ਜੀ.ਐਨ.ਏ.ਯੂਨੀਵਰਸਿਟੀ ਵਲੋਂ ਨਸ਼ਾ ਵਿਰੋਧੀ ਅਤੇ ਤੰਦਰੁਸਤ ਪੰਜਾਬ ਮਿਸ਼ਨ ਸਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

ਜਲੰਧਰ, 8 ਜੁਲਾਈ, 2019 –

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਜੋ ਕਿ ਬਤੌਰ ਡਿਪਟੀ ਕਮਿਸ਼ਨਰ ਜਲੰਧਰ ਕੰਮ-ਕਾਜ ਵੇਖ ਰਹੇ ਹਨ ਵਲੋਂ ਵਿਦਿਅਕ ਸੰਸਥਾਵਾਂ ਵਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਕੀਤੀ ਗਈ।

ਜੀ.ਐਨ.ਏ.ਯੂਨੀਵਰਸਿਟੀ ਵਲੋਂ ਨਸ਼ਿਆਂ ਖਿਲਾਫ਼ ਅਤੇ ਤੰਦਰੁਸਤ ਪੰਜਾਬ ਮਿਸ਼ਨ ਸਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ, ਡੈਪੋ ਅਤੇ ਬੱਡੀ ਪ੍ਰੋਗਰਾਮ ਸ਼ੁਰੂ ਕਰਨ ਦਾ ਮੁੱਖ ਮੰਤਵ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਲਾਹਨਤ ਸਾਡੇ ਸੂਬੇ ਲਈ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ ਇਸ ਲਈ ਸਾਨੂੰ ਸਭ ਨੂੰ ਜਾਗਰੂਕਤਾ ਮੁਹਿੰਮ ਵਿੱਚ ਪੂਰੇ ਜੋਸ਼ ਨਾਲ ਮਿਲ ਕੇ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾਵਾਂ ਅਤੇ ਵਿਦਿਆਰਥੀਆਂ ਵਲੋਂ ਕੀਤੇ ਗਏ ਸਾਂਝੇ ਯਤਨ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਕਾਰਗਰ ਸਾਬਿਤ ਹੋਣਗੇ।

ਜੀ.ਐਨ.ਏ.ਯੂਨੀਵਰਸਿਟੀ ਵਲੋਂ ਸ਼ੁਰੂ ਕੀਤੇ ਗਏ ਇਸ ਪਵਿੱਤਰ ਕਾਜ ਦੀ ਸਲਾਘਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੁਹਿੰਮ ਨਸ਼ਿਆਂ ਦੀ ਲਾਹਨਤ ਖਿਲਾਫ਼ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਵਿੱਚ ਮਦਦਗਾਰ ਸਹਾਈ ਹੋਵੇਗੀ। ਇਸ ਮੌਕੇ ਉਨ੍ਹਾਂ ਜੀ.ਐਨ.ਏ. ਯੂਨੀਵਰਸਿਟੀ ਦੀ ਫਕਿਲਟੀ ਵਲੋਂ ਜਾਗਰੂਕਤਾ ਅਭਿਆਨ ਲਈ ਆਕਰਸ਼ਕ ਪੋਸਟਰ ਅਤੇ ਬੈਨਰ ਤਿਆਰ ਕਰਨ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਨੇਕ ਕਾਰਜ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸਨਰ ਸ੍ਰੀ ਜਸਬੀਰ ਸਿੰਘ, ਉਪ ਮੰਡਲ ਮੈਜਿਸਟਰੇਟ ਸ਼ਾਇਰੀ ਮਲਹੋਤਰਾ, ਸਿਖਲਾਈ ਅਧੀਨ ਆਈ.ਏ.ਐਸ. ਸ੍ਰੀ ਵਰਜੀਤ ਵਾਲੀਆ, ਸਹਾਇਕ ਨੋਡਲ ਅਫ਼ਸਰ ਡੈਪੋ ਸੁਰਜੀਤ ਲਾਲ, ਵਾਈਸ ਚਾਂਸਲਰ ਜੀ.ਐਨ.ਏ. ਡਾ.ਵੀ.ਕੇ.ਰਤਨ, ਪ੍ਰੋ-ਚਾਂਸਲਰ ਸ੍ਰੀ ਗੁਰਦੀਪ ਸਿੰਘ , ਡੀਨ ਵਿਕਰਾਂਤ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ।

Share News / Article

Yes Punjab - TOP STORIES