ਜੇਲ੍ਹਾਂ ਅੰਦਰ ਕੈਦੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ: ਪ੍ਰਮੁੱਖ ਸਕੱਤਰ ਜੇਲ੍ਹਾ ਕ੍ਰਿਪਾ ਸ਼ੰਕਰ ਸਰੋਜ

ਪਟਿਆਲਾ, 9 ਜੁਲਾਈ, 2019 –
ਪੰਜਾਬ ਦੀਆਂ ਜੇਲ੍ਹਾਂ ‘ਚ ਹੋਰ ਸੁਧਾਰ ਕਰਨ ਲਈ ਪ੍ਰਮੁੱਖ ਸਕੱਤਰ (ਜੇਲ੍ਹਾਂ) ਸ੍ਰੀ ਕਿਰਪਾ ਸ਼ੰਕਰ ਸਿਰੋਜ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਟਿਆਲਾ ਜ਼ਿਲ੍ਹੇ ਦੀਆਂ ਪ੍ਰਮੁੱਖ ਚਾਰ ਜੇਲ੍ਹਾਂ ਦੇ ਜੇਲ ਅਧਿਕਾਰੀਆਂ, ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਸਵੈ ਸੇਵੀ ਸੰਸਥਾਵਾਂ ਨਾਲ ਮੀਟਿੰਗ ਕਰਕੇ ਜੇਲ੍ਹਾਂ ਵਿਚ ਸੁਧਾਰਾਂ ਲਈ ਸੁਝਾਅ ਲਏ ਗਏ। ਮੀਟਿੰਗ ਦੌਰਾਨ ਉਨ੍ਹਾਂ ਪਟਿਆਲਾ ਜ਼ਿਲ੍ਹੇ ਦੀਆਂ ਚਾਰ ਜੇਲ੍ਹਾਂ ਦੇ ਸੁਪਰਡੈਂਟਾਂ ਨੂੰ ਹਦਾਇਤ ਕੀਤੀ ਕਿ ਉਹ ਕੈਦੀਆਂ ਦੀਆਂ ਮੁਢਲੀਆਂ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ।

ਇਸ ਮੌਕੇ ਪ੍ਰਮੁੱਖ ਸਕੱਤਰ ਨੇ ਜੇਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਲ ਵਿਭਾਗ ਵੱਲੋਂ ਕੈਦੀਆਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਉਣ ਲਈ ਬਣਾਏ ਸਾਲਾਨਾ ਕਲੰਡਰ ਦੇ ਹਿਸਾਬ ਨਾਲ ਕੈਦੀਆਂ ਨੂੰ ਖੇਡਾਂ, ਯੋਗਾ ਅਤੇ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾਣ।

ਮੀਟਿੰਗ ਦੌਰਾਨ ਜੇਲ ਅਧਿਕਾਰੀਆਂ ਵੱਲੋਂ ਪ੍ਰਮੁੱਖ ਸਕੱਤਰ ਜੇਲ੍ਹਾਂ ਨੂੰ ਜੇਲ੍ਹਾਂ ਅੰਦਰ ਪੇਸ਼ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਗਈ ਜਿਸ ਵਿਚ ਅਧਿਕਾਰੀਆਂ ਵੱਲੋਂ ਜੇਲ੍ਹਾਂ ਦੀ ਮੁਰੰਮਤ, ਸਟਾਫ ਦੀ ਕਮੀ ਅਤੇ ਮੈਡੀਕਲ ਸਹੂਲਤਾਂ ਸਬੰਧੀ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ ਜਿਸ ‘ਤੇ ਪ੍ਰਮੁੱਖ ਸਕੱਤਰ ਵੱਲੋਂ ਇਨ੍ਹਾਂ ਸਮੱਸਿਆ ਦੇ ਜਲਦੀ ਨਿਪਟਾਰਾ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ।

ਇਸ ਮੌਕੇ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਵੱਲੋਂ ਵੀ ਕੈਦੀਆਂ ਦੇ ਸੁਧਾਰ ਲਈ ਸੁਝਾਅ ਦਿੱਤੇ ਗਏ ਜਿਸ ਵਿਚ ਜੇਲ੍ਹਾਂ ਅੰਦਰ ਲਾਇਬਰੇਰੀਆਂ ਸਥਾਪਤ ਕਰਨਾ, ਕੈਦੀਆਂ ਨੂੰ ਕਿੱਤਾ ਮੁਖੀ ਕੋਰਸ ਕਰਵਾਉਣੇ, ਜੇਲ੍ਹਾਂ ਅੰਦਰ ਮੀਹ ਦੇ ਪਾਣੀ ਦੀ ਸੰਭਾਲ ਲਈ ਰੀਚਾਰਜਿੰਗ ਵੈਲ ਬਣਾਉਣ, ਜੇਲ੍ਹਾਂ ਅੰਦਰ ਸੋਲਰ ਪਲਾਂਟ ਲਗਾਉਣੇ ਅਤੇ ਕੈਦੀਆਂ ਨੂੰ ਸਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰਨੇ ਸ਼ਾਮਲ ਹਨ। ਇਸ ਮੌਕੇ ਮਾਈ ਭਾਗੋ ਬ੍ਰਿਗੇਡ ਦੇ ਡਾ. ਕੁਲਵੰਤ ਕੌਰ ਨੇ ਜੇਲ੍ਹਾਂ ਵਿਚ ਲਾਇਬਰੇਰੀਆਂ ਸਥਾਪਤ ਕਰਨ ਅਤੇ ਵਾਟਰ ਰੀਚਾਰਜਿੰਗ ਪਲਾਟ ਲਗਾਉਣ ਦਾ ਸੁਝਾਅ ਦਿੱਤਾ ਅਤੇ ਜਨਹਿਤ ਸੰਮਤੀ ਵੱਲੋਂ ਬੂਟੇ ਲਗਾਉਣ ਸਬੰਧੀ ਸੁਝਾਅ ਦਿੱਤੇ ਗਏ।

ਮੀਟਿੰਗ ਉਪਰੰਤ ਪ੍ਰਮੁੱਖ ਸਕੱਤਰ (ਜੇਲ੍ਹਾਂ) ਸ੍ਰੀ ਕਿਰਪਾ ਸ਼ੰਕਰ ਸਿਰੋਜ ਨੇ ਕੇਂਦਰੀ ਸੁਧਾਰ ਘਰ ਪਟਿਆਲਾ ਵਿਖੇ ਬੰਦੀਆਂ ਨੂੰ ਮਿਲਦੀਆਂ ਸਹੂਲਤਾਂ ਦਾ ਨਿਰੀਖਣ ਕੀਤਾ ਅਤੇ ਜੇਲ੍ਹ ਅਹਾਤੇ ਅੰਦਰ ਸਾਫ਼-ਸਫ਼ਾਈ ਸਮੇਤ ਖਾਣੇ ‘ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ।

ਇਸ ਮੌਕੇ ਐਸ.ਪੀ. (ਐਚ) ਡਾ. ਰਵਜੋਤ ਗਰੇਵਾਲ, ਐਸ.ਡੀ.ਐਮ. ਪਟਿਆਲਾ ਸ. ਰਵਿੰਦਰ ਸਿੰਘ ਅਰੋੜਾ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ, ਐਸ.ਡੀ.ਐਮ. ਨਾਭਾ ਸ੍ਰੀ ਕਾਲਾ ਰਾਮ ਕਾਂਸਲ, ਸੀ.ਜੇ.ਐਮ. ਪਟਿਆਲਾ ਸ੍ਰੀਮਤੀ ਪਰਮਿੰਦਰ ਕੌਰ, ਸੁਪਰਡੈਂਟ ਕੇਂਦਰੀ ਜੇਲ੍ਹ ਸ. ਭੁਪਿੰਦਰਜੀਤ ਸਿੰਘ ਵਿਰਕ, ਸੁਪਰਡੈਂਟ ਖੁੱਲੀ ਜੇਲ ਨਾਭਾ ਸ. ਸੁੱਚਾ ਸਿੰਘ, ਮੈਕਸੀਮਮ ਸਕਿਉਰਿਟੀ ਜੇਲ ਨਾਭਾ ਦੇ ਸੁਪਰਡੈਂਟ ਸ. ਇਕਬਾਲ ਸਿੰਘ ਬਰਾੜ, ਸੁਪਰਡੈਂਟ ਨਵੀਂ ਜੇਲ ਨਾਭਾ ਸ. ਬੀ.ਐਸ. ਭੁੱਲਰ ਅਤੇ ਡੀ.ਐਸ.ਪੀ. (ਐਚ) ਸ੍ਰੀ ਸੌਰਵ ਜਿੰਦਲ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁੱਖੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ।

Share News / Article

Yes Punjab - TOP STORIES