ਐਸ.ਏ.ਐਸ. ਨਗਰ, 7 ਜਨਵਰੀ, 2020:
ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਜੁਗਲ ਕਿਸ਼ੋਰ ਸ਼ਰਮਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਪੰਜਾਬ ਰਾਜ ਸੀਡ ਕਾਰਪੋਰੇਸ਼ਨ (ਪਨਸੀਡ) ਦੇ ਚੇਅਰਮੈਨ ਦਾ ਅਹੁਦਾ ਸਾਂਭਿਆ।
ਬਾਅਦ ਵਿੱਚ, ਪੰਜਾਬ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਤੇ ਸ੍ਰੀ ਓ.ਪੀ. ਸੋਨੀ ਅਤੇ ਚੰਡੀਗੜ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਪਵਨ ਬਾਂਸਲ ਵੀ ਸ੍ਰੀ ਜੁਗਲ ਕਿਸ਼ੋਰ ਸ਼ਰਮਾ ਨੂੰ ਵਧਾਈ ਦੇਣ ਉਨਾਂ ਦੇ ਦਫ਼ਤਰ ਪਹੁੰਚੇ। ਫ਼ੇਜ਼-6 ਸਥਿਤ ਖੇਤੀ ਭਵਨ ਵਿਖੇ ਅਹੁਦਾ ਸਾਂਭਣ ਮੌਕੇ ਕਈ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ।
ਨਵੀਂ ਨਿਯੁਕਤੀ ’ਤੇ ਸ੍ਰੀ ਸ਼ਰਮਾ ਨੂੰ ਵਧਾਈ ਦਿੰਦਿਆਂ ਸਪੀਕਰ ਅਤੇ ਵਿੱਤ ਮੰਤਰੀ ਨੇ ਵਿਧਾਇਕ ਅਤੇ ਹੋਰ ਸੰਵਿਧਾਨਕ ਅਹੁਦਿਆਂ ’ਤੇ ਸ੍ਰੀ ਸ਼ਰਮਾ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਸ੍ਰੀ ਸ਼ਰਮਾ ਨੇ ਆਪਣੇ ਕਾਰਜਕਾਲ ਦੌਰਾਨ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਦਿਨ-ਰਾਤ ਕੰਮ ਕੀਤਾ ਹੈ।
ਇਹ ਉਮੀਦ ਜਤਾਈ ਕਿ ਸ੍ਰੀ ਸ਼ਰਮਾ ਖੇਤੀਬਾੜੀ ਅਤੇ ਹੋਰ ਸਹਾਇਕ ਕਿੱਤਿਆਂ ਨੂੰ ਉਤਸ਼ਾਹਤ ਕਰਨ ਲਈ ਸੂਬਾ ਸਰਕਾਰ ਦੀਆਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਕਾਰਜ਼ਸੀਲ ਰਹਿਣਗੇ। ਦੋਵਾਂ ਆਗੂਆਂ ਨੇ ਕਿਹਾ ਕਿ ਬੀਜ ਨਿਗਮ ਨੂੰ ਸ੍ਰੀ ਸ਼ਰਮਾ ਦੀ ਅਗਵਾਈ ਅਤੇ ਦੂਰਅੰਦੇਸ਼ ਸੋਚ ਤੋਂ ਭਾਰੀ ਲਾਭ ਮਿਲੇਗਾ।
2002 ਤੋਂ 2007 ਤੱਕ ਪੰਜਾਬ ਵਿਧਾਨ ਸਭਾ ਵਿੱਚ ਅੰਮਿ੍ਰਤਸਰ (ਉੱਤਰੀ) ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਸ੍ਰੀ ਸ਼ਰਮਾ ਨੇ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨਾਂ ਭਰੋਸਾ ਦਿਵਾਇਆ ਕਿ ਉਹ ਚੇਅਰਮੈਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਅਤੇ ਫ਼ਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸ੍ਰੀ ਸ਼ਰਮਾ 2003 ਅਤੇ 2004 ਵਿੱਚ ਕ੍ਰਮਵਾਰ ਖਾਦੀ ਬੋਰਡ ਅਤੇ ਇੰਪਰੂਵਮੈਂਟ ਟਰੱਸਟ ਅੰਮਿ੍ਰਤਸਰ ਦੇ ਚੇਅਰਮੈਨ ਦੇ ਅਹੁਦਿਆਂ ’ਤੇ ਵੀ ਰਹਿ ਚੁੱਕੇ ਹਨ।
ਇਸ ਮੌਕੇ ਮਾਰਕਫ਼ੈੱਡ ਦੇ ਚੇਅਰਮੈਨ ਅਤੇ ਸਾਬਕਾ ਮਾਲ ਮੰਤਰੀ ਸ੍ਰੀ ਅਮਰਜੀਤ ਸਿੰਘ ਸਮਰਾ, ਚੇਅਰਮੈਨ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਸ੍ਰੀ ਮਹਿੰਦਰ ਸਿੰਘ ਕੇ.ਪੀ., ਚੇਅਰਮੈਨ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਅੰਮਿ੍ਰਤਸਰ (ਉੱਤਰੀ) ਸ੍ਰੀ ਸੁਨੀਲ ਦੱਤੀ, ਵਿਧਾਇਕ ਅੰਮਿ੍ਰਤਸਰ (ਦੱਖਣੀ) ਸ੍ਰੀ ਇੰਦਰਬੀਰ ਸਿੰਘ ਬੁਲਾਰੀਆ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਖਾਦੀ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਮਮਤਾ ਦੱਤਾ, ਚੇਅਰਮੈਨ ਬੈਕਫ਼ਿੰਕੋ ਸ੍ਰੀ ਹਰਜਿੰਦਰ ਸਿੰਘ ਠੇਕੇਦਾਰ, ਚੇਅਰਮੈਨ ਇੰਪਰੂਵਮੈਂਟ ਟਰੱਸਟ ਅੰਮਿ੍ਰਤਸਰ ਸ੍ਰੀ ਦਿਨੇਸ਼ ਬਸੀ, ਸਾਬਕਾ ਵਿਧਾਇਕ ਗੜਸ਼ੰਕਰ ਸ੍ਰੀ ਲਵ ਕੁਮਾਰ ਗੋਲਡੀ, ਸੀਨੀਅਰ ਵਾਈਸ ਚੇਅਰਮੈਨ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਸ੍ਰੀ ਰਾਜ ਕੰਵਲ ਪ੍ਰੀਤ ਪਾਲ ਸਿੰਘ, ਸੀਨੀਅਰ ਵਾਈਸ ਚੇਅਰਮੈਨ ਪੰਜਾਬ ਲਘੂ ਉਦਯੋਗ ਸ੍ਰੀ ਪਰਮਜੀਤ ਬੱਤਰਾ, ਪਨਸੀਡ ਦੇ ਡਾਇਰੈਕਟਰ ਸ੍ਰੀ ਅਮਰਜੀਤ ਸਿੰਘ ਸੰਘਾ ਅਤੇ ਸ੍ਰੀ ਜਗਦੀਸ਼ ਰਾਮ ਸਮਰਾਏ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਐਮ.ਡੀ. ਪਨਸੀਡ ਸ੍ਰੀ ਸੁਤੰਤਰ ਕੁਮਾਰ ਐਰੀ ਵੀ ਮੌਜੂਦ ਸਨ।