ਜਾਖ਼ੜ ਨੇ ਕੈਪਟਨ ਨੂੰ ਮਿਲ ਕੇ ਕਿਹਾ: ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸਰਕਾਰ ਹੋਰ ਤੇਜ਼ੀ ਨਾਲ ਕੰਮ ਕਰੇ

ਚੰਡੀਗੜ, 17 ਮਾਰਚ, 2020 –

ਵਿਸ਼ਵ ਪੱਧਰ ਤੇ ਪ੍ਰਭਾਵੀ ਤੌਰ ਤੇ ਫੈਲੇ ਕਰੋਨਾ ਵਾਇਰਸ ਨੂੰ ਲੈ ਕੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਰੋਨਾ ਵਾਇਰਸ ਨੂੰ ਰਾਸ਼ਟਰੀ ਮਹਾਂਮਾਰੀ ਐਲਾਨਿਆ ਗਿਆ ਹੈ ਤੇ ਇਸ ਸਬੰਧੀ ਨਿਰਦੇਸ਼ ਵੀ ਦਿੱਤੇ ਹਨ ਕਿ ਵਾਇਰਸ ਦੇ ਬਚਾਅ ਲਈ ਰਾਸ਼ਟਰੀ ਕੁਦਰਤੀ ਆਫ਼ਤ ਕੋਟੇ ਦੇ ਫ਼ੰਡ ਦੀ ਸਹੀ ਵਰਤੋਂ ਕਰਕੇ ਲੋਕਾਂ ਨੂੰ ਬਚਾਇਆ ਜਾਵੇ।

ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਨੇ ਪਾਕਿਸਤਾਨ ਤੋਂ ਰਾਜਸਥਾਨ ਰਾਹੀਂ ਸੂਬੇ ਦੇ ਕਈ ਇਲਾਕਿਆਂ ਵਿਚ ਟਿੱਡੀ ਦਲ ਆਉਣ ਤੋਂ ਬਾਅਦ ਰਾਤੋਂ ਰਾਤ ਟਿੱਡੀ ਦਲ ਨੂੰ ਖ਼ਤਮ ਕੀਤਾ ਗਿਆ ਸੀ ਤੇ ਫ਼ਸਲਾਂ ਨੂੰ ਬਚਾਇਆ ਗਿਆ ਸੀ ਉਸੇ ਤਰ੍ਹਾਂ ਹੀ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ।

ਜਾਖੜ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਮੀਡੀਆ ਰਾਹੀਂ ਇਹ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਬਰਾਂਡਡ ਕੰਪਨੀਆਂ ਦੇ ਮਾਸਕ ਅਤੇ ਸੈਨੀਟਾਈਜ਼ਰ ਹਾਲੇ ਤੱਕ ਵੀ ਸਿਹਤ ਵਿਭਾਗ ਅਤੇ ਫ਼ੀਲਡ ਕਰਮਚਾਰੀਆਂ ਨੂੰ ਉਪਲਬਧ ਨਹੀਂ ਕਰਵਾਏ ਜਾ ਸਕੇ ਹਨ ਅਤੇ ਅਜਿਹੇ ਵਿਚ ਘੱਟ ਮਿਆਰੀ ਦਰਜੇ ਦੇ ਮਾਸਕ ਵੱਧ ਰੇਟਾਂ ਤੇ ਵੇਚੇ ਜਾ ਰਹੇ ਹਨ। ਅਜਿਹੇ ਪ੍ਰਬੰਧਾਂ ਨੂੰ ਸੁਧਾਰੇ ਜਾਣ ਦੀ ਤੁਰੰਤ ਲੋੜ ਹੈ।

ਜਾਖੜ ਨੇ ਇਹ ਵੀ ਕਿਹਾ ਕਿ ਸੂਬੇ ਦੇ ਕਈ ਇਲਾਕਿਆਂ ਵਿਚ ਪਤਾ ਲੱਗਿਆ ਹੈ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਅਤੇ ਹੋਰ ਕਾਰਨਾਂ ਕਰਕੇ ਮੁਹੱਲਿਆਂ ਵਿਚ ਗੰਦਗੀ ਦੇ ਢੇਰ ਲੱਗੇ ਪਏ ਹਨ ਅਤੇ ਸੀਵਰੇਜ ਦਾ ਗੰਦਾ ਪਾਣੀ ਵੀ ਗਲੀਆਂ ਵਿਚ ਫੈਲਿਆ ਹੋਇਆ ਹੈ। ਅਜਿਹੇ ਵਿਚ ਸਵੱਛਤਾ ਹੀ ਅਹਿਮ ਕਦਮ ਹੋਣਾ ਚਾਹੀਦਾ ਹੈ। ਜੇਕਰ ਸਫ਼ਾਈ ਯਕੀਨੀ ਨਹੀਂ ਬਣਾਈ ਜਾਂਦੀ ਤਾਂ ਅਜਿਹੀ ਮਹਾਂਮਾਰੀ ਨਾਲ ਲੱਖਾਂ ਲੋਕਾਂ ਨੂੰ ਬਚਾਉਣਾ ਔਖਾ ਹੋ ਜਾਵੇਗਾ।

ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਤੁਰੰਤ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਬੰਧਕਾਂ ਨੂੰ ਨਿਰਦੇਸ਼ ਜਾਰੀ ਕਰਨ ਕਿ ਉਹ ਤੁਰੰਤ ਸਫ਼ਾਈ ਪ੍ਰਬੰਧਾਂ ਲਈ ਸਵੱਛ ਭਾਰਤ ਮਿਸ਼ਨ ਅਤੇ ਕੁਦਰਤੀ ਆਫ਼ਤ ਫ਼ੰਡ ਵਿਚੋਂ ਰਾਸ਼ੀ ਦੀ ਸਹੀ ਵਰਤੋਂ ਕਰਕੇ ਸਫ਼ਾਈ ਨੂੰ ਯਕੀਨੀ ਕਰਨ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਬੰਧਤ ਇਲਾਕਿਆਂ ਵਿਚ ਜਾ ਕੇ ਮੌਕੇ ਦਾ ਨਿਰੀਖਣ ਕਰਨ ਤੇ ਸਿਰਫ਼ ਦਫ਼ਤਰਾਂ ਵਿਚ ਬੈਠ ਕੇ ਮੀਟਿੰਗਾਂ ਕਰਨ ਤੱਕ ਹੀ ਸੀਮਤ ਨਾ ਰਹਿਣ।

ਮੁੱਖ ਮੰਤਰੀ ਨੇ ਸੁਨੀਲ ਜਾਖੜ ਨੂੰ ਵਿਸ਼ਵਾਸ ਦਿੱਤਾ ਕਿ ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰਦਿਆਂ ਬਿਨਾਂ ਕਿਸੇ ਦੇਰੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ।

Share News / Article

Yes Punjab - TOP STORIES