35.1 C
Delhi
Thursday, March 28, 2024
spot_img
spot_img

ਜਿੰਨੀ ਦੇਰ 1984 ਸਿੱਖ ਕਤਲੇਆਮ ਦੇ ਸਾਰੇ ਦੋਸ਼ੀ ਸਲਾਖ਼ਾਂ ਪਿੱਛੇ ਨਹੀਂ ਜਾਂਦੇ, ਸੰਘਰਸ਼ ਜਾਰੀ ਰੱਖਾਂਗੇ: ਸੁਖ਼ਬੀਰ ਬਾਦਲ

ਨਵੀਂ ਦਿੱਲੀ, 1 ਨਵੰਬਰ, 2019 –

1984 ਦੇ ਸਿੱਖ ਕਤਲੇਆਮ ਦੀ 35ਵੀਂ ਵਰੇਗੰਢ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਕਨਾਟ ਪਲੇਸ ਵਿਖੇ ਇਸ ਕਤਲੇਆਮ ਨਾਲ ਸਬੰਧਤ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ।

ਇਸ ਪ੍ਰਦਰਸ਼ਨੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਉਚੇਚੇ ਤੌਰ ‘ਤੇ ਪਹੁੰਚੇ।

ਇਸ ਮੌਕੇ ਹਾਜਰ ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਭਾਵੇਂ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਂਦਾ ਹੈ ਪਰ ਇਥੇ ਇਨਸਾਫ ਲੈਣ ਵਾਸਤੇ ਸਿੱਖ ਕੌਮ ਪਿਛਲੇ 35 ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸਦਾ ਕਾਰਨ ਹੈ ਕਿ ਇਥੇ ਅਜਿਹੀਆਂ ਤਾਕਤਾਂ ਦਾ ਰਾਜ ਰਿਹਾ ਜਿਹਨਾਂ ਨੇ ਹਰ ਹੀਲਾ ਵਰਤਿਅ ਕਿ ਸਿੱਖ ਕੌਮ ਨੂੰ ਇਨਸਾਫ ਨਾ ਮਿਲੇ।

ਉਨਾਂ ਕਿਹਾ ਕਿ ਇਸ ਦੇਸ਼ ਦੀ ਖਾਤਰ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਅਤੇ ਜਦੋਂ ਵੀ ਬਾਹਰੀ ਤਾਕਤਾਂ ਦਾ ਹਮਲਾ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਸੰਤਾਪ ਪੰਜਾਬ ਨੂੰ ਹੰਢਾਉਣਾ ਪੈਂਦਾ ਹੈ। ਉਹਨਾਂ ਹਿਕਾ ਕਿ ਜਿੰਨੀਆਂ ਕੁਰਬਾਨੀਆਂ ਸਿੱਖ ਕੌਮ ਨੇ ਦੇਸ਼ ਵਾਸਤੇ ਦਿੱਤੀਆਂ ਕਿਸੇ ਹੋਰ ਨੇ ਨਹੀਂ ਦਿੱਤੀਆਂ।

ਸ੍ਰੀ ਬਾਦਲ ਨੇ ਕਿਹਾ ਕਿ ਅੱਜ ਦੀ ਇਹ ਚਿੱਤਰਾਂ ਦੀ ਪ੍ਰਦਰਸ਼ਨੀ ਸਾਨੂੰ ਯਾਦ ਦੁਆਉਂਦੀ ਰਹੇਗੀ ਕਿ ਜਦੋਂ ਤੱਕ ਸਾਨੂੰ ਪੂਰਨ ਇਨਸਾਫ ਨਹੀਂ ਮਿਲ ਜਾਂਦਾ ਅਤੇ ਇਕ ਇਕ ਦੋਸ਼ੀ ਸਲਾਖਾਂ ਪਿੱਛੇ ਨਹੀਂ ਹੁੰਦਾ, ਅਸੀਂ ਟਿਕ ਕੇ ਨਹੀਂ ਬੈਠਾਂਗੇ। ਉਹਨਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਹੜੇ ਵੀ ਸਿੱਖ ਕਤਲੇਆਮ ਵਿਚ ਸ਼ਾਮਲ ਸਨ ਗਾਂਧੀ ਪਰਿਵਾਰ ਨੇ ਉਹਨਾਂ ਨੂੰ ਗਵਰਨਰ ਤੇ ਹੋਰ ਅਹਿਮ ਅਹੁਦੇ ਕੇ ਦੇ ਨਿਵਾਜਿਆ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਦਰਾ ਗਾਂਧੀ ਦੀ ਮੌਤ ਦੇ ਇਸ਼ਤਿਹਾਰ ਅਖਬਾਰਾਂ ਵਿਚ ਦੇਣ ‘ਤੇ ਹਰ ਸਿੰਖ ਨੂੰ ਦੁੱਖ ਲੱਗਾ ਹੈ ਕਿਉਂਕਿ ਸਿੱਖ ਕੋਈ ਵੀ ਹੋਵੇ ਜੋ ਆਪਣੇ ਲੋਕਾਂ ਨਾਲ ਜ਼ੁਲਮ ਹੋਏ ਹਨ, ਉਹ ਕਿਵੇਂ ਭੁੱਲ ਸਕਦਾ ਹੈ?

ਉਹਨਾਂ ਕਿਹਾ ਕਿ ਭਾਵੇਂ ਹਰ ਸਿਆਸੀ ਪਾਰਟੀ ਦੇ ਆਪਣੇ ਵਿਚਾਰ ਹੈ ਪਰ ਸਾਡੀ ਕੌਮ ਨੂੰ ਇਕ ਫੈਸਲਾ ਲੈ ਲੈਣਾ ਚਾਹੀਦਾ ਹੈ ਕਿ ਕਾਂਗਰਸ ਦੇ ਝੰਡੇ ਥੱਲੇ ਨਹੀਂ ਆਉਣਾ ਭਾਵੇਂ ਹੋਰ ਜਿਹੜੀ ਮਰਜ਼ੀ ਪਾਰਟੀ ਥੱਲੇ ਆ ਜਾਈਏ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਆਪਣੀ ਨੁਮਾਇੰਦਾ ਜਮਾਤ ਹੈ ਜੋ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ ਤੇ 13 ਦਸੰਬਰ ਤੋਂ ਆਪਣੀ ਸਥਾਪਨਾ ਦੇ 100ਵੇਂ ਵਰੇ ਦੀ ਸ਼ੁਰੂਆਤ ਕਰੇਗੀ। ਉਹਨਾਂ ਕਿਹਾ ਕਿ ਜੋ ਕਾਂਗਰਸ ਦੇ ਝੰਡੇ ਥੱਲੇ ਆਵੇਗਾ, ਉਹ ਕੌਮ ਦਾ ਗੱਦਾਰ ਸਮਝਿਆ ਜਾਵੇਗਾ।

ਇਸ ਮੌਕੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਇਸ ਪ੍ਰਦਰਸ਼ਨੀ ਦੀਆਂ ਤਸਵੀਰਾਂ ਵੇਖਣ ‘ਤੇ ਉਹਨਾਂ ਨੂੰ ਚੇਤੇ ਆ ਗਿਆ ਕਿ ਕਿਵੇਂ 1984 ਵੇਲੇ ਉਹਨਾਂ ਦੇ ਪਰਿਵਾਰ ‘ਤੇ ਹਮਲਾ ਹੋਇਆ ਤੇ ਕਿਵੇਂ ਉਹਨਾਂ ਦੇ ਪਰਿਵਾਰ ਨੇ ਆਪਣੀਆਂ ਜਾਨਾਂ ਬਚਾਈਆਂ। ਉਹਨਾਂ ਕਿਹਾ ਕਿ ਤਸਵੀਰਾਂ ਨੇ ਉਸ ਕਤਲੇਆਮ ਵੇਲੇ ਦੇ ਜਲਦੇ ਘਰ, ਸਕੂਟਰ ਤੇ ਟੈਕਸੀ ਸਟੈਂਡ ਅੱਗ ਦੀਆਂ ਲਪਟਾਂ ਵਿਚ ਹੋਣ ਦੀ ਗੱਲ ਚੇਤੇ ਕਰਵਾ ਦਿੱਤੀ ਹੈ। ਉਹਨਾਂ ਕਿਹਾ ਕਿ ਕਤਲੇਆਮ ਤੋਂ ਬਾਅਦ ਸਾਨੂੰ ਕੈਂਪਾਂ ਵਿਚ ਜਾ ਕੇ ਕੰਮ ਕਰਨਾ ਪਿਆ ।

ਉਹਨਾਂ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਅੱਜ ਉਸ ਸਰਕਾਰ ਦਾ ਹਿੱਸਾ ਹਨ ਜਿਸਨੇ ਸੱਜਣ ਕੁਮਾਰ ਨੂੰ ਜੇਲ ਭੇਜਿਆ ਗਿਆ ਹੈ ਤੇ ਜਲਦ ਹੀ ਟਾਈਟਲਰ, ਕਮਲਨਾਥ ਤੇ ਹੋਰ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਉਹਨਾਂ ਕਿਹਾ ਕਿ ਸਿੱਖ ਕਿਸੇ ਤੋਂ ਡਰਦੇ ਨਹੀਂ ਤਾਂ ਦੱਬਦੇ ਹਨ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਕਿ ਜ਼ੁਲਮ ਕਰਨਾ ਨਹੀਂ ਤੇ ਸਹਿਣਾ ਵੀ ਨਹੀਂ ਹੈ। ਉਹਨਾਂ ਨੇ ਸਿੱਖ ਕੌਮ ਦੀ ਇਸ ਲੜਾਈ ਵਿਚ ਹਿੰਦੂ ਭਾਈਚਾਰੇ ਦਾ ਵੀ ਸਾਥ ਮੰਗਿਆ ਤੇਆਖਿਆ ਕਿ ਇਸ ਸਾਥ ਦੀ ਬਦੌਲਤ ਧਰਮ ਦੇ ਨਾਮ ‘ਤੇ ਕੋਈ ਕਿਸੇ ਨੂੰ ਲੜਵਾ ਨਹੀਂ ਸਕੇਗਾ। ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਲੰਬਾ ਸਮਾਂ ਲੜਾਈ ਲੜੀ।

ਇਸ ਮੌਕੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਇਸ ਕਤਲੇਆਮ ਦੌਰਾਨ ਦਸਤਾਰਾਂ ਸਜਾਉਣ ਵਾਲੇ ਚੁਣ ਚੁਣ ਕੇ ਮਾਰੇ ਗਏ ਤੇ ਇਹ ਭੁਗਤਦਿਆਂ ਸਾਨੂੰ 35 ਸਾਲ ਤਾਂ ਹੋ ਪਰ ਕੌਮ ਨੇ ਕਦੇ ਹਾਰ ਨਹੀਂ ਮੰਨੀ ਤੇ ਅੱਜ 35 ਸਾਲਾਂ ਮਗਰੋਂ ਸੱਜਣ ਕੁਮਾਰ ਵਰਗੇ ਦੋਸ਼ੀ ਸਲਾਖਾਂ ਪਿੱਛੇ ਹਨ। ਉਹਨਾਂ ਕਿਹਾ ਕਿ ਦੁਨੀਆਂ ਵਿਚ ਇਸਦੀ ਮਿਸਾਲ ਕਿਤੇ ਨਹੀਂ ਮਿਲਦੀ ਕਿ ਇਕ ਦੇਸ਼ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਆਪਣੀ ਪਾਰਟੀ ਦੇ ਆਗੂਆਂ ਵੱਲੋਂ 8000 ਸਿੱਖਾਂ ਨੂੰ ਮਾਰਨਾ ਵਾਜਬ ਠਹਿਰਾਉਂਦਾ ਹੈ ਤੇ ਕਹਿੰਦਾ ਹੈ ਕਿ ਜਦੋਂ ਇਕ ਵੱਡ ਰੁੱਖ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ।

ਸ੍ਰੀ ਸਿਰਸਾ ਨੇ ਕੁੱਲ ਹਿੰਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਤੇ ਹਮਲਾ ਕਰਦਿਆਂ ਆਖਿਆ ਕਿ ਅੱਜ ਉਹ ਕਹਿ ਰਹੇ ਹਨ ਕਿ ਦੇਸ਼ ਵਿਚ ਅਸਹਿਣਸ਼ੀਲਤਾ ਹੈ ਤੇ ਜਦੋਂ 8000 ਲੋਕ ਮਾਰੇ ਗਏ ਸਨ ਤਾਂ ਗਾਂਧੀ ਪਰਿਵਾਰ ਆਖ ਰਿਹਾ ਸੀ ਕਿ ਇਹਨਾਂ ਨੂੰ ਮਾਰਨਾ ਵਾਜਬ ਹੈ। ਉਹਨਾਂ ਕਿਹਾ ਕਿ ਨਾਨਾਵਤੀ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਮੰਨਿਆ ਹੈ ਕਿ ਕਾਂਗਰਸ ਦੇ ਗੁੰਡਿਆਂ ਨੇ ਸਿੱਖ ਕਤਲੇਆਮ ਕੀਤਾ ਹੈ। ਉਹਨਾਂ ਕਿਹਾ ਕਿ ਇਸ ਕਤਲੇਆਮ ਵਿਚ 50 ਸਿੱਖ ਸੈਨਿਕ ਜਿਉਂਦੇ ਸਾੜ ਦਿੱਤੇ ਗਏ ਤੇ ਅੱਜ ਇਸ ਪ੍ਰਦਰਸ਼ਨੀ ਵੇਲੇ ਉਹਨਾਂ ਦੇ ਨਾਵਾਂ ਦੀ ਵੀ ਇਥੇ ਪ੍ਰਦਰਸ਼ਨੀ ਲਗਾਈ ਗਈ ਹੈ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਸਿੱਖ ਕੌਮ ਨੇ ਇਸ ਕਤਲੇਆਮ ਦੇ ਇਨਸਾਫ ਵਾਸਤੇ ਸੜਕਾਂ ‘ਤੇ ਉਤਰ ਕੇ ਲੜਾਈ ਲੜੀ ਹੈ ਤੇ ਅੱਜ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ ਵਿਚ ਮਾਮਲਾ ਉਠਾਉਣ ਦਾ ਨਤੀਜਾ ਹੈ ਕਿ ਐਸ ਆਈ ਟੀ ਨੇ ਕਮਲਨਾਥ ਦੇ ਖਿਲਾਫ ਮੁੜ ਜਾਂਚ ਖੋਲੀ ਹੈ ਤੇ ਜਲਦ ਹੀ ਉਹ ਪਹਿਲਾ ਮੁੱਖ ਮੰਤਰੀ ਹੋਵੇਗਾ ਜੋ ਕਤਲੇਆਮ ਵਿਚ ਦੋਸ਼ੀ ਠਹਿਰਾਇਆ ਜਾਵੇਗਾ।

ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਹਰਵਿੰਦਰ ਸਿੰਘ ਕੇ.ਪੀ, ਤਖ਼ਤ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਕਮੇਟੀ ਮੈਂਬਰ ਹਰਿੰਦਰ ਪਾਲ ਸਿੰਘ, ਪਰਮਜੀਤ ਸਿੰਘ ਰਾਣਾ, ਹਰਜੀਤ ਸਿੰਘ ਪੱਪਾ, ਸਰਵਜੀਤ ਸਿੰਘ ਵਿਰਕ, ਅਮਰਜੀਤ ਸਿੰਘ ਪਿੰਕੀ, ਜਸਪ੍ਰੀਤ ਸਿੰਘ ਵਿੱਕੀ ਮਾਨ ਸਹਿਤ ਵੱਡੀ ਗਿਣਤੀ ਵਿਚ ਸਿੱਖ ਸੰਗਤ ਮੌਜੁਦ ਰਹੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION