ਜੋ ਦਿੱਲੀ ਵਿੱਚ ਸਾਫ਼ ਪਾਣੀ ਅਤੇ ਹਵਾ ਨਹੀਂ ਦੇ ਸਕਿਆ, ਉਹ ਪੰਜਾਬ ਨੂੰ ਨਵਾਂ ਤੇ ਸੁਨਹਿਰਾ ਪੰਜਾਬ ਕੀ ਬਣਾਵੇਗਾ: ਜੀਵਨ ਗੁਪਤਾ

ਯੈੱਸ ਪੰਜਾਬ
ਜਲੰਧਰ, 18 ਦਸੰਬਰ, 2021 –
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ‘ਨਵਾਂ ਤੇ ਸੁਨਹਿਰਾ ਪੰਜਾਬ’ ਦੇ ਐਲਾਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਜਿਸ ਵਿਅਕਤੀ ਵਲੋਂ ਮੁੱਖ ਮੰਤਰੀ ਦੇ ਅਹੁਦੇ ‘ਤੇ ਹੋਣ ਦੇ ਬਾਵਜੂਦ ਵੀ ਅੱਜ ਤੱਕ ਦਿੱਲੀ ਦੇ ਲੋਕਾਂ ਨੂੰ ਸ਼ੁੱਧ ਹਵਾ ਅਤੇ ਸਾਫ਼ ਪਾਣੀ ਵੀ ਨਹੀਂ ਦਿੱਤਾ ਜਾ ਸਕਿਆ ਹੈ।

ਪੰਜਾਬ ਵਿੱਚ ਆ ਕੇ ਉਹ ਇੱਥੋਂ ਦੇ ਲੋਕਾਂ ਨੂੰ ‘ਨਵੇਂ ਤੇ ਸੁਨਹਿਰੇ ਪੰਜਾਬ’ ਦਾ ਸੁਪਨਾ ਦਿਖਾ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਜਨਤਾ ਉਨ੍ਹਾਂ ਦੀਆਂ ਚਿਕਨੀਆਂ-ਚੋਪੜੀਆਂ ਗੱਲਾਂ ਵਿੱਚ ਨਹੀਂ ਫਸੇਗੀ। ਜਨਤਾ ਉਸ ਦੇ ਧੋਖੇ ਨੂੰ ਚੰਗੀ ਤਰ੍ਹਾਂ ਸਮਝਦੀ ਹੈ।

ਜੀਵਨ ਗੁਪਤਾ ਨੇ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਦੀ ਸਾਰ ਲੈਣ ਲਈ ਇੱਕ ਵਾਰ ਵੀ ਇੱਥੇ ਨਹੀਂ ਆਏ, ਉਹ ਚੋਣ-ਪ੍ਰਚਾਰ ਦੌਰਾਨ ਸਾਹਮਣੇ ਆਏ ਹਨ। ਅਰਵਿੰਦ ਕੇਜਰੀਵਾਲ ਬਰਸਾਤੀ ਡੱਡੂ ਵਾਂਗ ਹਨ, ਜਿਸ ਨੂੰ ਚੋਣਾਂ ਨੇੜੇ ਆਉਂਦੇ ਹੀ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨਜਰ ਆਂਉਣ ਲੱਗ ਪਈਆਂ ਹਨ।

ਜੀਵਨ ਗੁਪਤਾ ਨੇ ਕੇਜਰੀਵਾਲ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ ਨੇ ਭਾਜਪਾ ਦੇ ‘ਨਵਾਂ ਪੰਜਾਬ’ ਦੇ ਨਾਅਰੇ ਨੂੰ ਚੋਰੀ ਕੀਤਾ ਹੈ, ਜਿਸ ਦਾ ਉਹ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਅਸਲ ਵਿੱਚ ਪੰਜਾਬ ਦੇ ਲੋਕਾਂ ਨੂੰ ‘ਨਵਾਂ ਪੰਜਾਬ’ ਭਾਜਪਾ ਹੀ ਦੇ ਸਕਦੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ