ਜੇ ਦਰਿਆਈ ਪਾਣੀਆਂ ਦੀ ਚੋਰੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਪੰਜਾਬ ਮਾਰੂਥਲ ਬਣ ਜਾਵੇਗਾ: ਸੁਖਬੀਰ ਬਾਦਲ

ਚੰਡੀਗੜ੍ਹ, 16 ਜੂਨ, 2019:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਆਪਣੇ ਦਰਿਆਣੀ ਪਾਣੀਆਂ ਦਾ ਇੱਕ ਤੁਪਕਾ ਵੀ ਵਾਧੂ ਨਹੀਂ ਹੈ।

ਉਹਨਾਂ ਕਿਹਾ ਕਿ ਤਲਖ਼ ਹਕੀਕਤ ਇਹ ਹੈ ਕਿ ਜੇਕਰ ਪੰਜਾਬ ਦੇ ਪਾਣੀਆਂ ਦੀ ਦਿਨ-ਦਿਹਾੜੇ ਲੁੱਟ ਇਸੇ ਤਰ੍ਹਾਂ ਜਾਰੀ ਰਹੀ ਤਾਂ ਅਗਲੇ ਕੁੱਝ ਹੀ ਸਾਲਾਂ ਵਿਚ ਪੰਜਾਬ ਮਾਰੂਥਲ ਵਿਚ ਤਬਦੀਲ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਦੇ ਦੋ-ਤਿਹਾਈ ਬਲਾਕ ਪਹਿਲਾਂ ਹੀ ਲਾਲ ਜ਼ੋਨ ਵਿੱਚ ਪਹੁੰਚ ਚੁੱਕੇ ਹਨ, ਜਿਥੇ ਪਾਣੀ ਤੇਜ਼ੀ ਨਾਲ ਥੱਲੇ ਗਿਆ ਹੈ।

ਇੱਥੇ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਆਪਣੇ ਦਰਿਆਈ ਪਾਣੀਆਂ ਉੱਤੇ ਕਾਨੂੰਨੀ, ਸੰਵਿਧਾਨਿਕ ਅਤੇ ਇਤਿਹਾਸਕ ਤੌਰ ਅਟੁੱਟ ਅਧਿਕਾਰ ਹੈ। ਦਰਿਆਈ ਪਾਣੀਆਂ ਦੇ ਢੁੱਕਵੇਂ ਇਸਤੇਮਾਲ ਲਈ ਬਣਾਈ ਕੋਈ ਵੀ ਅਥਾਰਟੀ ਪਹਿਲਾਂ ਰਾਸ਼ਟਰੀ ਅਤੇ ਕੌਮਾਂਤਰੀ ਤੌਰ ਤੇ ਪ੍ਰਵਾਨਿਤ ਰਿਪੇਰੀਅਨ ਸਿਧਾਂਤ ਮੁਤਾਬਿਕ ਪੰਜਾਬ ਦੀ ਦਰਿਆਈ ਪਾਣੀਆਂ ਉੱਤੇ ਸੰਵਿਧਾਨਿਕ ਮਾਲਕੀ ਨਾਲ ਜੁੜੇ ਮੁੱਦੇ ਨੂੰ ਹੱਲ ਕਰੇ।

ਸਰਦਾਰ ਬਾਦਲ ਨੇ ਕਿਹਾ ਕਿ ਦਰਿਆਈ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਕੋਈ ਤਰਫ਼ਦਾਰੀ ਦੀ ਮੰਗ ਨਹੀਂ ਕਰਦਾ ਹੈ। ਅਸੀਂ ਉਹੀ ਮੰਗਦੇ ਹਾਂ, ਜਿਹੜਾ ਸਾਡਾ ਕੁਦਰਤੀ ਅਤੇ ਸੰਵਿਧਾਨਿਕ ਅਧਿਕਾਰ ਹੈ।ਅਕਾਲੀ ਦਲ ਨੇ ਆਪਣੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਲੋਕਤੰਤਰੀ ਲੜਾਈਆਂ ਲੜੀਆਂ ਹਨ ਅਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।

ਇਸ ਉੱਤੇ ਕੋਈ ਸਮਝੌਤਾ ਨਹੀਂ ਕਰਨਾ ਹੈ। ਪੰਜਾਬ,ਪੰਜਾਬੀਆਂ ਅਤੇ ਸਮੁੱਚੇ ਪੰਥ ਦੀ ਨੁੰਮਾਇਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਮੈਂ ਪਾਰਟੀ ਦੇ ਮੋਰਚਿਆਂ ਅਤੇ ਕੁਰਬਾਨੀਆਂ ਦੇ ਸ਼ਾਨਦਾਰ ਵਿਰਸੇ ਨੂੰ ਕਾਇਮ ਰੱਖਣ ਲਈ ਵਚਨਬੱਧ ਹਾਂ।

ਅਕਾਲੀ ਪ੍ਰਧਾਨ ਨੇ ਕਿਹਾ ਕਿ ਪਿਛਲੇ ਸੱਤ ਦਹਾਕਿਆਂ ਦੌਰਾਨ ਆਪਣੇ ਦਰਿਆਵਾਂ ਦਾ ਪਾਣੀ ਬਾਕੀ ਰਾਜਾਂ ਨੂੰ ਦੇਣ ਸੰਬੰਧੀ ਪੰਜਾਬ ਅਤੇ ਪੰਜਾਬੀਆਂ ਨੇ ਅਣਗਿਣਤ ਕੁਰਬਾਨੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਅਸੀਂ ਦਿਨ ਦਿਹਾੜੇ ਆਪਣੇ ਇਕਲੌਤੇ ਕੁਦਰਤੀ ਸਰੋਤ ਦਰਿਆਈ ਪਾਣੀਆਂ ਦੀ ਲੁੱਟ ਕਰਵਾ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁੱਖਮਰੀ, ਸੋਕੇ ਅਤੇ ਮੌਤ ਵੱਲ ਧੱਕਣਾ ਬਰਦਾਸ਼ਤ ਨਹੀਂ ਕਰ ਸਕਦੇ।

ਸਰਦਾਰ ਬਾਦਲ ਨੇ ਅੱਗੇ ਕਿਹਾ ਕਿ ਜਿੱਥੇ ਤਕ ਸੂਬੇ ਦੇ ਹਿੱਤਾਂ ਦਾ ਸੰਬੰਧ ਹੈ, ਅਕਾਲੀ ਦਲ ਹਮੇਸ਼ਾਂ ਹੀ ਸਿਆਸੀ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਚੱਲਿਆ ਹੈ ਅਤੇ ਅੱਗੇ ਵੀ ਅਜਿਹਾ ਹੀ ਕਰੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਰਿਪੇਰੀਅਨ ਹੱਕਾਂ ਨਾਲ ਜੁੜੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਚੁੱਕੇ ਕਾਨੂੰਨੀ ਅਤੇ ਸਿਆਸੀ ਕਦਮਾਂ ਦੀ ਪੁਰਜ਼ੋਰ ਹਮਾਇਤ ਕਰੇਗਾ।

ਸਰਦਾਰ ਬਾਦਲ ਨੇ ਕਿਹਾ ਕਿ ਇਸ ਮਸਲੇ ਉੱਤੇ ਕੋਈ ਅਸਪੱਸ਼ਟਤਾ ਨਹੀਂ ਰਹਿਣੀ ਚਾਹੀਦੀ। ਜਦੋਂ ਇਸ ਸੂਬੇ ਦੇ ਲੋਕਾਂ ਦੇ ਹਿੱਤ ਦਾਅ ਤੇ ਲੱਗ ਜਾਂਦੇ ਹਨ ਅਤੇ ਸਾਥੋਂ ਪੰਜਾਬੀਆਂ ਦੀ ਇਕ ਆਵਾਜ਼ ਬਣ ਕੇ ਬੋਲਣ ਦੀ ਮੰਗ ਕਰਦੇ ਹਨ ਤਾਂ ਅਮਰਿੰਦਰ ਖ਼ਿਲਾਫ ਸਾਡੀ ਲੜਾਈ ਉੱਥੇ ਹੀ ਬੰਦ ਹੋ ਜਾਂਦੀ ਹੈ।

ਉਹਨਾਂ ਕਿਹਾ ਕਿ ਅਮਰਿੰਦਰ ਜਦੋਂ ਵੀ ਸੂਬੇ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰੇਗਾ ਤਾਂ ਉਹ ਮੈਨੂੰ ਅਤੇ ਅਕਾਲੀ ਦਲ ਨੂੰ ਆਪਣੀ ਪਾਰਟੀ ਨਾਲੋਂ ਵੀ ਵੱਧ ਭਰੋਸੇਯੋਗ ਸਹਿਯੋਗੀਆਂ ਦੇ ਰੂਪ ਵਿਚ ਖੜ੍ਹਾ ਪਾਵੇਗਾ। ਉਹਨਾਂ ਕਿਹਾ ਕਿ ਮੈਂ ਪੰਜਾਬ ਅਤੇ ਪੰਜਾਬੀਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਰਾਖੀ ਵਾਸਤੇ ਆਪਣਾ ਅਤੇ ਆਪਣੀ ਪਾਰਟੀ ਦਾ ਸਮਰਥਨ ਦੇਣ ਲਈ ਕਿਸੇ ਕੋਲ ਅਤੇ ਕਿਤੇ ਵੀ ਨੰਗੇ ਪੈਰੀ ਚੱਲ ਕੇ ਜਾਣ ਲਈ ਤਿਆਰ ਹਾਂ।

ਉਹਨਾਂ ਕਿਹਾ ਕਿ ਅਕਾਲੀ ਦਲ ਦਾ ਮੁੱਖ ਆਦਰਸ਼ ਹਮੇਸ਼ਾਂ ‘ਸਿਆਸਤ ਨਹੀਂ ਪੰਜਾਬ’ ਰਿਹਾ ਹੈ। ਮਹਾਨ ਅਕਾਲੀ ਆਗੂਆਂ ਦੁਆਰਾ ਮੈਨੂੰ ਸੌਂਪੀ ਇਸ ਸ਼ਾਨਦਾਰ ਵਿਰਾਸਤ ਦੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਮੈਂ ਹਮੇਸ਼ਾਂ ਰਾਖੀ ਕਰਾਂਗਾ।

Share News / Article

Yes Punjab - TOP STORIES