ਡਾ: ਮਨਮੋਹਨ ਸਿੰਘ ਨੇ ਬਾਬਾ ਨਾਨਕ ਦੇ ਫ਼ਲਸਫ਼ੇ ਨੂੰ ਅਮਲ ’ਚ ਲਿਆਉਣ ਦੀ ਲੋੜ ’ਤੇ ਦਿੱਤਾ ਜ਼ੋਰ, ਦੋ ਦਿਨਾਂ ਕੌਮਾਂਤਰੀ ਕਾਨਫਰੰਸ ਸਮਾਪਤ

ਚੰਡੀਗੜ੍ਹ, 8 ਨਵੰਬਰ, 2019 –
ਪੰਜਾਬ ਸਰਕਾਰ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਵਜੋਂ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਸੀ.ਆਰ.ਆਰ.ਆਈ.ਡੀ.), ਚੰਡੀਗੜ੍ਹ ਵੱਲੋਂ 7-8 ਨਵੰਬਰ, 2019 ਨੂੰ ਕਰਿੱਡ, ਚੰਡੀਗੜ੍ਹ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਖੁਸ਼ਹਾਲੀ ਦੇ ਪਾਸਾਰ ਦੇ ਫਲਸਫ਼ੇ ’ਤੇ ਅਧਾਰਤ 2 ਦਿਨਾ ਕੌਮਾਂਤਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦਾ ਆਯੋਜਨ ਪੰਜਾਬ ਸਰਕਾਰ ਅਤੇ ਇੰਡੀਅਨ ਕਾਉਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈ.ਸੀ.ਐਸ.ਐਸ.ਆਰ.), ਨਵੀਂ ਦਿੱਲੀ ਦੇ ਸਹਿਯੋਗ ਨਾਲ ਕੀਤਾ ਗਿਆ।

ਇਸ ਕਾਨਫਰੰਸ ਵਿੱਚ ਉੱਚ ਅਧਿਕਾਰੀਆਂ ਵਿਨੀ ਮਹਾਜਨ, ਜਸਪਾਲ ਸਿੰਘ, ਗੁਰਪ੍ਰੀਤ ਸਪਰਾ ਅਤੇ ਹੋਰ ਸਰਕਾਰੀ ਅਧਿਕਾਰੀਆਂ, ਪ੍ਰਸਿੱਧ ਬੁੱਧੀਜੀਵੀਆਂ, ਨੀਤੀ ਘਾੜਿਆਂ ਅਤੇ ਯੂ.ਐਸ.ਏ. ਅਤੇ ਕੈਨੇਡਾ ਦੇ 30 ਤੋਂ ਜ਼ਿਆਦਾ ਵਿਦੇਸ਼ੀ ਵਫ਼ਦਾਂ ਸਮੇਤ ਕਈ ਨਾਮਵਰ ਸਖ਼ਸ਼ੀਅਤਾਂ ਨੇ ਹਾਜ਼ਰੀ ਭਰੀ।

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਾਨਫਰੰਸ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਮੁੜ-ਵਿਚਾਰਨ ਦੀ ਲੋੜ ’ਤੇ ਜੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਮਨੁੱਖੀ ਇਤਿਹਾਸ ਦੇ ਕਿਸੇ ਵੀ ਹੋਰ ਦੌਰ ਨਾਲੋਂ ਅੱਜ ਸੋਚ ਅਤੇ ਕਾਰਜ ਦੀ ਏਕਤਾ ਦੀ ਸਭ ਤੋਂ ਵਧ ਲੋੜ ਹੈ।

ਅੱਜ ਜਦੋਂ ਸੰਸਾਰ ਟੁਕੜਿਆਂ ਵਿੱਚ ਟੁੱਟਦਾ ਜਾ ਰਿਹਾ ਹੈ ਅਤੇ ਮਨੁੱਖ ਜਿੰਦਗੀ ਜਿਊਣ ਦੇ ਅਰਥਾਂ ਅਤੇ ਉਦੇਸ਼ਾਂ ਕੋਹਾਂ ਦੂਰ ਪਰੇ ਜਾ ਰਿਹਾ ਹੈ ਉਦੋਂ ਗੁਰੂ ਸਾਹਿਬ ਫਲਸਫੇ ਨੂੰ ਅਮਲ ਵਿੱਚ ਲਿਆਉਣ ਦੀ ਲੋੜ ਹੈ। ਅੱਜ ਦਾ ਸੰਸਾਰ ਹਿੰਸਾ ਅਤੇ ਦੁੱਖਾਂ ਨਾਲ ਘਿਰਿਆ ਹੋਇਆ ਹੈ।

ਅਸੀਂ ਦੁਨੀਆਂ ਦੇ ਸਾਰੇ ਹਿੱਸਿਆਂ ਤੋਂ ਲੱਖਾਂ ਲੋਕਾਂ ਦੀਆਂ ਚੀਕਾਂ ਅਤੇ ਦੁਖ ਸੁਣ ਰਹੇ ਹਾਂ, ਬੇਇਨਸਾਫੀਆਂ ਦੀ ਦੁਹਾਈ ਅਤੇ ਉਨ੍ਹਾਂ ਲੋਕਾਂ ਦੀ ਦੁਹਾਈ ਨੂੰ ਸੁਣ ਰਹੇ ਹਾਂ ਜੋ ਅਨਿਆਂਸ਼ੀਲ ਸਮਾਜਿਕ ਅਤੇ ਆਰਥਿਕ ਵਿਵਸਥਾ ਦੁਆਰਾ ਤਿਆਗ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਇਕ ਸਮੇਂ ਜਦੋਂ ਵਿਸ਼ਵ ਕੁਦਰਤੀ ਸਰੋਤਾਂ ਦੀ ਅੰਨੇ੍ਹਵਾਹ ਵਰਤੋਂ, ਹਥਿਆਰਾਂ ਦੀਆਂ ਵੱਧ ਰਹੀਆਂ ਕਿਸਮਾਂ, ਅਮੀਰਾਂ ਵਲੋਂ ਗਰੀਬਾਂ ਦਾ ਲਗਾਤਾਰ ਸ਼ੋਸ਼ਣ ਅਤੇ ਵਾਤਾਵਰਣ ਦੇ ਵੱਧ ਰਹੇ ਵਿਗਾੜ ਦੇ ਸਿੱਟੇ ਵਜੋਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦੱਸੇ ਸੱਚ, ਲਿੰਗ ਸਮਾਨਤਾ, ਵਾਤਾਵਰਣ ਦੀ ਸੁਰੱਖਿਆ ਅਤੇ ਵਿਸ਼ਵਵਿਆਪੀ ਜ਼ਿੰਮੇਵਾਰੀ ’ਤੇ ਅਧਾਰਤ ਸਮਾਜ ਦੀ ਸਿਰਜਣਾ ਵੱਲ ਕਾਰਜ ਕਰਨਾ ਸਾਰਥਕ ਹੋਵੇਗਾ।

ਉਨ੍ਹਾਂ  “ ਜਗਤੁ ਜਲੰਦਾ ਰਖਿਲੈ ਆਪਣੀ ਕਿਰਪਾਧਾਰਿ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ “ ਦਾ ਉਚਾਰਣ ਕਰਦਿਆਂ ਮੁਸ਼ਕਿਲਾਂ ਭਰੇ ਸੰਸਾਰ ਵਿੱਚ ਸਦੀਵੀ ਸ਼ਾਂਤੀ ਲਈ ਅਰਦਾਸ ਕੀਤੀ।

ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਸੰਬੋਧਨ ਕਰਦਿਆਂ ਅੱਜ ਦੇ ਵਿਸ਼ਵਵਿਆਪੀ ਸੰਸਾਰ ਵਿੱਚ ਨਾਨਕ ਦੇ ਫਲਸਫੇ ਨੂੰ ਲਾਗੂ ਕਰਨ ਦੀ ਸਾਰਥਕਤਾ ਉੱਤੇ ਜ਼ੋਰ ਦਿੱਤਾ।

ਇਸ ਤੋਂ ਪਹਿਲਾਂ ਸ੍ਰੀ ਟੀ.ਕੇ. ਨਾਇਰ, ਸੀ.ਆਰ.ਆਰ.ਆਈ.ਡੀ ਦੀ ਗਵਰਨਿੰਗ ਬਾਡੀ ਦੇ ਮੈਂਬਰ ਨੇ ਸਵਾਗਤੀ ਭਾਸ਼ਣ ਦਿੱਤਾ ਜਿਸ ਤੋਂ ਬਾਅਦ ਡਾ. ਬਿੰਦੂ ਦੁੱਗਲ, ਐਸੋਸੀਏਟ ਪ੍ਰੋਫੈਸਰ, ਸੀ.ਆਰ.ਆਰ.ਆਈ.ਡੀ ਵਲੋਂ ਕਾਨਫਰੰਸ ਵਿੱਚ ਹੋਏ ਸੈਸ਼ਨਾਂ ਬਾਰੇ ਵਿਸਥਾਰਤ ਰਿਪੋਰਟ ਦਿੱਤੀ ਗਈ।

ਸੀ.ਆਰ.ਆਰ.ਆਈ.ਡੀ ਦੇ ਕਾਰਜਕਾਰੀ ਵਾਈਸ ਚੇਅਰਮੈਨ, ਡਾ. ਰਸ਼ਪਾਲ ਮਲਹੋਤਰਾ ਨੇ ਦੋ ਰੋਜ਼ਾ ਸੰਮੇਲਨ ਦੇ ਸਫਲ ਆਯੋਜਨ ਲਈ ਪੰਜਾਬ ਸਰਕਾਰ ਅਤੇ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ, ਨਵੀਂ ਦਿੱਲੀ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।