ਡਾ. ਅੰਬੇਦਕਰ ਫਾਊਂਡੇਸ਼ਨ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਡਾ. ਅੰਬੇਦਕਰ ਸੈਂਟਰ ਆਫ਼ ਐਕਸੀਲੈਂਸ ਅਤੇ ਡਾ. ਅੰਬੇਦਕਰ ਚੇਅਰ ਸਥਾਪਿਤ ਕਰਨ ਲਈ ਸਮਝੌਤਾ ਸਹੀਬੱਧ ਕੀਤਾ

ਯੈੱਸ ਪੰਜਾਬ
ਬਠਿੰਡਾ, 28 ਅਪਰੈਲ, 2022 –
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ ਡਾ. ਅੰਬੇਦਕਰ ਫਾਊਂਡੇਸ਼ਨ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨਾਲ ਯੂਨੀਵਰਸਿਟੀ ਵਿਖੇ ਡਾ. ਅੰਬੇਦਕਰ ਸੈਂਟਰ ਆਫ਼ ਐਕਸੀਲੈਂਸ ਅਤੇ ਡਾ. ਅੰਬੇਦਕਰ ਚੇਅਰ ਸਥਾਪਿਤ ਕਰਨ ਲਈ ਸਮਝੌਤਾ ਸਹੀਬੱਧ ਕੀਤਾ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਵਲੋਂ ਅਨੁਸੂਚਿਤ ਜਾਤੀਆਂ ਦੀ ਤਰੱਕੀ, ਸਸ਼ਕਤੀਕਰਨ ਅਤੇ ਭਲਾਈ ਲਈ ਦੇਸ਼ ਭਰ ਵਿੱਚ ਡਾ. ਅੰਬੇਦਕਰ ਫਾਊਂਡੇਸ਼ਨ ਰਾਹੀਂ ਡਾ. ਅੰਬੇਦਕਰ ਚੇਅਰ ਅਤੇ ਡਾ. ਅੰਬੇਦਕਰ ਸੈਂਟਰ ਆਫ਼ ਐਕਸੀਲੈਂਸ (ਡੀਏਸੀਈ) ਦੀ ਸਥਾਪਨਾ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਵੀ ਸ਼ਾਮਲ ਹੈ। ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਅਤੇ ਡਾ. ਅੰਬੇਦਕਰ ਫਾਊਂਡੇਸ਼ਨ (ਡੀਏਐੱਫ) ਦੇ ਪ੍ਰਧਾਨ ਡਾ. ਵਰਿੰਦਰ ਕੁਮਾਰ ਨੇ ਪਿਛਲੇ ਹਫਤੇ ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ ਆਯੋਜਿਤ ਲਾਂਚ ਈਵੈਂਟ ਦੌਰਾਨ ਦੇਸ਼ ਦੀਆਂ 31 ਕੇਂਦਰੀ ਯੂਨੀਵਰਸਿਟੀਆਂ ਵਿੱਚ ਡੀਏਸੀਈ ਅਤੇ 24 ਯੂਨੀਵਰਸਿਟੀਆਂ/ਸੰਸਥਾਵਾਂ ਵਿੱਚ ਡਾ. ਅੰਬੇਦਕਰ ਚੇਅਰ ਸਥਾਪਿਤ ਕਰਨ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦੌਰਾਨ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ. ਪੀ. ਗਰਗ ਨੇ ਡਾ. ਅੰਬੇਦਕਰ ਫਾਊਂਡੇਸ਼ਨ (ਡੀਏਐਫ) ਦੇ ਡਾਇਰੈਕਟਰ ਸ੍ਰੀ ਵਿਕਾਸ ਤ੍ਰਿਵੇਦੀ ਨਾਲ ਸਮਝੌਤੇ ‘ਤੇ ਹਸਤਾਖਰ ਕੀਤੇ।

ਇਸ ਸਮਝੌਤੇ ਦੇ ਤਹਿਤ, ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂਪੀਬੀ) ਅਤੇ ਡਾ. ਅੰਬੇਦਕਰ ਫਾਊਂਡੇਸ਼ਨ (ਡੀਏਐਫ) ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਯੂਪੀਐਸਸੀ ਦੁਆਰਾ ਕਰਵਾਈਆਂ ਜਾਂਦੀਆਂ ਸਿਵਲ ਸਰਵਿਸਿਜ਼ ਪ੍ਰੀਖਿਆ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਉੱਚ ਪੱਧਰੀ ਮੁਫ਼ਤ ਕੋਚਿੰਗ ਦੀ ਸਹੂਲਤ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਵਿਖੇ ਡਾ. ਅੰਬੇਦਕਰ ਸੈਂਟਰ ਆਫ਼ ਐਕਸੀਲੈਂਸ (ਡੀਏਸੀਈ) ਦੀ ਸਥਾਪਨਾ ਕਰਨਗੇ। ਡੀਏਸੀਈ ਸਕੀਮ ਅਧੀਨ ਹਰੇਕ ਕੋਚਿੰਗ ਸੈਂਟਰ ਲਈ ਕੁੱਲ 100 ਸੀਟਾਂ ਮਨਜ਼ੂਰ ਕੀਤੀਆਂ ਗਈਆਂ ਹਨ। ਕੋਚਿੰਗ ਲਈ ਕੁੱਲ ਮਨਜ਼ੂਰ ਸੀਟਾਂ ਵਿੱਚੋਂ 33 ਫੀਸਦੀ ਸੀਟਾਂ ਅਨੁਸੂਚਿਤ ਜਾਤੀਆਂ ਦੀਆਂ ਯੋਗ ਮਹਿਲਾ ਉਮੀਦਵਾਰਾਂ ਨੂੰ ਤਰਜੀਹੀ ਅਧਾਰ ਤੇ ਦਿੱਤੀਆਂ ਜਾਣਗੀਆਂ। ਇਸ ਸਕੀਮ ਦੇ ਅਨੁਸਾਰ, ਡਾ. ਅੰਬੇਦਕਰ ਫਾਊਂਡੇਸ਼ਨ (ਡੀਏਐੱਫ) ਯੂਨੀਵਰਸਿਟੀ ਨੂੰ 100 ਵਿਦਿਆਰਥੀਆਂ ਨੂੰ ਕੋਚਿੰਗ ਪ੍ਰਦਾਨ ਕਰਨ ਲਈ 75,000 ਰੁਪਏ ਪ੍ਰਤੀ ਸਾਲ/ ਪ੍ਰਤੀ ਵਿਦਿਆਰਥੀ ਪ੍ਰਦਾਨ ਕਰੇਗੀ, ਯਾਨੀ ਕਿ ਹਰ ਸਾਲ ਯੂਨੀਵਰਸਿਟੀ ਨੂੰ ਕੁੱਲ 75 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।

ਇਸ ਤੋਂ ਇਲਾਵਾ, ਡਾ. ਬੀ.ਆਰ. ਅੰਬੇਦਕਰ ਦੇ ਵਿਚਾਰਾਂ ਨੂੰ ਸਮਝਣ ਅਤੇ ਲਾਗੂ ਕਰਨ ਲਈ ਉੱਚ ਪੱਧਰੀ ਖੋਜ ਕਾਰਜ ਕਰਨ ਦੇ ਮਕਸਦ ਨਾਲ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਡਾ. ਅੰਬੇਦਕਰ ਚੇਅਰ ਵੀ ਸਥਾਪਿਤ ਕੀਤੀ ਜਾਵੇਗੀ। ਇਸ ਉਦੇਸ਼ ਨੂੰ ਪੂਰਾ ਕਰਨ ਲਈ, ਡਾ. ਅੰਬੇਦਕਰ ਫਾਊਂਡੇਸ਼ਨ ਹਰੇਕ ਡਾ. ਅੰਬੇਦਕਰ ਚੇਅਰ ਨੂੰ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ 10 ਲੱਖ ਰੁਪਏ ਦੀ ਸਥਾਪਨਾ ਗ੍ਰਾਂਟ ਅਤੇ 75 ਲੱਖ ਰੁਪਏ ਦੀ ਗ੍ਰਾਂਟ-ਇਨ-ਏਡ ਪ੍ਰਦਾਨ ਕਰੇਗੀ।

ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਡੀਏਸੀਈ ਅਤੇ ਡਾ. ਅੰਬੇਦਕਰ ਚੇਅਰ ਦੀ ਸਥਾਪਨਾ ਸਾਡੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ, ਇਹ ਸਕੀਮ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਡਾ. ਅੰਬੇਦਕਰ ਦੇ ਸਮਾਜਿਕ ਨਿਆਂ ਦੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਖੋਜ ਕਰਨ ਲਈ ਉਤਸ਼ਾਹਿਤ ਕਰੇਗੀ ਅਤੇ ਇੱਕ ਬਰਾਬਰੀ ਤੇ ਸਮਾਵੇਸ਼ੀ ਸਮਾਜ ਦੇ ਸੰਕਲਪ ਵਿੱਚ ਵਿਸ਼ਵਾਸ ਪੈਦਾ ਕਰਨ ਵਿੱਚ ਅਮੁੱਲ ਭੂਮਿਕਾ ਨਿਭਾਏਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ