ਟੋਕੀਓ ਉਲੰਪੀਅਨਾਂ ਵੱਲੋਂ ਦਸਤਖ਼ਤ ਕੀਤੀ ਹਾਕੀ ਸਟਿਕ ਡਿਪਟੀ ਕਮਿਸ਼ਨਰ ਨੂੰ ਭੇਟ, ਖਿਡਾਰੀਆਂ ਨੇ ਵਿਸ਼ਵ ਭਰ ‘ਚ ਭਾਰਤੀ ਹਾਕੀ ਦਾ ਨਾਂਅ ਕੀਤਾ ਰੌਸ਼ਨ: ਥੋਰੀ

ਯੈੱਸ ਪੰਜਾਬ
ਜਲੰਧਰ, ਮਈ 7, 2022 –
ਹਾਕੀ ਦੀ ਇਕ ਪ੍ਰਸਿੱਧ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਅੱਜ ਟੋਕੀਓ ਉਲੰਪਿਕ ਦੇ ਖਿਡਾਰੀਆਂ ਵੱਲੋਂ ਦਸਤਖ਼ਤ ਕੀਤੀ ਹਾਕੀ ਸਟਿਕ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਸ੍ਰੀ ਘਨਸ਼ਿਆਮ ਥੋਰੀ ਨੂੰ ਭੇਟ ਕੀਤੀ ਗਈ।

ਇਸ ਹਾਕੀ ਸਟਿਕ ‘ਤੇ ਟੋਕੀਓ ਉਲੰਪੀਅਨ ਦੌਰਾਨ ਕਾਂਸੀ ਦਾ ਤਗਮਾ ਜਿੱਤਣ ਵਾਲੇ ਸਮੂਹ ਹਾਕੀ ਖਿਡਾਰੀਆਂ ਦੇ ਦਸਤਖ਼ਤ ਕੀਤੇ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਜਿਸਨੇ ਟੋਕੀਓ ਉਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਿਆ ਹੈ ਉਸ ਵਿਚ ਪੰਜਾਬ ਦੇ 8 ਖਿਡਾਰੀ ਸ਼ਾਮਿਲ ਸਨ।

ਇਹ ਵੀ ਮਾਣ ਵਾਲੀ ਗੱਲ ਹੈ ਕਿ ਇਕੱਲੇ ਜਲੰਧਰ ਤੋਂ ਹੀ 4 ਖਿਡਾਰੀ ਇਸ ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੇ ਪੂਰੀ ਦੁਨੀਆਂ ਵਿਚ ਹਾਕੀ ਦਾ ਨਾਂਅ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋਈ ਹੈ ਕਿ ਅੱਜ ਸਮੂਹ ਹਾਕੀ ਉਲੰਪੀਅਨ ਖਿਡਾਰੀਆਂ ਵੱਲੋਂ ਦਸਤਖ਼ਤ ਕੀਤੀ ਇਹ ਸਟਿਕ ਮੈਨੂੰ ਭੇਟ ਕੀਤੀ ਗਈ ਹੈ। ਹਾਕੀ ਸਟਿਕ ਭੇਟ ਕਰਨ ਵਾਲੀ ਕੰਪਨੀ ਦੇ ਨੁਮਾਇੰਦਿਆਂ ਜਤਿਨ ਮਹਾਜਨ ਤੇ ਨਿਤਿਨ ਮਹਾਜਨ ਨੇ ਸ੍ਰੀ ਥੋਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਜਲੰਧਰ ਸ਼ਹਿਰ ਨੂੰ ਬਹੁਤ ਹੀ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਥੋਰੀ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖਾਸ ਕਰਕੇ ਹਾਕੀ ਨੂੰ ਹੋਰ ਉੱਪਰ ਚੁੱਕਣ ਲਈ ਵੱਡੀ ਪੱਧਰ ‘ਤੇ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਬਹੁਤ ਜਲਦ ਉਲੰਪਿਕ ਹਾਕੀ ਖਿਡਾਰੀਆਂ ਵੱਲੋਂ ਦਸਤਖ਼ਤ ਕੀਤੀਆਂ ਇਹ ਸਟਿਕਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਮੀਤ ਹੇਅਰ ਨੂੰ ਵੀ ਭੇਟ ਕੀਤੀਆਂ ਜਾਣਗੀਆਂ। ਇਸ ਮੌਕੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ, ਸੁਰਜੀਤ ਹਾਕੀ ਅਕੈਡਮੀ ਦੀ ਉਪ ਕਪਤਾਨ ਹਰਜੋਤ ਕੌਰ ਆਦਿ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ