ਟਰੱਕ ਯੂਨੀਅਨਾਂ ਅਤੇ ਟ੍ਰਾਂਸਪੋਰਟਰਾਂ ਦਾ ਮੁੱਦਾ ਵਿਧਾਨ ਸਭਾ ‘ਚ ਉਠਾਵੇਗੀ ‘ਆਪ’: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 31 ਜੁਲਾਈ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਘਰ-ਘਰ ਨੌਕਰੀ ਅਤੇ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ‘ਚ ਆਏ ਕੈਪਟਨ ਅਮਰਿੰਦਰ ਸਿੰਘ ਘਰੋਂ-ਘਰੋਂ ਰੁਜ਼ਗਾਰ ਖੋਹਣ ਲੱਗੇ ਹੋਏ ਹਨ, ਪੰਜਾਬ ਦੇ ਟਰੱਕ, ਟੈਂਪੂ, ਟਰਾਲਾ ਅਪਰੇਟਰ ਇਸ ਦੀ ਵੱਡੀ ਮਿਸਾਲ ਹਨ।

‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਤੁਗ਼ਲਕੀ ਫ਼ੈਸਲਿਆਂ ਨੇ ਸੂਬੇ ਦੇ ਹਜ਼ਾਰਾਂ ਟਰੱਕ ਅਪਰੇਟਰਾਂ ਨੂੰ ਘਰਾਂ ‘ਚ ਬੈਠਾ ਦਿੱਤਾ ਹੈ। ਟਰੱਕ ਯੂਨੀਅਨਾਂ ਸੰਬੰਧੀ ਆਪ ਮੁਹਾਰੇ ਫ਼ੈਸਲੇ ਨੇ ਇੱਕ ਲੱਖ ਤੋਂ ਵੱਧ ਪਰਿਵਾਰਾਂ ਦੀ ਰੋਟੀ ਖੋ ਲਈ ਹੈ।

ਸੂਬੇ ਭਰ ਦੇ ਕਰੀਬ ਇੱਕ ਲੱਖ ਟਰੱਕਾਂ ‘ਚ 30 ਹਜ਼ਾਰ ਟਰੱਕ ਲੋਹੇ ਦੇ ਭਾਅ ਕਬਾੜੀਆਂ ਨੂੰ ਵਿਕ ਚੁੱਕੇ ਹਨ। ਚੀਮਾ ਨੇ ਕਿਹਾ ਕਿ ਪੰਜਾਬ ਟਰੱਕ ਅਪਰੇਟਰ ਯੂਨੀਅਨ ਵੱਲੋਂ ਇਕੱਤਰ ਇਹ ਅੰਕੜਾ ਵਧਾ ਚੜ੍ਹਾ ਕੇ ਨਹੀਂ ਸਗੋਂ ਘਟਾ ਕੇ ਪੇਸ਼ ਕੀਤਾ ਗਿਆ ਹੈ, ਅਸਲੀਅਤ ਇਸ ਤੋਂ ਵੀ ਜ਼ਿਆਦਾ ਕੌੜੀ ਹੈ।

ਚੀਮਾ ਨੇ ਕਿਹਾ ਕਿ ਬਤੌਰ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਕੋਲ ਨਾ ਕੇਵਲ ਟਰੱਕ ਯੂਨੀਅਨ ਅਪਰੇਟਰ ਸਗੋਂ ਟੈਂਪੂ ਯੂਨੀਅਨ, ਕੈਂਟਰ ਯੂਨੀਅਨ, ਟਰਾਲਾ ਯੂਨੀਅਨਾਂ, ਟਰੈਕਟਰ ਯੂਨੀਅਨਾਂ ਸਮੇਤ ਮਿੰਨੀ ਬੱਸ ਆਪ੍ਰੇਟਰਜ਼ ਵੱਡੀ ਗਿਣਤੀ ‘ਚ ਆਪਣਾ ਦੁੱਖ ਰੋ ਕੇ ਜਾਂਦੇ ਹਨ, ਪਰੰਤੂ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ।

ਚੀਮਾ ਨੇ ਕਿਹਾ ਕਿ ਇਸ ਵਿਧਾਨ ਸਭਾ ਸੈਸ਼ਨ ‘ਚ ਬੇਸ਼ੱਕ ਬਹੁਤ ਹੀ ਸੀਮਤ ਸਮਾਂ ਮਿਲੇਗਾ, ਪਰੰਤੂ ਆਮ ਆਦਮੀ ਪਾਰਟੀ ਟਰੱਕ ਅਪਰੇਟਰਾਂ ਸਮੇਤ ਬਾਕੀ ਸਾਰੇ ਟਰਾਂਸਪੋਰਟਰਾਂ ਦੇ ਮੁੱਦੇ ਜ਼ੋਰ-ਸ਼ੋਰ ਨਾਲ ਉਠਾਏਗੀ। ਚੀਮਾ ਨੇ ਦੋਸ਼ ਲਗਾਇਆ ਕਿ ਇੱਕ ਕੈਪਟਨ ਸਰਕਾਰ ਨੇ ਬਾਦਲ ਸਰਕਾਰ ਦੇ ‘ਟਰਾਂਸਪੋਰਟ ਮਾਫ਼ੀਆ’ ਨੂੰ ਤੋੜਨ ਦੀ ਬਜਾਏ ਹੋਰ ਤਕੜਾ ਕੀਤਾ ਹੈ।

ਜਿਸ ਦੀ ਕੀਮਤ ਨਾ ਕੇਵਲ ਟਰੱਕ ਅਪਰੇਟਰ ਸਗੋਂ ਹਰੇਕ ਨਾਗਰਿਕ ਨੂੰ ਸਿੱਧੇ-ਅਸਿੱਧੇ ਰੂਪ ‘ਚ ਚੁਕਾਉਣੀ ਪੈ ਰਹੀ ਹੈ।

ਚੀਮਾ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਟਰੱਕਾਂ ਸਮੇਤ ਸਾਰੇ ਟਰਾਂਸਪੋਰਟ ਨਾਲ ਖ਼ੁਦ ਬੈਠਕ ਕਰ ਕੇ ਉਨ੍ਹਾਂ ਦੇ ਦੁਖੜੇ ਸੁਣਨ ਅਤੇ ਲੋੜੀਂਦੇ ਕਦਮ ਚੁੱਕਣ ਤਾਂ ਕਿ ਟਰੱਕ ਅਪਰੇਟਰ ਵੀ ਬੇਬਸ ਹੋ ਕੇ ਕਿਸਾਨੀ ਵਾਂਗ ਕੁਰਾਹੇ ਪੈਣ ਲਈ ਮਜਬੂਰ ਨਾ ਹੋਣ।

Share News / Article

Yes Punjab - TOP STORIES