ਡਟ ਕੇ ਲੜਾਂਗੇ, ਨਾਗਰਿਕਤਾ ਸੋਧ ਐਕਟ ਪੰਜਾਬ ਵਿੱਚ ਲਾਗੂ ਨਹੀਂ ਕਰਾਂਗੇ: ਕੈਪਟਨ ਦਾ ਐਲਾਨ

ਲੁਧਿਆਣਾ, 30 ਦਸੰਬਰ, 2019:
ਸੰਵਿਧਾਨ ਦੀ ਪ੍ਰਸਤਾਵਨਾ ਬਦਲਣ ਦੇ ਕੀਤੇ ਜਾ ਰਹੇ ਯਤਨਾਂ ਲਈ ਭਾਰਤੀ ਜਨਤਾ ਪਾਰਟੀ ‘ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਘਾਤਕ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਰਾਹੀਂ ਮੁਲਕ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਤਬਾਹ ਕਰਨ ਲਈ ਭਾਜਪਾ ਦੀਆਂ ਫੁੱਟਪਾਊ ਅਤੇ ਘਾਤਕ ਕੋਸ਼ਿਸ਼ਾਂ ਵਿਰੁੱਧ ਸਮੁੱਚੇ ਦੇਸ਼ ਵਾਸੀਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ।

ਰੋਸ ਮਾਰਚ ਤੇ ਧਰਨੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨੇਤਾਵਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਇਸ ਐਕਟ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ ਅਤੇ ਕਾਂਗਰਸ ਪਾਰਟੀ ਇਸ ਵਿਰੁੱਧ ਜੀਅ-ਜਾਨ ਨਾਲ ਆਪਣੀ ਲੜਾਈ ਜਾਰੀ ਰੱਖੇਗੀ।

ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਸੰਸਦ ਮੈਂਬਰ ਪਰਨੀਤ ਕੌਰ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਸਿੰਘ ਕਾਂਗੜ, ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਿਧਾਇਕ ਵੀ ਹਾਜ਼ਰ ਸਨ।

ਮੁੱਖ ਮੰਤਰੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਜਪਾ ਆਪਣੀਆਂ ਇਨ੍ਹਾਂ ਕੋਝੀਆਂ ਚਾਲਾਂ ਵਿੱਚ ਕਾਮਯਾਬ ਨਹੀਂ ਹੋ ਸਕਦੀ ਅਤੇ ਪੰਜਾਬ ਸਮੇਤ 16 ਸੂਬਿਆਂ ਵਿੱਚ ਇਸ ਘਿਨਾਉਣੇ ਐਕਟ ਖ਼ਿਲਾਫ਼ ਰੋਸ ਪ੍ਰਦਰਸ਼ਨ ਹੋ ਰਹੇ ਹਨ।

ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਭਾਰਤ ਦੀ ਨੀਂਹ ਦਾ ਮੂਲ ਆਧਾਰ ਹੈ ਜਿਸ ਨਾਲ ਕੋਈ ਵੀ ਛੇੜਛਾੜ ਨਹੀਂ ਕਰ ਸਕਦਾ।

ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਸੰਵਿਧਾਨ ਦੀਆਂ ਧਾਰਾਵਾਂ ਵਿੱਚ ਸੋਧ ਸਿਰਫ਼ ਭਾਰਤ ਵਿੱਚ ਹੀ ਨਹੀਂ ਕੀਤੀ ਜਾਂਦੀ ਸਗੋਂ ਅਜਿਹਾ ਵਰਤਾਰਾ ਦੁਨੀਆਂ ਭਰ ਵਿੱਚ ਵਾਪਰਦਾ ਹੈ ਪਰ ਸੰਵਿਧਾਨ ਦੇ ਬੁਨਿਆਦੀ ਢਾਂਚੇ ਨੂੰ ਵਿਗਾੜੇ ਜਾਣ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਸੰਯੁਕਤ ਰਾਸ਼ਟਰ ਨੇ ਵੀ ਸੀ.ਏ.ਏ. ਨੂੰ ਪੱਖਪਾਤੀ ਕਦਮ ਕਰਾਰ ਦਿੱਤਾ ਹੈ।

ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਦੁਰਵਿਹਾਰ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉੱਥੋਂ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸੂਚਨਾ ਤੋਂ ਬਿਨਾਂ ਪੁਲਿਸ ਅਜਿਹਾ ਰਵੱਈਆ ਨਹੀਂ ਅਪਨਾ ਸਕਦੀ।

ਉਨ੍ਹਾਂ ਨੇ ਯੋਗੀ ਆਦਿਤਿਆਨਾਥ ਨੂੰ ਕਿਹਾ,” ਅਜਿਹੇ ਕੰਮ ਕਰਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ।” ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕਾਂਗਰਸ ਕਦੇ ਵੀ ਇਸ ਘਟਨਾ ਨੂੰ ਭੁੱਲੇਗੀ ਨਹੀਂ ਅਤੇ ਇਕ ਦਿਨ ਲੋਕਾਂ ਦਾ ਸਮਾਂ ਜ਼ਰੂਰ ਆਵੇਗਾ।

ਐਮ.ਆਈ.ਟੀ. ਦੇ ਵਿਦਿਆਰਥੀਆਂ ਵੱਲੋਂ ਸੀ.ਏ.ਏ. ਵਿਰੁੱਧ ਮਤਾ ਪਾਸ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਨੂੰਨ ਦੇ ਦੂਰਗਾਮੀ ਸਿੱਟਿਆਂ ਬਾਰੇ ਪੂਰਾ ਵਿਸ਼ਵ ਚਿੰਤਾ ਵਿੱਚ ਡੁੱਬਿਆ ਹੋਇਆ ਹੈ ਜਦਕਿ ਦਿੱਲੀ ਵਿੱਚ ਬੈਠੀ ਸੱਤਾ ਧਿਰ ਨੇ ਅੜੀਅਲ ਰਵੱਈਆ ਅਖਤਿਆਰ ਕੀਤਾ ਹੋਇਆ ਹੈ ਜੋ ਮੁਲਕ ਦੀ ਆਵਾਜ਼ ਸੁਣਨ ਤੋਂ ਵੀ ਇਨਕਾਰੀ ਹੋਈ ਪਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮਨਿਰਪੇਖਤਾ ਦਾ ਸੰਦੇਸ਼ ਦਿੱਤਾ ਅਤੇ ‘ਨਾ ਕੋ ਹਿੰਦੂ ਨਾ ਮੁਸਲਮਾਨ’ ਦੀ ਸਿੱਖਿਆ ਰਾਹੀਂ ਸਮੁੱਚੀ ਮਨੁੱਖਤਾ ਨੂੰ ਪਰਮਾਤਮਾ ਦੀ ਲੋਕਾਈ ਦੱਸਿਆ।

ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਦੇ ਅਰਥਚਾਰੇ ਦੀ ਨਗਰੀ ਵਜੋਂ ਜਾਣੇ ਜਾਂਦੇ ਲੁਧਿਆਣਾ ਸ਼ਹਿਰ ਵਿੱਚ ਅੱਜ ਹੋਏ ਇਸ ਰੋਸ ਮਾਰਚ ਨਾਲ ਮੁਲਕ ਭਰ ਵਿੱਚ ਨਾਗਰਿਕਤਾ ਸੋਧ ਐਕਟ ਵਿਰੁੱਧ ਸਪੱਸ਼ਟ ਸੁਨੇਹਾ ਜਾਏਗਾ।

ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਭਾਰਤ ਦੇ ਧਰਮਨਿਰਪੱਖ ਚਰਿੱਤਰ ਨੂੰ ਢਾਹ ਲਾਉਣ ਅਤੇ ਸੰਵਿਧਾਨ ਦੀ ਪ੍ਰਸਤਾਵਨਾ ਬਦਲਣ ਸਬੰਧੀ ਕੇਂਦਰ ਸਰਕਾਰ ਦੀ ਹਰ ਕੋਸ਼ਿਸ਼ ਦੀ ਜ਼ੋਰਦਾਰ ਮੁਖਾਲਫਤ ਜਾਰੀ ਰੱਖੇਗੀ।

ਯੂ.ਪੀ. ਪੁਲਿਸ ਵੱਲੋਂ ਪ੍ਰਿਯੰਕਾ ਗਾਂਧੀ ਨਾਲ ਦੁਰਵਿਹਾਰ ਕਰਨ ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਇੱਕ ਪਾਸੇ ਵਿਸ਼ਵ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਗੁਰੂ ਸਾਹਿਬ ਜੀ ਦੀ ਧਰਮ ਨਿਰਪੱਖ ਵਿਚਾਰਧਾਰਾ ‘ਤੇ ਹਮਲਾ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਖਣੀ ਅਫਰੀਕਾ ਵਿੱਚ ਮਹਾਤਮਾ ਗਾਂਧੀ ਨੂੰ ਰੇਲ ਵਿੱਚੋਂ ਲਾਹ ਦੇਣ ਦੀ ਘਟਨਾ ਨੂੰ ਚੇਤੇ ਕਰਦਿਆਂ ਆਖਿਆ ਕਿ ਇਸ ਨੇ ਸ੍ਰੀ ਗਾਂਧੀ ਨੂੰ ਹਲੂਣ ਕੇ ਰੱਖ ਦਿੱਤਾ ਅਤੇ ਉਨ੍ਹਾਂ ਨੇ ਗੋਰੇ ਅਧਿਕਾਰੀਆਂ ਨੂੰ ਵੰਗਾਰਿਆ ਕਿ ਉਹ ਉਨ੍ਹਾਂ ਨੂੰ ਆਪਣੇ ਮੁਲਕ ਵਿੱਚੋਂ ਬਾਹਰ ਕੱਢ ਦੇਣਗੇ।

ਮੌਜੂਦਾ ਸਥਿਤੀ ਨੂੰ ਉਸ ਘਟਨਾ ਨਾਲ ਜੋੜਦਿਆਂ ਕਿ ਜੇਕਰ ਮੋਦੀ, ਮੁਲਕ ਦੇ ਕੁਝ ਭਾਰਤੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ ਤਾਂ ਕਾਂਗਰਸ ਪਾਰਟੀ ਮੋਦੀ ਨੂੰ ਭਾਰਤ ਵਿੱਚੋਂ ਬਾਹਰ ਕੱਢ ਦੇਵੇਗੀ। ਉਨ੍ਹਾਂ ਕਿਹਾ ਕਿ ਬੀਤੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਿਰਫ 39 ਫੀਸਦੀ ਵੋਟਾਂ ਮਿਲਿਆਂ ਹਨ ਜਦਕਿ ਬਾਕੀ 61 ਫੀਸਦੀ ਲੋਕਾਂ ਨੇ ਵਿਰੋਧੀ ਧਿਰਾਂ ਦਾ ਸਮਰਥਨ ਕੀਤਾ ਜਿਸ ਕਰਕੇ ਮੋਦੀ ਸਰਕਾਰ ਅਜਿਹੇ ਕਾਲੇ ਕਾਨੂੰਨਾਂ ਨੂੰ ਲਾਗੂ ਨਹੀਂ ਕਰ ਸਕੇਗੀ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਵਿੱਚ ਕਾਲੇ ਅੰਗਰੇਜ਼ ਬੈਠੇ ਹੋਏ ਹਨ ਜੋ ਉਹ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਆਜ਼ਾਦੀ ਤੋਂ ਪਹਿਲਾਂ ਲਾਗੂ ਕਰਨ ਲਈ ਗੋਰਿਆਂ ਨੂੰ ਵੀ ਮੂੰਹ ਦੀ ਖਾਣੀ ਪਈ ਸੀ।

ਵਿਦਿਆਰਥੀਆਂ ਦੀ ਅਗਵਾਈ ‘ਚ ਮੁਲਕ ਭਰ ਵਿੱਚ ਫੈਲੇ ਸੀ.ਏ.ਏ. ਵਿਰੋਧੀ ਪ੍ਰਦਰਸ਼ਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੇ ਨੋਟਬੰਦੀ ਅਤੇ ਜੀ.ਐਸ.ਟੀ. ਲਾਗੂ ਕਰਨ ਮੌਕੇ ਸਹਿਣਸ਼ੀਲਤਾ ਵਿਖਾਈ ਪਰ ਉਨ੍ਹਾਂ ਨੇ ਆਪਣਾ ਸਾਰਾ ਸਬਰ ਨਹੀਂ ਗੁਆਇਆ।

ਸ੍ਰੀ ਜਾਖੜ ਨੇ ਐਨ.ਡੀ.ਏ. ਸਰਕਾਰ ਦੀ ਧੱਕੇਸ਼ਾਹੀ ਦੀ ਸਖ਼ਤ ਨਿਖੇਧੀ ਕਰਦਿਆਂ ਤਾੜਨਾ ਕੀਤੀ ਕਿ ਕੇਂਦਰ ਸਰਕਾਰ ਦੀਆਂ ਇਨ੍ਹਾਂ ਕਾਰਵਾਈਆਂ ਦੇ ਮਾਰੂ ਪ੍ਰਭਾਵ ਤੋਂ ਕੋਈ ਵੀ ਨਾਗਰਿਕ ਨਹੀਂ ਬਚੇਗਾ। ਭਾਜਪਾ ਲੀਡਰਸ਼ਿਪ ਦੇ ‘ਟੁਕੜੇ-ਟੁਕੜੇ ਗੈਂਗ’ ਦੇ ਬਿਆਨ ‘ਤੇ ਚੁਟਕੀ ਲੈਂਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਐਨ.ਡੀ.ਏ. ਖੁਦ ‘ਟੁਕੜੇ-ਟੁਕੜੇ’ ਸਰਕਾਰ ਹੈ ਜੋ ਮੁਲਕ ਨੂੰ ਵੰਡਣ ‘ਤੇ ਤੁਲੀ ਹੁਈ ਹੈ।

ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੀ.ਏ.ਏ. ਨੂੰ ਕਾਲਾ ਕਾਨੂੰਨ ਦੱਸਿਆ ਜੋ ਬਹੁਤੇ ਸੂਬਿਆਂ ਵਿੱਚ ਲਾਗੂ ਨਹੀਂ ਹੋਵੇਗਾ ਕਿਉਂਕਿ 70 ਫੀਸਦੀ ਮੁੱਖ ਮੰਤਰੀ ਹੁਣ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਤੋਂ ਹਨ ਅਤੇ ਇਹ ਤੱਥ ਭਾਜਪਾ ਦੇ ਡਿੱਗ ਰਹੇ ਵੱਕਾਰ ਵੱਲ ਵੀ ਸਪੱਸ਼ਟ ਇਸ਼ਾਰਾ ਕਰਦੇ ਹਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ ਜੋ ਦਰੇਸੀ ਗਰਾਊਂਡ ਤੋਂ ਸ਼ੁਰੂ ਹੋ ਕੇ ਮਾਤਾ ਰਾਣੀ ਚੌਕ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਕੋਲ ਸਮਾਪਤ ਹੋਇਆ।

Share News / Article

Yes Punjab - TOP STORIES