਦੇ ਹਾਜੀਪੁਰ ਬਲਾਕ ਦੇ ਐਸ.ਐਮ.ਓ. ਡਾ. ਬਲਵਿੰਦਰ ਸਿੰਘ, ਜੋ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰਨ ਜਾ ਸਕੇ, ਕਿਉਂਕਿ ਉਨ੍ਹਾਂ ਲਈ ਨਿੱਜੀ ਹਿੱਤ ਤੋਂ ਜ਼ਿਆਦਾ ਲੋਕਾਂ ਦੀ ਸਿਹਤ ਪਹਿਲਾਂ ਸੀ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਐਸ.ਐਮ.ਓ. ਹਾਜੀਪੁਰ ਡਾ. ਬਲਵਿੰਦਰ ਸਿੰਘ ਵਰਗੇ ਅਧਿਕਾਰੀ ਸਮਾਜ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅਜਿਹੇ ਮਿਹਨਤੀ ਅਧਿਕਾਰੀਆਂ ’ਤੇ ਮਾਣ ਹੈ, ਜੋ ਨਾਜ਼ੁਕ ਦੌਰ ਵਿੱਚ ਆਪਣੀ ਅਤੇ ਪਰਿਵਾਰ ਦੀ ਫ਼ਿਕਰ ਛੱਡ ਕੇ ਜਨਤਾ ਦੀ ਸੇਵਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਮੁਸ਼ਕਿਲ ਹਾਲਤਾਂ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਕਸ ਨੂੰ ਹੋਰ ਨਿਖਾਰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਿਹਤ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਹੀ ਸਖਤ ਡਿਊਟੀ ਨਿਭਾਅ ਰਹੇ ਹਨ, ਇਸ ਲਈ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਘਰ ਬੈਠ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ।

ਡਾਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਕੋਲ ਰਹਿ ਰਹੇ ਸਨ, ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਪਿਤਾ ਜੀ ਨੂੰ ਆਪਣੇ ਵੱਡੇ ਭਰਾ ਦੇ ਕੋਲ ਫਰੀਦਕੋਟ ਛੱਡਿਆ ਸੀ, ਕਿਉਂਕਿ ਕੋਰੋਨਾ ਵਾਇਰਸ ਦੇ ਚੱਲਦੇ ਉਹ ਪਿਤਾ ਜੀ ਦੀ ਦੇਖ-ਭਾਲ ਲਈ ਜ਼ਿਆਦਾ ਸਮਾਂ ਨਹੀਂ ਦੇ ਪਾਉਂਦੇ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਉਮਰ 94 ਸਾਲ ਸੀ ਅਤੇ ਉਹ ਬਹੁਤ ਤੰਦਰੁਸਤ ਸਨ, ਪਰ ਅਚਾਨਕ 1 ਅਪ੍ਰੈਲ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਉਨ੍ਹਾਂ ਦੀ ਮੌਤ ਦੀ ਸੂਚਨਾ ਜਦੋਂ ਉਨ੍ਹਾਂ ਨੂੰ ਮਿਲੀ ਤਾਂ ਉਹ ਡਿਊਟੀ ’ਤੇ ਸਨ ਅਤੇ ਕੰਮ ਨਿਪਟਾ ਕੇ ਉਹ ਸ਼ਾਮ ਨੂੰ ਸਿੱਧਾ ਸ਼ਮਸ਼ਾਨਘਾਟ ਪਿਤਾ ਦੇ ਸੰਸਕਾਰ ਲਈ ਪਹੁੰਚੇ ਅਤੇ ਦੁਬਾਰਾ ਫਿਰ ਅਗਲੇ ਦਿਨ ਤੋਂ ਆਪਣੀ ਡਿਊਟੀ ਸੰਭਾਲ ਲਈ। ਉਨ੍ਹਾਂ ਪਿਤਾ ਜੀ ਦੀਆਂ ਅਸਥੀਆਂ ਪ੍ਰਵਾਹ ਕਰਨ ਲਈ ਵੱਡੇ ਭਰਾ ਨੂੰ ਕਿਹਾ, ਤਾਂ ਜੋ ਉਹ ਆਪਣੇ ਬਲਾਕ ਵਿੱਚ ਆਪਣੀ ਡਿਊਟੀ ਸੰਭਾਲ ਸਕੇ।

ਡਾਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਮਨ ਵਿੱਚ ਦੁੱਖ ਵੀ ਸੀ ਕਿ ਪਿਤਾ ਦੇ ਅੰਤਿਮ ਦਿਨਾਂ ਵਿੱਚ ਉਹ ਉਨ੍ਹਾਂ ਦੇ ਕੋਲ ਨਹੀਂ ਸਨ ਅਤੇ ਉਹ ਅਸਥੀਆਂ ਪ੍ਰਵਾਹ ਕਰਨ ਵੀ ਨਹੀਂ ਜਾ ਸਕੇ, ਉਥੇ ਦਿਲਾਸਾ ਇਸ ਗੱਲ ਦਾ ਸੀ ਕਿ ਉਹ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਅ ਰਹੇ ਸਨ, ਜਿਸ ਲਈ ਪਿਤਾ ਨੇ ਉਨ੍ਹਾਂ ਨੂੰ ਡਾਕਟਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਹੀ ਸਿਖਾਇਆ ਸੀ ਕਿ ਪਰਿਵਾਰ ਤੋਂ ਪਹਿਲਾਂ ਸਮਾਜ ਦੀ ਚਿੰਤਾ ਕਰੋ ਅਤੇ ਉਹ ਇਸ ਪਾਠ ਦਾ ਪਾਲਣ ਕਰ ਰਹੇ ਹਨ।

ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਲਾਕ ਵਿੱਚ 25 ਸਬ ਸੈਂਟਰ ਹਨ ਅਤੇ ਸਾਰੇ ਸੈਂਟਰਾਂ ਵਿੱਚ ਉਨ੍ਹਾਂ ਨੇ ਸਾਰੇ ਕੇਂਦਰਾਂ ਦੀ ਬਕਾਇਦਾ ਜਾਂਚ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬਲਾਕ ਵਿੱਚ 143 ਘਰਾਂ ਨੂੰ ਕੁਆਰਨਟਾਈਨ ਕੀਤਾ ਹੈ ਅਤੇ ਇਨ੍ਹਾਂ ਦਾ ਨਿਯਮਿਤ ਤੌਰ ’ਤੇ ਫਾਲੋਅੱਪ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਬਲਾਕ ਦੀ ਪੂਰੀ ਟੀਮ ਲੋਕਾਂ ਨੂੰ ਸਮਾਜਿਕ ਦੂਰੀ ਬਣਾਉਣ, ਮਾਸਕ ਪਹਿਨਣ, 20 ਸੈਕੰਡ ਤੱਕ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣ ਅਤੇ ਅਲਕੋਹਲ ਬੇਸਡ ਸੈਨੇਟਾਈਜ਼ਰ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕਰ ਰਹੀ ਹੈ ਅਤੇ ਬੜੀ ਹੀ ਮਿਹਨਤ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰਫ਼ਿਊ ਦੀ ਪਾਲਣਾ ਕਰਨ ਅਤੇ ਆਪਣੇ ਘਰਾਂ ਵਿੱਚ ਹੀ ਰਹਿਣ, ਤਾਂ ਹੀ ਅਸੀਂ ਇਕਜੁੱਟਤਾ ਨਾਲ ਕੋਰੋਨਾ ਵਰਗੀ ਬੀਮਾਰੀ ਦਾ ਖਾਤਮਾ ਕਰ ਸਕਦੇ ਹਾਂ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES